Monday, November 16, 2026
Google search engine
Homeਮਨੋਰੰਜਨਡਾਕਟਰਾਂ ਦੇ ਵਿਰੋਧ ਨੇ ਰੋਕੀ ਸੰਨੀ ਦਿਓਲ ਦੀ ‘ਸੂਰਿਆ’ ਦੀ ਰਫ਼ਤਾਰ, ਸਿਨੇਮਾਘਰਾਂ...

ਡਾਕਟਰਾਂ ਦੇ ਵਿਰੋਧ ਨੇ ਰੋਕੀ ਸੰਨੀ ਦਿਓਲ ਦੀ ‘ਸੂਰਿਆ’ ਦੀ ਰਫ਼ਤਾਰ, ਸਿਨੇਮਾਘਰਾਂ ਤੱਕ ਪਹੁੰਚਣ ਲਈ ਕਰਨਾ ਪਵੇਗਾ ਹੋਰ ਇੰਤਜ਼ਾਰ

ਡਾਕਟਰਾਂ ਦੇ ਵਿਰੋਧ ਨੇ ਰੋਕੀ ਸੰਨੀ ਦਿਓਲ ਦੀ ‘ਸੂਰਿਆ’ ਦੀ ਰਫ਼ਤਾਰ, ਸਿਨੇਮਾਘਰਾਂ ਤੱਕ ਪਹੁੰਚਣ ਲਈ ਕਰਨਾ ਪਵੇਗਾ ਹੋਰ ਇੰਤਜ਼ਾਰ

IMA ਦੇ ਇਤਰਾਜ਼ ਤੋਂ ਬਾਅਦ ਫ਼ਿਲਮ ਦੀ ਰਿਲੀਜ਼ ਟਾਲਣ ਦਾ ਫ਼ੈਸਲਾ, 20 ਨਵੰਬਰ ਨੂੰ ਆਉਣੀ ਸੀ ਫ਼ਿਲਮ; ਜਨਵਰੀ 2027 ਦੀ ਨਵੀਂ ਤਰੀਕ ’ਤੇ ਵਿਚਾਰ

ਨਵੀਂ ਦਿੱਲੀ : ਬਾਲੀਵੁੱਡ ਅਦਾਕਾਰ ਸੰਨੀ ਦਿਓਲ ਦੀ ਆਉਣ ਵਾਲੀ ਫ਼ਿਲਮ ‘ਸੂਰਿਆ : ਅੰਤ ਸੇ ਆਰੰਭ ਤੱਕ’ ਦੀ ਰਿਲੀਜ਼ ਨੂੰ ਲੈ ਕੇ ਨਵਾਂ ਮੋੜ ਆ ਗਿਆ ਹੈ। ਫ਼ਿਲਮ ਵਿੱਚ ਡਾਕਟਰਾਂ ਅਤੇ ਮੈਡੀਕਲ ਸਟਾਫ਼ ਵਿਰੁੱਧ ਹਿੰਸਾ ਨਾਲ ਜੁੜੇ ਦ੍ਰਿਸ਼ਾਂ ਨੂੰ ਲੈ ਕੇ ਇੰਡੀਅਨ ਮੈਡੀਕਲ ਐਸੋਸੀਏਸ਼ਨ (IMA) ਵੱਲੋਂ ਸਖ਼ਤ ਇਤਰਾਜ਼ ਜਤਾਇਆ ਗਿਆ ਸੀ। ਇਸ ਮਾਮਲੇ ਦੇ ਤੂਲ ਫੜਨ ਤੋਂ ਬਾਅਦ ਨਿਰਮਾਤਾਵਾਂ ਨੇ ਫ਼ਿਲਮ ਨੂੰ ਤੈਅ ਸਮੇਂ ’ਤੇ ਰਿਲੀਜ਼ ਨਾ ਕਰਨ ਦਾ ਫ਼ੈਸਲਾ ਕੀਤਾ ਹੈ। ਪਹਿਲਾਂ ਇਹ ਫ਼ਿਲਮ 20 ਨਵੰਬਰ ਨੂੰ ਸਿਨੇਮਾਘਰਾਂ ਵਿੱਚ ਦਸਤਕ ਦੇਣ ਵਾਲੀ ਸੀ।

ਸੰਨੀ ਦਿਓਲ ਦੇ ਜਨਮਦਿਨ ਮੌਕੇ 19 ਅਕਤੂਬਰ ਨੂੰ ਫ਼ਿਲਮ ਦਾ ਟੀਜ਼ਰ ਜਾਰੀ ਕੀਤਾ ਗਿਆ ਸੀ। ਇਸ ਵਿੱਚ ਦਿਖਾਏ ਗਏ ਐਕਸ਼ਨ ਦ੍ਰਿਸ਼ਾਂ ਨੇ ਦਰਸ਼ਕਾਂ ਵਿੱਚ ਕਾਫ਼ੀ ਉਤਸ਼ਾਹ ਪੈਦਾ ਕੀਤਾ ਸੀ, ਪਰ ਡਾਕਟਰਾਂ ਨਾਲ ਸਬੰਧਤ ਕੁਝ ਦ੍ਰਿਸ਼ਾਂ ਕਾਰਨ ਫ਼ਿਲਮ ਵਿਵਾਦਾਂ ਵਿੱਚ ਘਿਰ ਗਈ।

ਸਿਹਤ ਮੰਤਰਾਲੇ ਤੱਕ ਪਹੁੰਚਿਆ ਡਾਕਟਰਾਂ ਦਾ ਇਤਰਾਜ਼

‘ਬਾਲੀਵੁੱਡ ਹੰਗਾਮਾ’ ਦੀ ਰਿਪੋਰਟ ਮੁਤਾਬਕ, IMA ਨੇ ਫ਼ਿਲਮ ਵਿੱਚ ਡਾਕਟਰਾਂ ਖ਼ਿਲਾਫ਼ ਹਿੰਸਾ ਦਿਖਾਉਣ ਦਾ ਮਾਮਲਾ ਸਿਹਤ ਮੰਤਰਾਲੇ ਕੋਲ ਚੁੱਕਿਆ ਹੈ। ਇਸ ਮਗਰੋਂ ਫ਼ਿਲਮ ਦੇ ਨਿਰਮਾਤਾਵਾਂ ਨੇ ਆਪਣਾ ਪੱਖ ਰੱਖਦਿਆਂ ਕਿਹਾ ਕਿ ਉਨ੍ਹਾਂ ਦਾ ਮਕਸਦ ਸਮੁੱਚੇ ਮੈਡੀਕਲ ਭਾਈਚਾਰੇ ਦੀ ਛਵੀ ਖ਼ਰਾਬ ਕਰਨਾ ਜਾਂ ਡਾਕਟਰਾਂ ਅਤੇ ਸਿਹਤ ਕਰਮਚਾਰੀਆਂ ਵਿਰੁੱਧ ਹਿੰਸਾ ਨੂੰ ਹੱਲਾਸ਼ੇਰੀ ਦੇਣਾ ਨਹੀਂ ਹੈ।

ਰਿਪੋਰਟ ਅਨੁਸਾਰ, ਇਸ ਮਾਮਲੇ ਵਿੱਚ ਲੋੜੀਂਦੀਆਂ ਸਰਕਾਰੀ ਪ੍ਰਕਿਰਿਆਵਾਂ ਪੂਰੀਆਂ ਕਰਨ ਵਿੱਚ ਸਮਾਂ ਲੱਗ ਰਿਹਾ ਹੈ। ਇਸੇ ਕਾਰਨ ਨਿਰਮਾਤਾਵਾਂ ਨੇ ਰਿਲੀਜ਼ ਅੱਗੇ ਪਾਉਣ ਦਾ ਫ਼ੈਸਲਾ ਕੀਤਾ ਹੈ। ਹੁਣ ਉਹ ਸਬੰਧਤ ਅਧਿਕਾਰੀਆਂ ਤੋਂ ਮਨਜ਼ੂਰੀ ਲੈਣ ਦੇ ਨਾਲ-ਨਾਲ ਕੇਂਦਰੀ ਫ਼ਿਲਮ ਸਰਟੀਫਿਕੇਸ਼ਨ ਬੋਰਡ (CBFC) ਤੋਂ ਸੈਂਸਰ ਸਰਟੀਫਿਕੇਟ ਹਾਸਲ ਕਰਨਗੇ। ਇਨ੍ਹਾਂ ਸਾਰੀਆਂ ਪ੍ਰਕਿਰਿਆਵਾਂ ਦੇ ਮੁਕੰਮਲ ਹੋਣ ਤੋਂ ਬਾਅਦ ਹੀ ਨਵੀਂ ਰਿਲੀਜ਼ ਤਰੀਕ ਤੈਅ ਕੀਤੀ ਜਾਵੇਗੀ।

ਅਗਲੇ ਸਾਲ ਜਨਵਰੀ ’ਚ ਪਰਦੇ ’ਤੇ ਆ ਸਕਦੀ ਹੈ ਫ਼ਿਲਮ

ਫ਼ਿਲਮ ਦੀ ਨਵੀਂ ਰਿਲੀਜ਼ ਤਰੀਕ ਬਾਰੇ ਅਜੇ ਤੱਕ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ। ਹਾਲਾਂਕਿ, ਚਰਚਾ ਹੈ ਕਿ ਨਿਰਮਾਤਾ 15 ਜਨਵਰੀ 2027 ਨੂੰ ਇਸ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਕਰਨ ਦੀ ਯੋਜਨਾ ਬਣਾ ਰਹੇ ਹਨ। ਦਸੰਬਰ ਵਿੱਚ ਕਈ ਵੱਡੀਆਂ ਫ਼ਿਲਮਾਂ ਦੇ ਰਿਲੀਜ਼ ਹੋਣ ਕਾਰਨ ਨਿਰਮਾਤਾ ਨਵੀਂ ਤਰੀਕ ਤੈਅ ਕਰਨ ਲਈ ਸੋਚ-ਵਿਚਾਰ ਕਰ ਰਹੇ ਹਨ।

ਫ਼ਿਲਮ ਵਿੱਚ ਕਈ ਨਾਮੀ ਕਲਾਕਾਰ ਨਿਭਾਉਣਗੇ ਅਹਿਮ ਭੂਮਿਕਾਵਾਂ

‘ਸੂਰਿਆ : ਅੰਤ ਸੇ ਆਰੰਭ ਤੱਕ’ ਵਿੱਚ ਸੰਨੀ ਦਿਓਲ ਦੇ ਨਾਲ ਰਵੀ ਕਿਸ਼ਨ, ਪ੍ਰਗਿਆ ਜੈਸਵਾਲ ਅਤੇ ਜੀਸ਼ੂ ਯੂ. ਸੇਨਗੁਪਤਾ ਸਮੇਤ ਕਈ ਹੋਰ ਕਲਾਕਾਰ ਨਜ਼ਰ ਆਉਣਗੇ। ਫ਼ਿਲਮ ਦਾ ਨਿਰਦੇਸ਼ਨ ਐੱਮ. ਪਦਮਕੁਮਾਰ ਨੇ ਕੀਤਾ ਹੈ।

ਦੱਸਣਯੋਗ ਹੈ ਕਿ ਸਾਲ 2026 ਵਿੱਚ ਸੰਨੀ ਦਿਓਲ ਦੀਆਂ ਚਾਰ ਫ਼ਿਲਮਾਂ ਦਰਸ਼ਕਾਂ ਤੱਕ ਪਹੁੰਚੀਆਂ ਹਨ। ਇਨ੍ਹਾਂ ਵਿੱਚੋਂ ‘ਬਾਰਡਰ 2’, ‘ਬੰਟਵਾਰਾ 1947’ ਅਤੇ ‘ਰਾਮਾਇਣ’ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈਆਂ, ਜਦਕਿ ‘ਇੱਕਾ’ ਨੂੰ ਨੈੱਟਫਲਿਕਸ ’ਤੇ ਸਿੱਧਾ ਰਿਲੀਜ਼ ਕੀਤਾ ਗਿਆ। ਹੁਣ ‘ਸੂਰਿਆ’ ਦੀ ਰਿਲੀਜ਼ ਮੁਲਤਵੀ ਹੋਣ ਕਾਰਨ ਪ੍ਰਸ਼ੰਸਕਾਂ ਨੂੰ ਸੰਨੀ ਦਿਓਲ ਦੀ ਇਸ ਫ਼ਿਲਮ ਲਈ ਹੋਰ ਉਡੀਕ ਕਰਨੀ ਪਵੇਗੀ।

-(ਪੰਜਾਬੀ ਜਾਗਰਣ)

ਨੋਟ– ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments