Thursday, November 12, 2026
Google search engine
Homeਤਾਜ਼ਾ ਖਬਰਨਸ਼ਾ ਰੋਕੂ ਦਵਾਈਆਂ ਦੀ ਵਿਕਰੀ ਬਹਾਲ ਕਰਨ ’ਤੇ ਸਰਕਾਰ-ਕੈਮਿਸਟਾਂ ’ਚ ਟਕਰਾਅ ਬਰਕਰਾਰ

ਨਸ਼ਾ ਰੋਕੂ ਦਵਾਈਆਂ ਦੀ ਵਿਕਰੀ ਬਹਾਲ ਕਰਨ ’ਤੇ ਸਰਕਾਰ-ਕੈਮਿਸਟਾਂ ’ਚ ਟਕਰਾਅ ਬਰਕਰਾਰ

ਨਸ਼ਾ ਰੋਕੂ ਦਵਾਈਆਂ ਦੀ ਵਿਕਰੀ ਬਹਾਲ ਕਰਨ ’ਤੇ ਸਰਕਾਰ-ਕੈਮਿਸਟਾਂ ’ਚ ਟਕਰਾਅ ਬਰਕਰਾਰ

ਚੰਡੀਗੜ੍ਹ ’ਚ ਹੋਈ ਬੈਠਕ ਰਹੀ ਬੇਨਤੀਜਾ, ਮੰਗਾਂ ਪੂਰੀਆਂ ਹੋਣ ਤੱਕ 27 ਹਜ਼ਾਰ ਕੈਮਿਸਟ ਨਹੀਂ ਵੇਚਣਗੇ ਦਵਾਈਆਂ; ਪੁਲਿਸ ਦੀ ਕਾਰਵਾਈ ’ਤੇ ਜਤਾਇਆ ਇਤਰਾਜ਼

ਲੁਧਿਆਣਾ : ਪੰਜਾਬ ਵਿੱਚ ਨਸ਼ੇ ਲਈ ਵਰਤੀਆਂ ਜਾਣ ਵਾਲੀਆਂ ਨਾਰਕੋਟਿਕਸ ਅਤੇ ਸਾਈਕੋਟ੍ਰੋਪਿਕ ਦਵਾਈਆਂ ਦੀ ਵਿਕਰੀ ਮੁੜ ਸ਼ੁਰੂ ਕਰਨ ਨੂੰ ਲੈ ਕੇ ਸਰਕਾਰ ਅਤੇ ਕੈਮਿਸਟ ਐਸੋਸੀਏਸ਼ਨ ਵਿਚਾਲੇ ਸਹਿਮਤੀ ਨਹੀਂ ਬਣ ਸਕੀ। ਚੰਡੀਗੜ੍ਹ ਵਿੱਚ ਹੋਈ ਬੈਠਕ ਦੌਰਾਨ ਸਰਕਾਰ ਵੱਲੋਂ ਵਿਕਰੀ ਬਹਾਲ ਕਰਨ ਦੀ ਅਪੀਲ ਨੂੰ ਕੈਮਿਸਟਾਂ ਨੇ ਸਵੀਕਾਰ ਨਹੀਂ ਕੀਤਾ। ਐਸੋਸੀਏਸ਼ਨ ਨੇ ਸਪੱਸ਼ਟ ਕੀਤਾ ਹੈ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਉਦੋਂ ਤੱਕ ਦਵਾਈਆਂ ਦੀ ਵਿਕਰੀ ਬੰਦ ਰਹੇਗੀ।

ਪੰਜਾਬ ਕੈਮਿਸਟ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਸੁਰਿੰਦਰ ਦੁੱਗਲ ਅਤੇ ਜਨਰਲ ਸਕੱਤਰ ਜੀਐੱਸ ਚਾਵਲਾ ਨੇ ਦੱਸਿਆ ਕਿ 25 ਅਕਤੂਬਰ ਤੋਂ ਸੂਬੇ ਦੇ ਥੋਕ ਅਤੇ ਪਰਚੂਨ ਦਵਾਈ ਵਿਕਰੇਤਾਵਾਂ ਨੇ ਇਨ੍ਹਾਂ ਦਵਾਈਆਂ ਦੀ ਵਿਕਰੀ ਬੰਦ ਕਰਕੇ ਸਟਾਕ ਕੰਪਨੀਆਂ ਨੂੰ ਵਾਪਸ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਨਸ਼ਿਆਂ ਖ਼ਿਲਾਫ਼ ਮੁਹਿੰਮ ਦੀ ਆੜ ਵਿੱਚ ਪੁਲਿਸ ਵੱਲੋਂ ਦਵਾਈਆਂ ਦੀਆਂ ਦੁਕਾਨਾਂ ’ਤੇ ਛਾਪੇਮਾਰੀ ਅਤੇ ਸੀਲ ਕਰਨ ਦੀ ਕਾਰਵਾਈ ਕਾਰਨ ਕੈਮਿਸਟਾਂ ਨੂੰ ਇਹ ਫ਼ੈਸਲਾ ਲੈਣਾ ਪਿਆ।

ਬੈਠਕ ਵਿੱਚ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਐਨਆਰਐਕਸ ਦਵਾਈਆਂ ਦੀ ਵਿਕਰੀ ਮੁੜ ਸ਼ੁਰੂ ਕਰਨ ਦੀ ਅਪੀਲ ਕੀਤੀ, ਪਰ ਐਸੋਸੀਏਸ਼ਨ ਨੇ ਇਸ ’ਤੇ ਸਹਿਮਤੀ ਨਹੀਂ ਦਿੱਤੀ। ਕੈਮਿਸਟ ਆਗੂਆਂ ਦਾ ਕਹਿਣਾ ਸੀ ਕਿ ਪੰਜਾਬ ਦੇ ਗੁਆਂਢੀ ਸੂਬਿਆਂ ਵਿੱਚ ਇਨ੍ਹਾਂ ਦਵਾਈਆਂ ਦੀ ਵਿਕਰੀ ’ਤੇ ਅਜਿਹੀ ਰੋਕ ਨਹੀਂ ਹੈ। ਉਨ੍ਹਾਂ ਮੰਗ ਕੀਤੀ ਕਿ ਹਿਮਾਚਲ ਪ੍ਰਦੇਸ਼, ਹਰਿਆਣਾ, ਦਿੱਲੀ, ਚੰਡੀਗੜ੍ਹ ਅਤੇ ਜੰਮੂ-ਕਸ਼ਮੀਰ ਤੋਂ ਨਸ਼ਾਯੁਕਤ ਦਵਾਈਆਂ ਦੀ ਸਪਲਾਈ ਰੋਕਣ ਲਈ ਸਰਕਾਰ ਜ਼ਰੂਰੀ ਕਦਮ ਚੁੱਕੇ।

ਐਸੋਸੀਏਸ਼ਨ ਨੇ ਇਹ ਵੀ ਸੁਝਾਅ ਦਿੱਤਾ ਕਿ ਸਰਕਾਰ ਇਨ੍ਹਾਂ ਦਵਾਈਆਂ ਦੀ ਵਿਕਰੀ ਆਪਣੇ ਹਸਪਤਾਲਾਂ ਜਾਂ ਗੁਦਾਮਾਂ ਰਾਹੀਂ ਕਰੇ। ਆਗੂਆਂ ਨੇ ਕਿਹਾ ਕਿ ਦਵਾਈਆਂ ਦੀਆਂ ਦੁਕਾਨਾਂ ਦੀ ਜਾਂਚ ਸਿਹਤ ਵਿਭਾਗ ਵੱਲੋਂ ਕੀਤੇ ਜਾਣ ’ਤੇ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ, ਪਰ ਪੁਲਿਸ ਦੀ ਛਾਪੇਮਾਰੀ ਨੂੰ ਉਹ ਗ਼ਲਤ ਅਤੇ ਬੇਇਨਸਾਫ਼ੀ ਵਾਲੀ ਕਾਰਵਾਈ ਮੰਨਦੇ ਹਨ।

ਉਨ੍ਹਾਂ ਮੁਤਾਬਕ ਸੂਬੇ ਦੇ ਕਰੀਬ 27 ਹਜ਼ਾਰ ਥੋਕ ਅਤੇ ਪਰਚੂਨ ਕੈਮਿਸਟਾਂ ਨੂੰ ਇਹ ਦਵਾਈਆਂ ਨਾ ਵੇਚਣ ਦੇ ਨਿਰਦੇਸ਼ ਦਿੱਤੇ ਗਏ ਹਨ। ਐਸੋਸੀਏਸ਼ਨ ਨੇ ਗੈਰ-ਕਾਨੂੰਨੀ ਤਰੀਕੇ ਨਾਲ ਨਸ਼ਾਯੁਕਤ ਦਵਾਈਆਂ ਵੇਚਣ ਵਾਲਿਆਂ ਦਾ ਸਾਥ ਨਾ ਦੇਣ ਦੀ ਗੱਲ ਵੀ ਦੁਹਰਾਈ।

ਬੈਠਕ ਵਿੱਚ ਸਿਹਤ ਵਿਭਾਗ ਦੇ ਪ੍ਰਮੁੱਖ ਸਕੱਤਰ ਕੁਮਾਰ ਰਾਹੁਲ, ਸੰਯੁਕਤ ਕਮਿਸ਼ਨਰ ਡਰੱਗ ਸੰਜੀਵ ਗਰਗ, ਸਹਾਇਕ ਕਮਿਸ਼ਨਰ ਗੁਰਵਿੰਦਰ ਸਿੰਘ ਅਤੇ ਅਮਿਤ ਦੁੱਗਲ ਤੋਂ ਇਲਾਵਾ ਐਸੋਸੀਏਸ਼ਨ ਦੇ ਵਿੱਤ ਸਕੱਤਰ ਅਮਰਦੀਪ ਸਿੰਘ ਅਤੇ ਪ੍ਰਬੰਧ ਸਕੱਤਰ ਰਾਜੀਵ ਜੈਨ ਵੀ ਮੌਜੂਦ ਸਨ।

-(ਪੰਜਾਬੀ ਜਾਗਰਣ)

ਨੋਟ– ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments