Tuesday, November 17, 2026
Google search engine
Homeਰਾਜਨੀਤੀਕਾਂਗਰਸ ’ਚ ਵਾਪਸੀ ਦੀਆਂ ਕਿਆਸਅਰਾਈਆਂ ’ਤੇ ਕੈਪਟਨ ਨੇ ਲਾਈ ਰੋਕ, ਭਾਜਪਾ ਛੱਡਣ...

ਕਾਂਗਰਸ ’ਚ ਵਾਪਸੀ ਦੀਆਂ ਕਿਆਸਅਰਾਈਆਂ ’ਤੇ ਕੈਪਟਨ ਨੇ ਲਾਈ ਰੋਕ, ਭਾਜਪਾ ਛੱਡਣ ਦੀਆਂ ਖ਼ਬਰਾਂ ਨੂੰ ਕੀਤਾ ਰੱਦ

ਕਾਂਗਰਸ ’ਚ ਵਾਪਸੀ ਦੀਆਂ ਕਿਆਸਅਰਾਈਆਂ ’ਤੇ ਕੈਪਟਨ ਨੇ ਲਾਈ ਰੋਕ, ਭਾਜਪਾ ਛੱਡਣ ਦੀਆਂ ਖ਼ਬਰਾਂ ਨੂੰ ਕੀਤਾ ਰੱਦ

ਸੋਨੀਆ ਗਾਂਧੀ ਦੀ ਕਿਤਾਬ ਦੇ ਰਿਲੀਜ਼ ਸਮਾਗਮ ’ਚ ਪਹੁੰਚਣ ਨੂੰ ਦੱਸਿਆ ਨਿੱਜੀ ਸਾਂਝ ਦਾ ਨਤੀਜਾ; ਕਿਹਾ- ਗਾਂਧੀ ਪਰਿਵਾਰ ਨਾਲ ਪੁਰਾਣੇ ਸਬੰਧ, ਪਰ ਕਾਂਗਰਸ ’ਚ ਜਾਣ ਦਾ ਕੋਈ ਇਰਾਦਾ ਨਹੀਂ

ਚੰਡੀਗੜ੍ਹ- 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਆਗੂ ਕੈਪਟਨ ਅਮਰਿੰਦਰ ਸਿੰਘ ਦੀ ਸਿਆਸੀ ਸਰਗਰਮੀ ਨੂੰ ਲੈ ਕੇ ਚਰਚਾ ਸ਼ੁਰੂ ਹੋ ਗਈ ਹੈ। ਸੋਨੀਆ ਗਾਂਧੀ ਦੀ ਕਿਤਾਬ ‘Belonging: A Journey of Love’ ਦੇ ਰਿਲੀਜ਼ ਸਮਾਗਮ ਵਿੱਚ ਉਨ੍ਹਾਂ ਦੀ ਸ਼ਮੂਲੀਅਤ ਤੋਂ ਬਾਅਦ ਕਾਂਗਰਸ ਵਿੱਚ ਵਾਪਸੀ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਸਨ। ਹੁਣ ਕੈਪਟਨ ਨੇ ਇਨ੍ਹਾਂ ਚਰਚਾਵਾਂ ਨੂੰ ਖ਼ਤਮ ਕਰਦਿਆਂ ਸਪੱਸ਼ਟ ਕੀਤਾ ਹੈ ਕਿ ਉਹ ਕਾਂਗਰਸ ਵਿੱਚ ਮੁੜ ਸ਼ਾਮਲ ਨਹੀਂ ਹੋਣਗੇ। ਉਨ੍ਹਾਂ ਕਿਹਾ ਕਿ ਪਾਰਟੀ ਵਿੱਚ ਵਾਪਸੀ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।

16 ਨਵੰਬਰ ਨੂੰ ਨਵੀਂ ਦਿੱਲੀ ਦੇ ਆਈਟੀਸੀ ਮੌਰਿਆ ਹੋਟਲ ਵਿੱਚ ਹੋਏ ਕਿਤਾਬ ਰਿਲੀਜ਼ ਸਮਾਗਮ ਵਿੱਚ ਕੈਪਟਨ ਪਹਿਲੀ ਕਤਾਰ ਵਿੱਚ ਬੈਠੇ ਦਿਖਾਈ ਦਿੱਤੇ ਸਨ। ਉਹ ਇਸ ਸਮਾਗਮ ਵਿੱਚ ਮੌਜੂਦ ਇਕਲੌਤੇ ਭਾਜਪਾ ਆਗੂ ਸਨ। ਉੱਥੇ ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ, ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਸਮੇਤ ਕਈ ਪ੍ਰਮੁੱਖ ਆਗੂ ਵੀ ਹਾਜ਼ਰ ਸਨ।

ਕਿਤਾਬ ਲਾਂਚ ਸਮਾਗਮ ’ਚ ਜਾਣ ਪਿੱਛੇ ਦੱਸੀ ਪੁਰਾਣੀ ਸਾਂਝ

ਕਾਂਗਰਸ ਵਿੱਚ ਵਾਪਸੀ ਦੀਆਂ ਸੰਭਾਵਨਾਵਾਂ ਬਾਰੇ ਪੁੱਛੇ ਜਾਣ ’ਤੇ ਕੈਪਟਨ ਅਮਰਿੰਦਰ ਸਿੰਘ ਨੇ ਸਿੱਧਾ ਨਾਂਹ ਵਿੱਚ ਜਵਾਬ ਦਿੱਤਾ। ਉਨ੍ਹਾਂ ਦੱਸਿਆ ਕਿ ਉਹ ਸਿਰਫ਼ ਇੱਕ ਸਮਾਜਿਕ ਸਮਾਗਮ ਵਿੱਚ ਸ਼ਾਮਲ ਹੋਣ ਲਈ ਗਏ ਸਨ। ਗਾਂਧੀ ਪਰਿਵਾਰ ਨਾਲ ਉਨ੍ਹਾਂ ਦੇ ਕਈ ਦਹਾਕਿਆਂ ਪੁਰਾਣੇ ਨਿੱਜੀ ਸਬੰਧ ਹਨ।

ਕੈਪਟਨ ਮੁਤਾਬਕ, ਜਦੋਂ ਉਨ੍ਹਾਂ ਦੀਆਂ ਕਿਤਾਬਾਂ ਰਿਲੀਜ਼ ਹੋਈਆਂ ਸਨ ਤਾਂ ਸੋਨੀਆ ਗਾਂਧੀ ਤਿੰਨ ਵਾਰ ਉਨ੍ਹਾਂ ਦੇ ਸਮਾਗਮਾਂ ਵਿੱਚ ਸ਼ਾਮਲ ਹੋਏ ਸਨ। ਇਸੇ ਸਾਂਝ ਦੇ ਚਲਦਿਆਂ ਉਹ ਵੀ ਸੋਨੀਆ ਗਾਂਧੀ ਦੀ ਕਿਤਾਬ ਦੇ ਰਿਲੀਜ਼ ਸਮਾਗਮ ਵਿੱਚ ਪਹੁੰਚੇ ਸਨ। ਉਨ੍ਹਾਂ ਇਹ ਵੀ ਕਿਹਾ ਕਿ ਗਾਂਧੀ ਪਰਿਵਾਰ ਵੱਲੋਂ ਉਨ੍ਹਾਂ ਨੂੰ ਕਾਂਗਰਸ ਵਿੱਚ ਵਾਪਸੀ ਲਈ ਕੋਈ ਪੇਸ਼ਕਸ਼ ਨਹੀਂ ਕੀਤੀ ਗਈ।

ਰਾਹੁਲ ਗਾਂਧੀ ਨੇ ਵੀ ਯਾਦ ਕੀਤਾ ਕੈਪਟਨ ਨਾਲ ਜੁੜਿਆ ਪੁਰਾਣਾ ਵਾਕਿਆ

ਸਮਾਗਮ ਦੌਰਾਨ ਰਾਹੁਲ ਗਾਂਧੀ ਨੇ ਆਪਣੇ ਸੰਬੋਧਨ ਵਿੱਚ ਕੈਪਟਨ ਅਮਰਿੰਦਰ ਸਿੰਘ ਦਾ ਜ਼ਿਕਰ ਕਰਦਿਆਂ ਇੱਕ ਪੁਰਾਣੀ ਘਟਨਾ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਅਤੇ ਪ੍ਰਿਯੰਕਾ ਗਾਂਧੀ ਨੇ ਆਪਣੇ ਮਾਤਾ-ਪਿਤਾ ਰਾਜੀਵ ਗਾਂਧੀ ਅਤੇ ਸੋਨੀਆ ਗਾਂਧੀ ਨੂੰ ਸਿਰਫ਼ ਇੱਕ ਵਾਰ ਆਪਸ ਵਿੱਚ ਬਹਿਸ ਕਰਦਿਆਂ ਦੇਖਿਆ ਸੀ।

ਰਾਹੁਲ ਅਨੁਸਾਰ, ਉਸ ਸਮੇਂ ਰਾਜੀਵ ਗਾਂਧੀ ਫੋਨ ’ਤੇ ਕੈਪਟਨ ਅਮਰਿੰਦਰ ਸਿੰਘ ਨਾਲ ਗੱਲ ਕਰ ਰਹੇ ਸਨ। ਇਸ ਘਟਨਾ ਦਾ ਮੰਚ ਤੋਂ ਜ਼ਿਕਰ ਕੀਤੇ ਜਾਣ ਨੇ ਵੀ ਸਮਾਗਮ ਨੂੰ ਸਿਆਸੀ ਪੱਖੋਂ ਚਰਚਾ ਵਿੱਚ ਲਿਆ ਦਿੱਤਾ।

ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਏ ਜਾਣ ਮਗਰੋਂ ਛੱਡੀ ਸੀ ਕਾਂਗਰਸ

ਕੈਪਟਨ ਅਮਰਿੰਦਰ ਸਿੰਘ ਦਾ ਕਾਂਗਰਸ ਨਾਲ ਲੰਬਾ ਸਿਆਸੀ ਰਿਸ਼ਤਾ ਰਿਹਾ ਹੈ। ਸਾਲ 2021 ਵਿੱਚ ਪੰਜਾਬ ਦੇ ਮੁੱਖ ਮੰਤਰੀ ਅਹੁਦੇ ਤੋਂ ਹਟਾਏ ਜਾਣ ਅਤੇ ਪਾਰਟੀ ਅੰਦਰਲੇ ਮਤਭੇਦਾਂ ਤੋਂ ਬਾਅਦ ਉਨ੍ਹਾਂ ਕਾਂਗਰਸ ਛੱਡ ਦਿੱਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਪੰਜਾਬ ਲੋਕ ਕਾਂਗਰਸ ਪਾਰਟੀ ਬਣਾਈ ਅਤੇ 2022 ਵਿੱਚ ਭਾਜਪਾ ਦਾ ਪੱਲਾ ਫੜ ਲਿਆ। ਬਾਅਦ ਵਿੱਚ ਉਨ੍ਹਾਂ ਦੀ ਪਾਰਟੀ ਦਾ ਭਾਜਪਾ ਵਿੱਚ ਰਲੇਵਾਂ ਹੋ ਗਿਆ।

ਪਿਛਲੇ ਦਿਨੀਂ ਰਾਹੁਲ ਗਾਂਧੀ ਵੱਲੋਂ ਇੱਕ ਗੱਲਬਾਤ ਦੌਰਾਨ ਕੈਪਟਨ ਨੂੰ ਆਪਣਾ ਪਸੰਦੀਦਾ ਭਾਜਪਾ ਆਗੂ ਦੱਸਣ ਤੋਂ ਬਾਅਦ ਵੀ ਦੋਵਾਂ ਵਿਚਕਾਰ ਪੁਰਾਣੇ ਸਬੰਧਾਂ ਦੀ ਚਰਚਾ ਹੋਈ ਸੀ। ਇਸ ਤੋਂ ਇਲਾਵਾ ਕਾਂਗਰਸ ਆਗੂ ਸਚਿਨ ਪਾਇਲਟ ਨੇ ਵੀ ਕੈਪਟਨ ਦੀ ਵਾਪਸੀ ਬਾਰੇ ਪੁੱਛੇ ਜਾਣ ’ਤੇ ਕਿਹਾ ਸੀ ਕਿ ਸਿਆਸਤ ਵਿੱਚ ਕੁਝ ਵੀ ਸੰਭਵ ਹੈ। ਹਾਲਾਂਕਿ, ਕੈਪਟਨ ਦੇ ਤਾਜ਼ਾ ਬਿਆਨ ਨੇ ਕਾਂਗਰਸ ਵਿੱਚ ਵਾਪਸੀ ਦੀਆਂ ਚਰਚਾਵਾਂ ਨੂੰ ਫਿਲਹਾਲ ਵਿਰਾਮ ਦੇ ਦਿੱਤਾ ਹੈ।

-(ਟੀਵੀ 9 ਪੰਜਾਬੀ)

ਨੋਟ– ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments