E20 ਪੈਟਰੋਲ ਵਿਵਾਦ ‘ਚ ਵੱਡਾ ਫ਼ੈਸਲਾ, ਖਰਾਬ ਹੋਈ ਕਾਰ ਦੇ ਮਾਲਕ ਦੇ ਹੱਕ ‘ਚ ਅਦਾਲਤ; ਕੰਪਨੀ ਨੂੰ ਨਵੀਂ ਕਾਰ ਦੇਣ ਦੇ ਹੁਕਮ
ਖਪਤਕਾਰ ਨੇ ਅਦਾਲਤ ਨੂੰ ਦੱਸਿਆ ਕਿ E20 ਪੈਟਰੋਲ ਭਰਨ ਤੋਂ ਬਾਅਦ ਕਾਰ ਦੇ ਇੰਜਣ ਦੀ ਕਾਰਗੁਜ਼ਾਰੀ ਪ੍ਰਭਾਵਿਤ ਹੋ ਗਈ। ਇੰਜਣ ਵਿੱਚ ਗਲਤ ਫਾਇਰਿੰਗ, ਮਾਈਲੇਜ ਘਟਣਾ ਅਤੇ ਹੋਰ ਤਕਨੀਕੀ ਸਮੱਸਿਆਵਾਂ ਲਗਾਤਾਰ ਸਾਹਮਣੇ ਆਉਣ ਲੱਗੀਆਂ।

ਛੱਤੀਸਗੜ੍ਹ
ਭਾਰਤ ਵਿੱਚ E20 ਪੈਟਰੋਲ ਨੂੰ ਲੈ ਕੇ ਚੱਲ ਰਹੀ ਚਰਚਾ ਵਿਚਕਾਰ ਇੱਕ ਅਹਿਮ ਕਾਨੂੰਨੀ ਫ਼ੈਸਲਾ ਸਾਹਮਣੇ ਆਇਆ ਹੈ। ਛੱਤੀਸਗੜ੍ਹ ਦੇ ਰਾਏਪੁਰ ਦੀ ਖਪਤਕਾਰ ਅਦਾਲਤ ਨੇ ਪਹਿਲੀ ਵਾਰ ਅਜਿਹੇ ਮਾਮਲੇ ਵਿੱਚ ਕਾਰ ਮਾਲਕ ਦੇ ਹੱਕ ਵਿੱਚ ਫ਼ੈਸਲਾ ਸੁਣਾਉਂਦਿਆਂ ਵੱਡੇ ਹੁਕਮ ਜਾਰੀ ਕੀਤੇ ਹਨ। ਸ਼ਿਕਾਇਤਕਰਤਾ ਨੇ ਦਾਅਵਾ ਕੀਤਾ ਸੀ ਕਿ E20 ਪੈਟਰੋਲ ਦੀ ਵਰਤੋਂ ਕਰਨ ਤੋਂ ਬਾਅਦ ਉਸ ਦੀ ਕਾਰ ਵਿੱਚ ਲਗਾਤਾਰ ਤਕਨੀਕੀ ਖ਼ਰਾਬੀਆਂ ਆਉਣੀਆਂ ਸ਼ੁਰੂ ਹੋ ਗਈਆਂ। ਕਈ ਵਾਰ ਸਰਵਿਸ ਸੈਂਟਰ ਵਿੱਚ ਮੁਰੰਮਤ ਕਰਵਾਉਣ ਦੇ ਬਾਵਜੂਦ ਸਮੱਸਿਆ ਦਾ ਹੱਲ ਨਹੀਂ ਹੋਇਆ ਅਤੇ ਉਸ ਨੂੰ ਵਾਧੂ ਆਰਥਿਕ ਨੁਕਸਾਨ ਵੀ ਝੱਲਣਾ ਪਿਆ।
ਖਪਤਕਾਰ ਨੇ ਅਦਾਲਤ ਨੂੰ ਦੱਸਿਆ ਕਿ E20 ਪੈਟਰੋਲ ਭਰਨ ਤੋਂ ਬਾਅਦ ਕਾਰ ਦੇ ਇੰਜਣ ਦੀ ਕਾਰਗੁਜ਼ਾਰੀ ਪ੍ਰਭਾਵਿਤ ਹੋ ਗਈ। ਇੰਜਣ ਵਿੱਚ ਗਲਤ ਫਾਇਰਿੰਗ, ਮਾਈਲੇਜ ਘਟਣਾ ਅਤੇ ਹੋਰ ਤਕਨੀਕੀ ਸਮੱਸਿਆਵਾਂ ਲਗਾਤਾਰ ਸਾਹਮਣੇ ਆਉਣ ਲੱਗੀਆਂ। ਉਹ ਕਈ ਵਾਰ ਸਰਵਿਸ ਸੈਂਟਰ ਗਿਆ, ਪਰ ਹਰ ਵਾਰ ਮੁਰੰਮਤ ਤੋਂ ਬਾਅਦ ਵੀ ਸਮੱਸਿਆ ਮੁੜ ਪੈਦਾ ਹੋ ਜਾਂਦੀ ਸੀ, ਜਿਸ ਕਾਰਨ ਉਸ ਦਾ ਖਰਚਾ ਲਗਾਤਾਰ ਵਧਦਾ ਰਿਹਾ।
ਕਾਰ ਡੀਲਰ ਦੀਆਂ ਦਲੀਲਾਂ ਨਾਲ ਅਦਾਲਤ ਨਹੀਂ ਹੋਈ ਸਹਿਮਤ
ਮਾਮਲੇ ਦੀ ਸੁਣਵਾਈ ਦੌਰਾਨ ਮੁੱਖ ਸਵਾਲ ਇਹ ਸੀ ਕਿ ਕੀ E20 ਪੈਟਰੋਲ ਕਾਰ ਵਿੱਚ ਆਈਆਂ ਖ਼ਰਾਬੀਆਂ ਦਾ ਕਾਰਨ ਬਣਿਆ ਜਾਂ ਨਹੀਂ। ਕਾਰ ਨਿਰਮਾਤਾ ਅਤੇ ਡੀਲਰ ਨੇ ਅਦਾਲਤ ਨੂੰ ਦੱਸਿਆ ਕਿ ਸੰਬੰਧਤ ਵਾਹਨ ਮਾਡਲ E20 ਪੈਟਰੋਲ ਲਈ ਪੂਰੀ ਤਰ੍ਹਾਂ ਅਨੁਕੂਲ ਹੈ। ਉਨ੍ਹਾਂ ਇਹ ਵੀ ਦਲੀਲ ਦਿੱਤੀ ਕਿ ਵਾਹਨ ਵਿੱਚ ਆਈਆਂ ਖ਼ਰਾਬੀਆਂ ਲਈ ਮਾਲਕ ਦੀ ਲਾਪਰਵਾਹੀ, ਗਲਤ ਰੱਖ-ਰਖਾਅ ਅਤੇ ਆਮ ਘਿਸਾਈ ਜ਼ਿੰਮੇਵਾਰ ਹੈ। ਦੂਜੇ ਪਾਸੇ ਸ਼ਿਕਾਇਤਕਰਤਾ ਨੇ ਕਿਹਾ ਕਿ 2024 ਵਿੱਚ ਖਰੀਦੀ ਗਈ ਕਾਰ E20 ਪੈਟਰੋਲ ਦੀ ਵਰਤੋਂ ਸ਼ੁਰੂ ਕਰਨ ਤੋਂ ਪਹਿਲਾਂ ਬਿਲਕੁਲ ਠੀਕ ਚੱਲ ਰਹੀ ਸੀ ਅਤੇ ਉਸ ਤੋਂ ਬਾਅਦ ਹੀ ਲਗਾਤਾਰ ਸਮੱਸਿਆਵਾਂ ਸਾਹਮਣੇ ਆਉਣ ਲੱਗੀਆਂ।
ਕੰਪਨੀ ਨੂੰ ਨਵੀਂ ਕਾਰ ਦੇਣ ਜਾਂ ਪੂਰੀ ਰਕਮ ਵਾਪਸ ਕਰਨ ਦੇ ਹੁਕਮ
ਕਾਰ ਮਾਲਕ ਨੇ ਮਾਰੂਤੀ ਸੁਜ਼ੂਕੀ ਇੰਡੀਆ ਲਿਮਟਿਡ ਖ਼ਿਲਾਫ਼ ਖਪਤਕਾਰ ਅਦਾਲਤ ਵਿੱਚ ਕੇਸ ਦਾਇਰ ਕੀਤਾ ਸੀ। ਦੋਵਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਕੰਪਨੀ ਨੂੰ ਹੁਕਮ ਦਿੱਤਾ ਕਿ ਉਹ 45 ਦਿਨਾਂ ਦੇ ਅੰਦਰ ਸ਼ਿਕਾਇਤਕਰਤਾ ਨੂੰ ਉਸੇ ਮਾਡਲ ਦੀ E20 ਪੈਟਰੋਲ ਦੇ ਅਨੁਕੂਲ ਨਵੀਂ ਕਾਰ ਮੁਹੱਈਆ ਕਰਵਾਏ। ਜੇਕਰ ਕੰਪਨੀ ਅਜਿਹਾ ਕਰਨ ਵਿੱਚ ਅਸਫਲ ਰਹਿੰਦੀ ਹੈ ਤਾਂ ਉਸ ਨੂੰ ਕਾਰ ਦੀ ਪੂਰੀ ਕੀਮਤ, ਕਰੀਬ 20.50 ਲੱਖ ਰੁਪਏ, ਵਾਪਸ ਕਰਨੇ ਪੈਣਗੇ। ਇਸ ਤੋਂ ਇਲਾਵਾ ਅਦਾਲਤ ਨੇ ਮਾਨਸਿਕ ਪਰੇਸ਼ਾਨੀ ਲਈ ਇੱਕ ਲੱਖ ਰੁਪਏ ਮੁਆਵਜ਼ਾ ਅਤੇ ਮੁਕੱਦਮੇਬਾਜ਼ੀ ਦੇ ਖਰਚਿਆਂ ਵਜੋਂ 10 ਹਜ਼ਾਰ ਰੁਪਏ ਅਦਾ ਕਰਨ ਦੇ ਵੀ ਨਿਰਦੇਸ਼ ਦਿੱਤੇ ਹਨ।
ਇੰਜਣ ਵਿੱਚ E20 ਪੈਟਰੋਲ ਦੇ ਅਸਰ ਸਬੰਧੀ ਸਬੂਤ ਵੀ ਕੀਤੇ ਗਏ ਪੇਸ਼
ਸ਼ਿਕਾਇਤਕਰਤਾ ਨੇ ਅਦਾਲਤ ਸਾਹਮਣੇ ਅਜਿਹੇ ਸਬੂਤ ਪੇਸ਼ ਕੀਤੇ, ਜਿਨ੍ਹਾਂ ਤੋਂ ਇਹ ਦਾਅਵਾ ਕੀਤਾ ਗਿਆ ਕਿ ਵਾਹਨ ਦੇ ਇੰਜਣ ਵਿੱਚ E20 ਪੈਟਰੋਲ ਇਕੱਠਾ ਹੋਣ ਕਾਰਨ ਤਕਨੀਕੀ ਸਮੱਸਿਆਵਾਂ ਪੈਦਾ ਹੋਈਆਂ। ਮੁਰੰਮਤ ਤੋਂ ਕੁਝ ਦਿਨਾਂ ਬਾਅਦ ਪੈਟਰੋਲ ਟੈਂਕ ਵਿੱਚ ਚਿੱਟੇ ਰੰਗ ਦਾ ਚਿਪਚਿਪਾ ਤਰਲ ਪਦਾਰਥ ਵੀ ਮਿਲਿਆ, ਜਦਕਿ ਇੰਜਣ ਦੀ ਹਾਲਤ ਲਗਾਤਾਰ ਖਰਾਬ ਹੁੰਦੀ ਗਈ। ਅਦਾਲਤ ਨੇ ਪੇਸ਼ ਕੀਤੇ ਗਏ ਤੱਥਾਂ ਅਤੇ ਸਬੂਤਾਂ ਦੇ ਆਧਾਰ ‘ਤੇ ਕਾਰ ਕੰਪਨੀ ਨੂੰ ਇਸ ਮਾਮਲੇ ਲਈ ਜ਼ਿੰਮੇਵਾਰ ਮੰਨਦਿਆਂ ਸ਼ਿਕਾਇਤਕਰਤਾ ਦੇ ਹੱਕ ਵਿੱਚ ਫ਼ੈਸਲਾ ਸੁਣਾਇਆ।
-(ਪੀਟੀਸੀ ਨਿਊਜ)
ਨੋਟ- ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।


