Saturday, November 14, 2026
Google search engine
Homeਅਪਰਾਧਗਾਂਧੀ ਪਰਿਵਾਰ ਬਾਰੇ ਸੋਸ਼ਲ ਮੀਡੀਆ ’ਤੇ ਲਿਖਣਾ ਕੰਗਨਾ ਨੂੰ ਪਿਆ ਭਾਰੀ? DGP...

ਗਾਂਧੀ ਪਰਿਵਾਰ ਬਾਰੇ ਸੋਸ਼ਲ ਮੀਡੀਆ ’ਤੇ ਲਿਖਣਾ ਕੰਗਨਾ ਨੂੰ ਪਿਆ ਭਾਰੀ? DGP ਕੋਲ ਪਹੁੰਚੀ ਸ਼ਿਕਾਇਤ

ਗਾਂਧੀ ਪਰਿਵਾਰ ਬਾਰੇ ਸੋਸ਼ਲ ਮੀਡੀਆ ’ਤੇ ਲਿਖਣਾ ਕੰਗਨਾ ਨੂੰ ਪਿਆ ਭਾਰੀ? DGP ਕੋਲ ਪਹੁੰਚੀ ਸ਼ਿਕਾਇਤ

ਇੰਦਰਾ, ਰਾਜੀਵ ਅਤੇ ਸੰਜੇ ਗਾਂਧੀ ਦੀਆਂ ਮੌਤਾਂ ਬਾਰੇ ਕੀਤੇ ਦਾਅਵਿਆਂ ’ਤੇ ਇਤਰਾਜ਼, ਸੰਸਦ ਮੈਂਬਰ ਖ਼ਿਲਾਫ਼ ਕੇਸ ਦਰਜ ਕਰਨ ਅਤੇ ਡਿਜੀਟਲ ਸਬੂਤਾਂ ਦੀ ਜਾਂਚ ਦੀ ਮੰਗ

ਸ਼ਿਮਲਾ: ਭਾਜਪਾ ਦੀ ਸੰਸਦ ਮੈਂਬਰ ਅਤੇ ਅਦਾਕਾਰਾ ਕੰਗਨਾ ਰਣੌਤ ਦੀ ਇੱਕ ਸੋਸ਼ਲ ਮੀਡੀਆ ਪੋਸਟ ਨੂੰ ਲੈ ਕੇ ਨਵਾਂ ਵਿਵਾਦ ਖੜ੍ਹਾ ਹੋ ਗਿਆ ਹੈ। ਗਾਂਧੀ ਪਰਿਵਾਰ ਬਾਰੇ ਕਥਿਤ ਤੌਰ ’ਤੇ ਇਤਰਾਜ਼ਯੋਗ ਅਤੇ ਗੁੰਮਰਾਹਕੁੰਨ ਟਿੱਪਣੀਆਂ ਕਰਨ ਦੇ ਦੋਸ਼ ਲਾਉਂਦਿਆਂ ਕੈਪਟਨ ਅਤੁਲ ਸ਼ਰਮਾ ਨੇ ਹਿਮਾਚਲ ਪ੍ਰਦੇਸ਼ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਉਨ੍ਹਾਂ ਨੇ ਕੰਗਨਾ ਖ਼ਿਲਾਫ਼ ਐਫਆਈਆਰ ਦਰਜ ਕਰਨ ਅਤੇ ਪੂਰੇ ਮਾਮਲੇ ਦੀ ਸਾਈਬਰ ਫੋਰੈਂਸਿਕ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ।

ਸ਼ਿਕਾਇਤ ਵਿੱਚ ਦੱਸਿਆ ਗਿਆ ਹੈ ਕਿ 10 ਨਵੰਬਰ 2026 ਨੂੰ ਕੰਗਨਾ ਰਣੌਤ ਦੇ ਪ੍ਰਮਾਣਿਤ ਸੋਸ਼ਲ ਮੀਡੀਆ ਅਕਾਊਂਟ @KanganaTeam ਤੋਂ ਇੱਕ ਪੋਸਟ ਸਾਂਝੀ ਕੀਤੀ ਗਈ ਸੀ। ਇਸ ਵਿੱਚ ਸਾਬਕਾ ਪ੍ਰਧਾਨ ਮੰਤਰੀਆਂ ਇੰਦਰਾ ਗਾਂਧੀ, ਰਾਜੀਵ ਗਾਂਧੀ ਅਤੇ ਸੰਜੇ ਗਾਂਧੀ ਦੀਆਂ ਮੌਤਾਂ ਨਾਲ ਜੁੜੀਆਂ ਘਟਨਾਵਾਂ ਬਾਰੇ ਕਈ ਦਾਅਵੇ ਕੀਤੇ ਗਏ ਸਨ। ਸ਼ਿਕਾਇਤਕਰਤਾ ਨੇ ਇਨ੍ਹਾਂ ਦਾਅਵਿਆਂ ਦੀ ਸੱਚਾਈ ਅਤੇ ਪੋਸਟ ਵਿੱਚ ਵਰਤੀ ਗਈ ਭਾਸ਼ਾ ’ਤੇ ਇਤਰਾਜ਼ ਪ੍ਰਗਟਾਇਆ ਹੈ।

ਸੋਨੀਆ ਗਾਂਧੀ ਨੂੰ ਲੈ ਕੇ ਕੀਤੀ ਬਿਆਨਬਾਜ਼ੀ ’ਤੇ ਵੀ ਸਵਾਲ

ਸ਼ਿਕਾਇਤਕਰਤਾ ਨੇ ਪੋਸਟ ਵਿੱਚ ਸੋਨੀਆ ਗਾਂਧੀ ਬਾਰੇ ਕੀਤੀਆਂ ਟਿੱਪਣੀਆਂ ਨੂੰ ਵੀ ਗੰਭੀਰ ਇਤਰਾਜ਼ ਦਾ ਵਿਸ਼ਾ ਦੱਸਿਆ ਹੈ। ਦੋਸ਼ ਹੈ ਕਿ ਉਨ੍ਹਾਂ ਨੂੰ ਰਹੱਸਮਈ ਵਿਦੇਸ਼ੀ ਨਾਗਰਿਕ ਵਜੋਂ ਪੇਸ਼ ਕਰਦਿਆਂ ਗਾਂਧੀ ਪਰਿਵਾਰ ਦੇ ਮੈਂਬਰਾਂ ਦੀਆਂ ਮੌਤਾਂ ਅਤੇ ਸੱਤਾ ਵਿੱਚ ਆਉਣ ਦੀਆਂ ਘਟਨਾਵਾਂ ਵਿਚਾਲੇ ਸਬੰਧ ਜੋੜਨ ਦੀ ਕੋਸ਼ਿਸ਼ ਕੀਤੀ ਗਈ। ਪੋਸਟ ਵਿੱਚ ਵਰਤੇ ਗਏ ‘How convenient!’ ਸ਼ਬਦਾਂ ’ਤੇ ਵੀ ਇਤਰਾਜ਼ ਜਤਾਇਆ ਗਿਆ ਹੈ। ਇਸ ਤੋਂ ਇਲਾਵਾ ਸੰਜੇ ਗਾਂਧੀ ਦੇ ਦੇਹਾਂਤ ਤੋਂ ਬਾਅਦ ਮੇਨਕਾ ਗਾਂਧੀ ਨੂੰ ਪਰਿਵਾਰਕ ਰਿਹਾਇਸ਼ ਤੋਂ ਬਾਹਰ ਕੱਢਣ ਸਬੰਧੀ ਦਾਅਵੇ ਨੂੰ ਵੀ ਜਾਂਚ ਦੇ ਘੇਰੇ ਵਿੱਚ ਲਿਆਉਣ ਦੀ ਮੰਗ ਕੀਤੀ ਗਈ ਹੈ।

BNS ਦੀਆਂ ਤਿੰਨ ਧਾਰਾਵਾਂ ਦਾ ਹਵਾਲਾ ਦੇ ਕੇ ਕਾਰਵਾਈ ਮੰਗੀ

ਕੈਪਟਨ ਅਤੁਲ ਸ਼ਰਮਾ ਨੇ ਸ਼ਿਕਾਇਤ ਵਿੱਚ ਭਾਰਤੀ ਨਿਆਂ ਸੰਹਿਤਾ (BNS), 2023 ਦੀਆਂ ਧਾਰਾਵਾਂ 196, 353 ਅਤੇ 197 ਦਾ ਜ਼ਿਕਰ ਕਰਦਿਆਂ ਕੰਗਨਾ ਰਣੌਤ ਖ਼ਿਲਾਫ਼ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ (BNSS) ਦੀ ਧਾਰਾ 173 ਤਹਿਤ ਐਫਆਈਆਰ ਦਰਜ ਕਰਨ ਦੀ ਅਪੀਲ ਕੀਤੀ ਗਈ ਹੈ। ਸ਼ਿਕਾਇਤਕਰਤਾ ਅਨੁਸਾਰ, ਅਜਿਹੀ ਸਮੱਗਰੀ ਸਮਾਜਿਕ ਤਣਾਅ ਪੈਦਾ ਕਰਨ ਅਤੇ ਜਨਤਕ ਸ਼ਾਂਤੀ ਨੂੰ ਪ੍ਰਭਾਵਿਤ ਕਰਨ ਦਾ ਕਾਰਨ ਬਣ ਸਕਦੀ ਹੈ।

ਸ਼ਿਕਾਇਤ ਵਿੱਚ ਪੁਲਿਸ ਨੂੰ ਸਬੰਧਤ ਪੋਸਟ ਦੀ ਅਸਲੀਅਤ ਦੀ ਜਾਂਚ ਕਰਨ, ਉਸ ਦੇ ਡਿਜੀਟਲ ਰਿਕਾਰਡ ਨੂੰ ਸੁਰੱਖਿਅਤ ਰੱਖਣ ਅਤੇ ਇਲੈਕਟ੍ਰਾਨਿਕ ਸਬੂਤਾਂ ਦੀ ਫੋਰੈਂਸਿਕ ਜਾਂਚ ਕਰਵਾਉਣ ਲਈ ਕਿਹਾ ਗਿਆ ਹੈ। ਇਸ ਦੇ ਨਾਲ ਹੀ ਪੋਸਟ ਕਿਸ ਸੰਦਰਭ ਵਿੱਚ ਅਤੇ ਕਿਹੜੇ ਹਾਲਾਤਾਂ ਦੌਰਾਨ ਸਾਂਝੀ ਕੀਤੀ ਗਈ ਸੀ, ਇਸ ਦੀ ਵੀ ਪੂਰੀ ਜਾਂਚ ਕਰਨ ਦੀ ਮੰਗ ਕੀਤੀ ਗਈ ਹੈ।

-(ਪੀਟੀਸੀ ਨਿਊਜ)

ਨੋਟ– ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments