ਕਿਸਾਨ ਅੱਜ ਚੰਡੀਗੜ੍ਹ ਨੂੰ ਕਰਨਗੇ ਕੂਚ, ਮੋਹਾਲੀ-ਚੰਡੀਗੜ੍ਹ ਬਾਰਡਰ ਸੀਲ, ਮੋਹਾਲੀ ਬਾਰਡਰ ‘ਤੇ ਕਿਸਾਨਾਂ ਨੇ ਕੱਟੀ ਰਾਤ
ਚੰਡੀਗੜ੍ਹ, 18 ਮਈ – (ਪੰਜਾਬ ਡਾਇਰੀ) ਚੰਡੀਗੜ੍ਹ-ਮੋਹਾਲੀ ਸਰਹੱਦ ‘ਤੇ ਅੰਦੋਲਨ ‘ਚ ਸ਼ਾਮਲ ਕਿਸਾਨ ਅੱਜ ਚੰਡੀਗੜ੍ਹ ਜਾਣਗੇ। ਕਿਸਾਨਾਂ ਨੇ ਪੰਜਾਬ ਦੀ ‘ਆਪ’ ਸਰਕਾਰ ਨੂੰ ਅੱਜ ਸਵੇਰ ਤੱਕ ਦਾ ਸਮਾਂ ਦਿੱਤਾ ਸੀ। ਕਿਸਾਨ ਸੀਐਮ ਭਗਵੰਤ ਮਾਨ ਨੂੰ ਮਿਲਣ ਲਈ ਅੜੇ ਹੋਏ ਹਨ।ਕਿਸਾਨਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੇ ਨਾਲ ਗੱਲਬਾਤ ਨਾ ਕੀਤੀ ਤਾਂ ਉਹ ਚੰਡੀਗੜ੍ਹ ਵੱਲ ਕੂਚ ਕਰਨਗੇ। ਉਨ੍ਹਾਂ ਕਿਹਾ ਕਿ ਕਿਸਾਨ ਮੋਹਾਲੀ ਤੇ ਚੰਡੀਗੜ੍ਹ ਪੁਲਿਸ ਦੇ ਬੈਰੀਕੇਡ ਤੋੜ ਕੇ ਅੱਗੇ ਵਧਣਗੇ। ਕਿਸਾਨਾਂ ਨੇ ਰਾਤ ਵੀ ਮੋਹਾਲੀ ਸਰਹੱਦ ’ਤੇ ਸੜਕ ’ਤੇ ਹੀ ਕੱਟੀ। ਕਿਸਾਨ ਆਗੂ ਜਗਜੀਤ ਡੱਲੇਵਾਲ ਨੇ ਕਿਹਾ ਕਿ ਜੇਕਰ ਅਸੀਂ ਇੱਕ ਬੈਰੀਕੇਡ ਤੋੜ ਸਕਦੇ ਹਾਂ ਤਾਂ ਬਾਕੀ ਵੀ ਤੋੜ ਸਕਦੇ ਹਾਂ।
ਇਸ ਵਾਰ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਇਕੱਠੇ ਝੋਨਾ ਨਾ ਬੀਜਣ ਲਈ ਕਿਹਾ ਹੈ। ਇਸ ਦੇ ਲਈ ਸੂਬੇ ਨੂੰ 4 ਜ਼ੋਨਾਂ ਵਿੱਚ ਵੰਡਿਆ ਗਿਆ ਹੈ। ਇਸ ਤਹਿਤ 6-6 ਜ਼ਿਲ੍ਹਿਆਂ ਵਿੱਚ 18, 20 ਅਤੇ 22 ਜੂਨ ਨੂੰ ਅਤੇ ਬਾਕੀ 5 ਜ਼ਿਲ੍ਹਿਆਂ ਵਿੱਚ 24 ਜੂਨ ਤੋਂ ਝੋਨਾ ਲਾਇਆ ਜਾਵੇਗਾ।
ਸਰਕਾਰ ਨੇ ਬਿਜਲੀ ਦੀ ਕਮੀ ਨੂੰ ਦੂਰ ਕਰਨ ਲਈ ਇਹ ਕਦਮ ਚੁੱਕਿਆ ਹੈ। ਕਿਸਾਨ ਇਸ ਦਾ ਵਿਰੋਧ ਕਰ ਰਹੇ ਹਨ। ਇਸ ਤੋਂ ਇਲਾਵਾ ਕਿਸਾਨ ਇਸ ਵਾਰ ਕਣਕ ਦਾ ਝਾੜ ਘੱਟ ਹੋਣ ਕਾਰਨ 500 ਰੁਪਏ ਪ੍ਰਤੀ ਏਕੜ ਮੁਆਵਜ਼ੇ ਦੀ ਮੰਗ ਕਰ ਰਹੇ ਹਨ। ਇਸ ਸਬੰਧੀ ਸਮਝੌਤਾ ਵੀ ਹੋਇਆ ਪਰ ਸਰਕਾਰ ਨੇ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ।