ਡਾ. ਦੇਵਿੰਦਰ ਸੈਫੀ ਨੂੰ ਗਿਆਨੀ ਦਿੱਤ ਸਿੰਘ ‘ਫਖ਼ਰ-ਏ-ਕੌਮ’ ਐਵਾਰਡ ਮਿਲਣ ਦੀ ਖੁਸ਼ੀ ’ਚ ਸਾਹਿਤਕ ਮਿਲਣੀ
ਕੋਟਕਪੂਰਾ, 25 ਅਪੈ੍ਰਲ :- ਨਾਮਵਰ ਸਾਹਿਤਕਾਰ, ਉੱਘੇ ਸ਼ਾਇਰ ਤੇ ਚਿੰਤਕ ਡਾ. ਦੇਵਿੰਦਰ ਸੈਫੀ ਨੂੰ ਗਿਆਨੀ ਦਿੱਤ ਸਿੰਘ ‘ਫ਼ਖਰ-ਏ-ਕੌਮ’ ਐਵਾਰਡ ਨਾਲ ਸਨਮਾਨਿਤ ਕਰਨ ’ਤੇ ਉੱਘੇ ਸਮਾਜਸੇਵੀ ਸੁਰਜੀਤ ਸਿੰਘ ਘੁਲਿਆਣੀ ਦੇ ਸਥਾਨਕ ਗ੍ਰਹਿ ਵਿਖੇ ਖੁਸ਼ੀ ਸਾਂਝੀ ਕਰਨ ਲਈ ਰੱਖੇ ਸਾਹਿਤਕ ਸਮਾਗਮ ਦੌਰਾਨ ਵੱਖ ਵੱਖ ਬੁਲਾਰਿਆਂ ਨੇ ਆਪਣੇ ਵਿਚਾਰ ਸਾਂਝੇ ਕਰਨ ਉਪਰੰਤ ਡਾ ਸੈਫੀ ਨੂੰ ਐਵਾਰਡ ਮਿਲਣ ’ਤੇ ਮੁਬਾਰਕਬਾਦ ਦਿੱਤੀ। ਆਪਣੇ ਸੰਬੋਧਨ ਦੌਰਾਨ ਡਾ. ਦੇਵਿੰਦਰ ਸੈਫੀ ਨੇ ਗਿਆਨੀ ਦਿੱਤ ਸਿੰਘ ਜੀ ਦੀ ਸ਼ਖਸ਼ੀਅਤ ਬਾਰੇ ਵਿਚਾਰ ਸਾਂਝੇ ਕਰਦਿਆਂ ਦੱਸਿਆ ਕਿ ਗਿਆਨੀ ਦਿੱਤ ਸਿੰਘ ਪੰਜਾਬੀ ਦੇ ਪਹਿਲੇ ਪ੍ਰੋਫੈਸਰ, ਉੱਚ ਕੋਟੀ ਦੇ ਕਵੀ, ਪ੍ਰਸਿੱਧ ਲੇਖਕ, ਸਿੱਖ ਧਰਮ/ਇਤਿਹਾਸ ਦੇ ਮਹਾਨ ਵਿਦਵਾਨ, ਉੱਤਕ ਵਿਆਖਿਆਕਾਰ, ਸ਼ੇ੍ਰਸ਼ਟ ਟੀਕਾਕਾਰ, ਪੰਜਾਬੀ ਪੱਤਰਕਾਰੀ ਦੇ ਪਿਤਾਮਾ, ਸਰਬੋਤਮ ਉਪਦੇਸ਼ਕ, ਖਾਲਸਾ ਅਖਬਾਰ ਦੇ ਬਾਨੀ ਸੰਪਾਦਕ, ਸ਼੍ਰੀ ਗੁਰੂ ਸਿੰਘ ਸਭਾ ਅੰਮਿ੍ਰਤਸਰ ਅਤੇ ਲਾਹੌਰ ਦੇ ਬਾਨੀ, ਖਾਲਸਾ ਦੀਵਾਨ ਲਾਹੌਰ ਅਤੇ ਖਾਲਸਾ ਕਾਲਜ ਅੰਮਿ੍ਰਤਸਰ ਦੇ ਮੋਢੀ ਸਨ। ਡਾ. ਸੈਫੀ ਨੇ ਗਿਆਨੀ ਦਿੱਤ ਸਿੰਘ ਜੀ ਦੇ ਜਨਮ ਤੋਂ ਲੈ ਕੇ ਸਦੀਵੀ ਵਿਛੋੜੇ ਦੇਣ ਤੱਕ ਦੀ ਜੀਵਨੀ ਬਾਰੇ ਸੰਖੇਪ ਵਿੱਚ ਚਾਨਣਾ ਪਾਉਂਦਿਆਂ ਦੱਸਿਆ ਕਿ ਉਹਨਾ ਨਾਲ ਪੈਰ ਪੈਰ ’ਤੇ ਵਿਤਕਰਾ ਹੋਇਆ ਪਰ ਨਾ ਤਾਂ ਉਹਨਾਂ ਸੰਘਰਸ਼ ਛੱਡਿਆ ਤੇ ਨਾ ਹੀ ਉਹਨਾਂ ਕਿਸੇ ਨਾਲ ਵਿਤਕਰਾ ਕਰਨ ਦੀ ਸੋਚ ਰੱਖੀ। ਡਾ ਸੈਫੀ ਮੁਤਾਬਿਕ ਗਿਆਨੀ ਜੀ ਦਾ ਵਿਚਾਰ ਸੀ ਕਿ ਜਿਸ ਸਮਾਜ ’ਚ ਰੰਗ, ਨਸਲ, ਜਾਤ-ਪਾਤ, ਪਖੰਡਵਾਦ, ਵਹਿਮ-ਭਰਮ ਅਤੇ ਅੰਧ-ਵਿਸ਼ਵਾਸ਼ ਹੋਣ, ਉਹ ਕਦੇ ਤਰੱਕੀ ਨਹੀਂ ਕਰ ਸਕਦਾ। ਗਿਆਨੀ ਦਿੱਤ ਸਿੰਘ ਜੀ ਨੇ ਸਮਾਜ ’ਚ ਫੈਲੇ ਅਜਿਹੇ ਅਡੰਬਰਾਂ ਨੂੰ ਬੜੀ ਗੰਭੀਰਤਾ ਨਾਲ ਲੈਂਦਿਆਂ ਕਈ ਸਮਕਾਲੀ ਜਥੇਬੰਦੀਆਂ ਨਾਲ ਟੱਕਰ ਵੀ ਲਈ। ਉਹਨਾਂ ਗਿਆਨੀ ਦਿੱਤ ਸਿੰਘ ਅਤੇ ਪ੍ਰੋਫੈਸਰ ਗੁਰਮੁੱਖ ਸਿੰਘ ਜੀ ਦੀ ਪਹਿਲਕਦਮੀ ਨਾਲ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਦਰਸ਼ਨੀ ਡਿਊਡੀ ਵਿੱਚ ਸਥਾਪਿਤ ਮੂਰਤੀਆਂ ਹਟਾਉਣ ਵਾਲੀ ਘਟਨਾ ਦਾ ਵੀ ਸੰਖੇਪ ਵਿੱਚ ਜਿਕਰ ਕੀਤਾ। ਡਾ. ਸੈਫੀ ਨੇ ਦੱਸਿਆ ਕਿ ਪੋ੍ਰਫੈਸਰ ਗੁਰਮੁੱਖ ਸਿੰਘ ਦੀ ਪੇ੍ਰਰਨਾ ਨਾਲ ਅੰਮਿ੍ਰਤ ਛਕ ਕੇ ਸਿੰਘ ਸਜੇ ਤੇ ਇਕ ਸਾਲ ਵਿੱਚ ਪੰਜਾਬ ਯੂਨੀਵਰਸਿਟੀ ਲਾਹੌਰ ਤੋਂ ਗਿਆਨੀ ਜੀ ਦਾ ਇਮਤਿਹਾਨ ਪਾਸ ਕੀਤਾ, ਭਾਵੇਂ ਗਿਆਨੀ ਦਿੱਤ ਸਿੰਘ ਜੀ ਇਕ ਦਿਨ ਵੀ ਸਕੂਲ ਨਹੀਂ ਗਏ ਸਨ ਪਰ ਉਹ ਦੁਨੀਆਂ ਦੇ ਪੰਜਾਬੀ ਦੇ ਪਹਿਲੇ ਪ੍ਰੋਫੈਸਰ ਬਣੇ, ਸ਼ੁਰੂਆਤੀ ਦੌਰ ਵਿੱਚ ਉਹਨਾਂ ਆਰੀਆ ਸਮਾਜ ਲਹਿਰ ਨਾਲ ਕੰਮ ਕੀਤਾ, 25 ਨਵੰਬਰ 1888 ਦੇ ਲਾਹੌਰ ਆਰੀਆ ਸਮਾਜ ਦੇ 11ਵੇਂ ਇਜਲਾਸ ਦੌਰਾਨ ਹੋਏ ਸਿੱਖਾਂ ਦੇ ਗੁਰੂਆਂ ਦੇ ਨਿਰਾਦਰ ਕਾਰਨ ਵਖਰੇਵਾਂ ਸ਼ੁਰੂ ਹੋਇਆ, ਸਿੰਘ ਸਭਾ ਲਾਹੌਰ ਅਤੇ ਖਾਲਸਾ ਕਾਲਜ ਅੰਮਿ੍ਰਤਸਰ ਦਾ ਮੋਢੀ ਬਣਨ ਦੇ ਨਾਲ ਨਾਲ ਉਹਨਾਂ ਆਪਣੀ ਵਿਦਵਧਤਾ ਦੇ ਬਲਬੂਤੇ ਆਰੀਆ ਸਮਾਜ ਦੇ ਮੁਖੀ ਸਵਾਮੀ ਦਿਆਨੰਦ ਨੂੰ ਲਗਾਤਾਰ ਤਿੰਨ ਧਾਰਮਿਕ ਬਹਿਸਾਂ ਵਿੱਚ ਮਾਤ ਦਿੱਤੀ, ਸਿੱਖੀ ਦੀ ਡਿੱਗ ਰਹੀ ਸ਼ਾਖ ਨੂੰ ਮੁੜ ਉੱਚਾ ਚੁੱਕਣ ਦਾ ਯਤਨ ਕਰਨ ਦੇ ਨਾਲ ਹੀ ਗਿਆਨੀ ਦਿੱਤ ਸਿੰਘ ਨੇ ਸਮਾਜ ਵਿੱਚ ਫੈਲੀਆਂ ਅਨੇਕਾਂ ਬੁਰਾਈਆਂ ਨੂੰ ਜੜੋਂ ਖਤਮ ਕਰਨ ਲਈ ਸਿਰਤੋੜ ਯਤਨ ਕੀਤੇ। ਉਹਨਾਂ ਦੱਸਿਆ ਕਿ ਗਿਆਨੀ ਦਿੱਤ ਸਿੰਘ ਜੀ ਨੇ ਆਪਣੇ ਹਫਤਾਵਾਰੀ ਖਾਲਸਾ ਅਖਬਾਰ ਲਾਹੌਰ, ਲਿਖਤਾਂ ਅਤੇ ਭਾਸ਼ਣਾਂ ਰਾਹੀਂ ਵਹਿਮਾਂ-ਭਰਮਾਂ, ਫੋਕੇ ਕਰਮਕਾਂਡਾਂ, ਟੂਣੇ-ਟਾਮਣਾਂ, ਮੜੀ-ਮਸਾਣਾਂ, ਨੜੀਮਾਰਾਂ, ਕੁੜੀਮਾਰਾਂ, ਝਾੜ-ਫੂਕ, ਪਖੰਡ ਅਤੇ ਅੰਧ-ਵਿਸ਼ਵਾਸ਼ਾਂ ਦਾ ਜੋਰਦਾਰ ਵਿਰੋਧ ਕਰਦਿਆਂ ਲੋਕਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ’ਤੇ ਪੂਰਨ ਭਰੋਸਾ ਰੱਖਣ ਲਈ ਪ੍ਰੇਰਿਤ ਕੀਤਾ। ਗਿਆਨੀ ਦਿੱਤ ਸਿੰਘ ਜੀ ਨੇ ਸਮਾਜ ਸੁਧਾਰ ’ਚ ਬਹੁਤ ਵੱਡੀ ਭੂਮਿਕਾ ਨਿਭਾਈ ਸੀ। ਇਹ ਆਪਣੀ ਗੱਲ ਨੂੰ ਕਹਿਣ ਦੀ ਦਲੇਰੀ ਰੱਖਦੇ ਸਨ, ਤਰਕ ਤੇ ਦਲੀਲਾਂ ਸਹਿਤ ਆਪਣੀ ਹਰ ਗੱਲ ਦੀ ਪੁਸ਼ਟੀ ਕਰਦੇ ਸਨ। ਉਹਨਾਂ ਕਿਹਾ ਕਿ ਗਿਆਨੀ ਦਿੱਤ ਸਿੰਘ ਜੀ ਨੇ ਆਪਣੀ ਕਲਮ ਰਾਹੀਂ ਸਮਾਜਿਕ ਕੁਰੀਤੀਆਂ ਦਾ ਡੱਟ ਕੇ ਵਿਰੋਧ ਕੀਤਾ ਅਤੇ ਸਮਾਜ ਨੂੰ ਇਨਾਂ ਤੋਂ ਮੁਕਤੀ ਪ੍ਰਾਪਤ ਕਰਨ ਲਈ ਜੋਰਦਾਰ ਪ੍ਰਚਾਰ ਕੀਤਾ ਪਰ ਅਫਸੋਸ ਕਿ 6 ਸਤੰਬਰ 1901 ਨੂੰ ਉਹਨਾਂ ਦੀ ਮੌਤ ਤੋਂ ਬਾਅਦ ਕਿਸੇ ਨੇ ਉਹਨਾਂ ਦੇ ਮਿੱਥੇ ਟੀਚੇ ਨੂੰ ਅੱਗੇ ਨਹੀਂ ਤੋਰਿਆ। ਇਸ ਮੌਕੇ ਉਪਰੋਕਤ ਤੋਂ ਇਲਾਵਾ ਮਨਿੰਦਰ ਸਿੰਘ ਮਿੰਕੂ ਮੱਕੜ, ਮਾ. ਹਰਨਾਮ ਸਿੰਘ ਹਰਲਾਜ, ਹਰਿੰਦਰ ਸਿੰਘ ਚੋਟਮੁਰਾਦਾ, ਮਹਿੰਦਰ ਸਿੰਘ ਘੁਲਿਆਣੀ, ਨੰਬਰਦਾਰ ਸੁਖਵਿੰਦਰ ਸਿੰਘ ਪੱਪੂ, ਗੁਰਦੀਪ ਸਿੰਘ ਮੈਨੇਜਰ, ਰਜਿੰਦਰ ਸਿੰਘ ਸਰਾਂ, ਕਿਸ਼ਨ ਲਾਲ ਬਿੱਲਾ, ਪ੍ਰੀਤਭਗਵਾਨ ਸਿੰਘ, ਕੁਲਵਿੰਦਰ ਵਿਰਕ, ਮੋਹਨ ਲਾਲ ਗੁਲਾਟੀ, ਗੁਰਿੰਦਰ ਸਿੰਘ ਮਹਿੰਦੀਰੱਤਾ, ਗੁਰਮੀਤ ਸਿੰਘ ਮੀਤਾ, ਰਾਜਾ ਠੇਕੇਦਾਰ, ਸ਼ਸ਼ੀ ਨਰੂਲਾ ਅਤੇ ਇੰਦਰਜੀਤ ਸਿੰਘ ਆਦਿ ਵੀ ਹਾਜਰ ਸਨ।