ਨੈੱਟਫਲਿਕਸ ਦੀ ਪਾਕਿਸਤਾਨੀ ਸੀਰੀਜ਼ ’ਤੇ ਭਾਰਤ ’ਚ ਪਾਬੰਦੀ ਦੀ ਮੰਗ, PM ਮੋਦੀ ਤੱਕ ਪਹੁੰਚਿਆ ਮਾਮਲਾ
AICWA ਨੇ ਕੇਂਦਰ ਸਰਕਾਰ ਨੂੰ ਦਖ਼ਲ ਦੇਣ ਦੀ ਕੀਤੀ ਅਪੀਲ; 4 ਦਸੰਬਰ ਨੂੰ ਵਿਸ਼ਵ ਪੱਧਰ ’ਤੇ ਰਿਲੀਜ਼ ਹੋਣ ਵਾਲੇ ਸ਼ੋਅ ’ਚ ਫਵਾਦ ਖ਼ਾਨ ਤੇ ਮਾਹਿਰਾ ਖ਼ਾਨ ਸਮੇਤ ਕਈ ਨਾਮੀ ਕਲਾਕਾਰ ਆਉਣਗੇ ਨਜ਼ਰ

ਮੁੰਬਈ: ਪਾਕਿਸਤਾਨ ਦੀ ਪਹਿਲੀ ਮੂਲ ਨੈੱਟਫਲਿਕਸ ਵੈੱਬ ਸੀਰੀਜ਼ ‘ਜੋ ਬਚੇ ਹੈਂ ਸੰਗ ਸਮੇਟ ਲੋ’ (Jo Bachay Hain Sang Samait Lo) ਦੀ ਰਿਲੀਜ਼ ਤੋਂ ਪਹਿਲਾਂ ਹੀ ਭਾਰਤ ਵਿੱਚ ਇਸ ਨੂੰ ਲੈ ਕੇ ਸਿਆਸੀ ਅਤੇ ਫ਼ਿਲਮੀ ਹਲਕਿਆਂ ਵਿੱਚ ਚਰਚਾ ਤੇਜ਼ ਹੋ ਗਈ ਹੈ। ਇਹ ਸੀਰੀਜ਼ 4 ਦਸੰਬਰ, 2026 ਨੂੰ ਦੁਨੀਆ ਦੇ 191 ਦੇਸ਼ਾਂ ਵਿੱਚ ਰਿਲੀਜ਼ ਹੋਣੀ ਹੈ, ਪਰ ਭਾਰਤ ਵਿੱਚ ਇਸ ਦੇ ਪ੍ਰਸਾਰਣ ’ਤੇ ਰੋਕ ਲਗਾਉਣ ਦੀ ਮੰਗ ਕੀਤੀ ਜਾ ਰਹੀ ਹੈ।
ਆਲ ਇੰਡੀਆ ਸਿਨੇ ਵਰਕਰਜ਼ ਐਸੋਸੀਏਸ਼ਨ (AICWA) ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਭੇਜ ਕੇ ਸੀਰੀਜ਼ ਦੀ ਭਾਰਤ ਵਿੱਚ ਰਿਲੀਜ਼ ਰੋਕਣ ਦੀ ਅਪੀਲ ਕੀਤੀ ਹੈ। ਜਥੇਬੰਦੀ ਨੇ ਇਸ ਪੱਤਰ ਦੀਆਂ ਕਾਪੀਆਂ ਨੈੱਟਫਲਿਕਸ ਇੰਡੀਆ ਅਤੇ ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਨੂੰ ਵੀ ਭੇਜੀਆਂ ਹਨ।
ਮੁੰਬਈ ਤੋਂ ਪਹਿਲਗਾਮ ਤੱਕ ਦੇ ਹਮਲਿਆਂ ਦਾ ਦਿੱਤਾ ਹਵਾਲਾ
ਜਥੇਬੰਦੀ ਨੇ ਆਪਣੇ ਪੱਤਰ ਵਿੱਚ 2008 ਦੇ ਮੁੰਬਈ ਅੱਤਵਾਦੀ ਹਮਲੇ, ਪੁਲਵਾਮਾ ਅਤੇ ਪਹਿਲਗਾਮ ਹਮਲਿਆਂ ਦਾ ਜ਼ਿਕਰ ਕਰਦਿਆਂ ਪਾਕਿਸਤਾਨ ’ਤੇ ਭਾਰਤ ਵਿੱਚ ਅੱਤਵਾਦ ਨੂੰ ਹੱਲਾਸ਼ੇਰੀ ਦੇਣ ਦੇ ਦੋਸ਼ ਲਾਏ ਹਨ। AICWA ਦਾ ਕਹਿਣਾ ਹੈ ਕਿ ਅਜਿਹੇ ਹਾਲਾਤ ਵਿੱਚ ਪਾਕਿਸਤਾਨੀ ਮਨੋਰੰਜਨ ਸਮੱਗਰੀ ਨੂੰ ਭਾਰਤ ਵਿੱਚ ਪ੍ਰਸਾਰਿਤ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ। ਜਥੇਬੰਦੀ ਨੇ ਪਾਕਿਸਤਾਨੀ ਫ਼ਿਲਮਾਂ, ਨਾਟਕਾਂ ਅਤੇ ਟੀਵੀ ਸੀਰੀਅਲਾਂ ’ਤੇ ਸਥਾਈ ਪਾਬੰਦੀ ਲਗਾਉਣ ਲਈ ਸਖ਼ਤ ਕਾਨੂੰਨ ਬਣਾਉਣ ਦੀ ਮੰਗ ਵੀ ਕੀਤੀ ਹੈ।
ਪ੍ਰਸਿੱਧ ਨਾਵਲ ’ਤੇ ਆਧਾਰਿਤ ਹੈ ਕਹਾਣੀ
ਇਹ ਵੈੱਬ ਸੀਰੀਜ਼ ਪਾਕਿਸਤਾਨ ਦੀ ਮਸ਼ਹੂਰ ਲੇਖਿਕਾ ਫ਼ਰਹਤ ਇਸ਼ਤਿਆਕ ਦੇ 2013 ਵਿੱਚ ਪ੍ਰਕਾਸ਼ਿਤ ਨਾਵਲ ’ਤੇ ਆਧਾਰਿਤ ਹੈ। ਇਸ ਦਾ ਨਿਰਮਾਣ ਅਤੇ ਨਿਰਦੇਸ਼ਨ ਮੋਮੀਨਾ ਦੁਰੈਦ ਨੇ ਕੀਤਾ ਹੈ। ਸੀਰੀਜ਼ ਦਾ ਨਾਮ ਉੱਘੇ ਸ਼ਾਇਰ ਫ਼ੈਜ਼ ਅਹਿਮਦ ਫ਼ੈਜ਼ ਦੀ ਇੱਕ ਗ਼ਜ਼ਲ ਤੋਂ ਲਿਆ ਗਿਆ ਹੈ।
ਛੇ ਪ੍ਰੇਮ ਕਹਾਣੀਆਂ ਨਾਲ ਜੁੜੀ ਹੈ ਪੂਰੀ ਲੜੀ
ਸੀਰੀਜ਼ ਦੀ ਕਹਾਣੀ ਤਿੰਨ ਪੀੜ੍ਹੀਆਂ ਦੇ ਜੀਵਨ ਅਤੇ ਛੇ ਪ੍ਰੇਮ ਕਹਾਣੀਆਂ ਨੂੰ ਜੋੜਦੀ ਹੈ। ਇਸ ਦਾ ਮੁੱਖ ਕੇਂਦਰ ਸਿਕੰਦਰ ਅਤੇ ਚਿੱਤਰਕਾਰ ਲੀਸਾ ਦੇ ਕਿਰਦਾਰ ਹਨ। ਸਿਕੰਦਰ ਦੀ ਭੂਮਿਕਾ ਅਹਦ ਰਜ਼ਾ ਮੀਰ ਅਤੇ ਲੀਸਾ ਦਾ ਕਿਰਦਾਰ ਇਕਰਾ ਅਜ਼ੀਜ਼ ਨਿਭਾ ਰਹੇ ਹਨ। ਦੋਵਾਂ ਦੀ ਮੁਲਾਕਾਤ ਇਟਲੀ ਦੇ ਸ਼ਹਿਰ ਰੋਮ ਵਿੱਚ ਹੁੰਦੀ ਹੈ। ਪਹਿਲੇ ਭਾਗ ਵਿੱਚ ਪੰਜ ਐਪੀਸੋਡ ਹੋਣਗੇ, ਜਦਕਿ ਪੂਰੀ ਸੀਰੀਜ਼ ਵਿੱਚ ਕੁੱਲ 13 ਐਪੀਸੋਡ ਹੋਣ ਦੀ ਜਾਣਕਾਰੀ ਦਿੱਤੀ ਗਈ ਹੈ।
ਇੱਕੋ ਪਰਦੇ ’ਤੇ ਨਜ਼ਰ ਆਉਣਗੇ ਕਈ ਵੱਡੇ ਸਿਤਾਰੇ
ਇਸ ਸੀਰੀਜ਼ ਦੀ ਸਟਾਰਕਾਸਟ ਵਿੱਚ ਪਾਕਿਸਤਾਨੀ ਮਨੋਰੰਜਨ ਜਗਤ ਦੇ ਕਈ ਪ੍ਰਸਿੱਧ ਨਾਮ ਸ਼ਾਮਲ ਹਨ। ਫਵਾਦ ਖ਼ਾਨ, ਮਾਹਿਰਾ ਖ਼ਾਨ, ਹਾਨੀਆ ਆਮਿਰ, ਹਮਜ਼ਾ ਅਲੀ ਅੱਬਾਸੀ, ਸਨਮ ਸਈਦ, ਮਾਇਆ ਅਲੀ, ਆਮਨਾ ਸ਼ੇਖ, ਖੁਸ਼ਹਾਲ ਖ਼ਾਨ, ਅਹਿਮਦ ਅਲੀ ਅਕਬਰ ਅਤੇ ਬਿਲਾਲ ਅਸ਼ਰਫ਼ ਇਸ ਵਿੱਚ ਅਹਿਮ ਭੂਮਿਕਾਵਾਂ ਨਿਭਾਉਂਦੇ ਨਜ਼ਰ ਆਉਣਗੇ।
ਅੱਠ ਸਾਲਾਂ ਦੀ ਤਿਆਰੀ, ਚਾਰ ਦੇਸ਼ਾਂ ਵਿੱਚ ਸ਼ੂਟਿੰਗ
ਇਸ ਸੀਰੀਜ਼ ਨੂੰ ਤਿਆਰ ਕਰਨ ਵਿੱਚ ਕਰੀਬ ਅੱਠ ਸਾਲ ਦਾ ਸਮਾਂ ਲੱਗਿਆ ਹੈ। ਇਸ ਦੀ ਸ਼ੂਟਿੰਗ ਲਗਭਗ 200 ਦਿਨਾਂ ਤੱਕ ਚੱਲੀ ਅਤੇ ਰੋਮ, ਕਰਾਚੀ, ਸਕਾਰਦੂ ਤੇ ਲੰਡਨ ਵਿੱਚ ਵੱਖ-ਵੱਖ ਦ੍ਰਿਸ਼ ਫਿਲਮਾਏ ਗਏ। ਇਸ ਦਾ ਸੰਗੀਤ ਮਸ਼ਹੂਰ ਸੰਗੀਤਕਾਰ ਰੋਹੇਲ ਹਯਾਤ ਨੇ ਤਿਆਰ ਕੀਤਾ ਹੈ, ਜੋ ‘ਵਾਈਟਲ ਸਾਈਨਜ਼’ ਅਤੇ ‘ਕੋਕ ਸਟੂਡੀਓ’ ਨਾਲ ਆਪਣੇ ਕੰਮ ਲਈ ਜਾਣੇ ਜਾਂਦੇ ਹਨ।
ਵਿਦੇਸ਼ੀ ਦਰਸ਼ਕਾਂ ਤੱਕ ਪਹੁੰਚਣ ਦਾ ਮਿਲੇਗਾ ਮੌਕਾ
ਵਿਅਨਾ ਦੀ ਇੱਕ ਯੂਨੀਵਰਸਿਟੀ ਵਿੱਚ ਸਕ੍ਰੀਨਪਲੇਅ ਲੇਖਨ ਦੇ ਪ੍ਰੋਫੈਸਰ ਡਾ. ਉਮੈਰ ਅਹਿਮਦ ਖ਼ਾਨ ਅਨੁਸਾਰ, ਨੈੱਟਫਲਿਕਸ ਵਰਗੇ ਵਿਸ਼ਵ ਪੱਧਰੀ ਮੰਚ ’ਤੇ ਰਿਲੀਜ਼ ਹੋਣ ਨਾਲ ਪਾਕਿਸਤਾਨੀ ਡਰਾਮਿਆਂ ਨੂੰ ਦੱਖਣੀ ਏਸ਼ੀਆ ਤੋਂ ਬਾਹਰ ਦੇ ਦਰਸ਼ਕਾਂ ਤੱਕ ਪਹੁੰਚਣ ਦਾ ਮੌਕਾ ਮਿਲੇਗਾ।
ਹਾਲਾਂਕਿ, ਉਨ੍ਹਾਂ ਨੇ ਟ੍ਰੇਲਰ ਦੀ ਸਮੀਖਿਆ ਕਰਦਿਆਂ ਕਿਹਾ ਕਿ ਸੀਰੀਜ਼ ਦੀ ਪ੍ਰੋਡਕਸ਼ਨ ਅਤੇ ਸਿਨੇਮੈਟੋਗ੍ਰਾਫ਼ੀ ਕਾਫ਼ੀ ਪ੍ਰਭਾਵਸ਼ਾਲੀ ਹੈ। ਪਰ ਇੱਕ ਹੀ ਪ੍ਰੋਜੈਕਟ ਵਿੱਚ ਵੱਡੀ ਗਿਣਤੀ ਵਿੱਚ ਸਥਾਪਿਤ ਸਿਤਾਰਿਆਂ ਨੂੰ ਲੈਣ ਦੀ ਥਾਂ ਨਵੇਂ ਕਲਾਕਾਰਾਂ ਨੂੰ ਵੀ ਮੌਕਾ ਦਿੱਤਾ ਜਾ ਸਕਦਾ ਸੀ। ਉਨ੍ਹਾਂ ਦਾ ਇਹ ਵੀ ਮੰਨਣਾ ਹੈ ਕਿ ਸੰਵਾਦਾਂ ਨੂੰ ਹੋਰ ਸੁਭਾਵਿਕ ਰੱਖਣ ਨਾਲ ਕਹਾਣੀ ਦਾ ਪ੍ਰਭਾਵ ਵਧ ਸਕਦਾ ਸੀ।
-(ਪੰਜਾਬੀ ਜਾਗਰਣ)
ਨੋਟ– ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।


