CM ਮਾਨ ਦੀ ਪੁਰਾਣੀ ਪੇਸ਼ੀ ਦੀ ਵੀਡੀਓ ਚਰਚਾ ‘ਚ, ਅਕਾਲ ਤਖ਼ਤ ਸਾਹਿਬ ਵਿਖੇ ਦਿੱਤੇ ਸਨ ਇਹ ਸਪੱਸ਼ਟੀਕਰਨ
ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ 15 ਜਨਵਰੀ 2026 ਨੂੰ ਆਪਣੇ ਖ਼ਿਲਾਫ਼ ਚੱਲ ਰਹੇ ਵੱਖ-ਵੱਖ ਮਾਮਲਿਆਂ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਏ ਸਨ।

ਸ੍ਰੀ ਅਮ੍ਰਿਤਸਰ ਸਾਹਿਬ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਜੁੜੇ ਵੀਡੀਓ ਵਿਵਾਦ ਨੂੰ ਲੈ ਕੇ ਸਿਆਸੀ ਮਾਹੌਲ ਲਗਾਤਾਰ ਗਰਮਾਇਆ ਹੋਇਆ ਹੈ। ਇਸ ਦਰਮਿਆਨ 15 ਜਨਵਰੀ 2026 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਉਨ੍ਹਾਂ ਦੀ ਪੇਸ਼ੀ ਨਾਲ ਸੰਬੰਧਿਤ ਇੱਕ ਵੀਡੀਓ ਮੁੜ ਚਰਚਾ ਵਿੱਚ ਆ ਗਈ ਹੈ।
ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ 15 ਜਨਵਰੀ 2026 ਨੂੰ ਆਪਣੇ ਖ਼ਿਲਾਫ਼ ਚੱਲ ਰਹੇ ਵੱਖ-ਵੱਖ ਮਾਮਲਿਆਂ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਏ ਸਨ। ਉਸ ਦੌਰਾਨ ਇਤਰਾਜ਼ਯੋਗ ਦੱਸੇ ਜਾ ਰਹੇ ਇੱਕ ਵੀਡੀਓ ਮਾਮਲੇ ਬਾਰੇ ਉਨ੍ਹਾਂ ਨੇ ਸਪੱਸ਼ਟ ਤੌਰ ‘ਤੇ ਕਿਹਾ ਸੀ ਕਿ ਇਹ ਵੀਡੀਓ ਪੂਰੀ ਤਰ੍ਹਾਂ ਜਾਅਲੀ ਹੈ।
ਪੇਸ਼ੀ ਦੌਰਾਨ ਮੁੱਖ ਮੰਤਰੀ ਨੇ ਕਿਹਾ ਸੀ ਕਿ ਉਹ ਖੁਦ ਵੀ ਚਾਹੁੰਦੇ ਹਨ ਕਿ ਇਸ ਵੀਡੀਓ ਦੀ ਨਿਰਪੱਖ ਜਾਂਚ ਹੋਵੇ। ਉਨ੍ਹਾਂ ਆਖਿਆ ਸੀ ਕਿ ਉਹ ਫੋਰੈਂਸਿਕ ਜਾਂਚ ਲਈ ਲੈਬਾਂ ਦੇ ਨਾਮ ਵੀ ਦੇ ਸਕਦੇ ਹਨ ਅਤੇ ਅੱਜ ਦੇ ਸਮੇਂ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਰਾਹੀਂ ਇਸ ਤਰ੍ਹਾਂ ਦੀਆਂ ਵੀਡੀਓ ਬਣਾਉਣਾ ਸੰਭਵ ਹੈ। ਉਨ੍ਹਾਂ ਇਹ ਵੀ ਕਿਹਾ ਸੀ ਕਿ ਉਨ੍ਹਾਂ ਤੋਂ ਇਲਾਵਾ ਹੋਰ ਕਈ ਲੋਕ ਵੀ ਅਜਿਹੀਆਂ AI ਵੀਡੀਓਜ਼ ਦਾ ਸ਼ਿਕਾਰ ਹੋ ਚੁੱਕੇ ਹਨ।
ਮੁੱਖ ਮੰਤਰੀ ਨੇ ਉਸ ਵੇਲੇ ਇਹ ਵੀ ਦਾਅਵਾ ਕੀਤਾ ਸੀ ਕਿ ਉਹ ਬਿਨਾਂ ਕਿਸੇ ਫੋਰੈਂਸਿਕ ਜਾਂਚ ਦੇ ਵੀ ਵੀਡੀਓ ਦੀ ਅਸਲੀਅਤ ਬਾਰੇ ਆਪਣਾ ਪੱਖ ਰੱਖ ਸਕਦੇ ਹਨ, ਪਰ ਇਸ ਦੇ ਬਾਵਜੂਦ ਉਹ ਜਾਂਚ ਕਰਵਾਉਣ ਲਈ ਤਿਆਰ ਹਨ।
ਉਸ ਸਮੇਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਮੁੱਖ ਮੰਤਰੀ ਨੂੰ ਕਿਹਾ ਸੀ ਕਿ ਸਰਕਾਰ ਦੀਆਂ ਦੋ ਅਜਿਹੀਆਂ ਫੋਰੈਂਸਿਕ ਲੈਬੋਰੇਟਰੀਆਂ ਦੇ ਨਾਮ ਦੱਸੇ ਜਾਣ ਜਿੱਥੇ ਵੀਡੀਓ ਦੀ ਜਾਂਚ ਕਰਵਾਈ ਜਾ ਸਕੇ। ਇਸ ‘ਤੇ ਮੁੱਖ ਮੰਤਰੀ ਨੇ ਜਾਂਚ ਕਰਵਾਉਣ ਲਈ ਸਹਿਮਤੀ ਪ੍ਰਗਟਾਈ ਸੀ।
ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਇਹ ਵੀ ਕਿਹਾ ਸੀ ਕਿ ਮਾਮਲਾ ਗੁਰੂ ਸਾਹਿਬਾਨ ਨਾਲ ਜੁੜਿਆ ਹੋਇਆ ਹੈ, ਇਸ ਲਈ ਇਸ ਨੂੰ ਗੰਭੀਰਤਾ ਨਾਲ ਲਿਆ ਜਾਣਾ ਚਾਹੀਦਾ ਹੈ। ਉਨ੍ਹਾਂ ਆਖਿਆ ਸੀ ਕਿ ਜੇਕਰ ਵੀਡੀਓ ਗਲਤ ਹੈ ਤਾਂ ਕਿਸੇ ਦੀ ਕਿਰਦਾਰਕੁਸ਼ੀ ਨਹੀਂ ਹੋਣੀ ਚਾਹੀਦੀ, ਪਰ ਵੀਡੀਓ ਦੀ ਸੱਚਾਈ ਜਾਂਚ ਰਿਪੋਰਟ ਆਉਣ ਤੋਂ ਬਾਅਦ ਹੀ ਸਾਹਮਣੇ ਆ ਸਕੇਗੀ।
-(ਪੀਟੀਸੀ ਨਿਊਜ)
ਨੋਟ- ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।


