Breaking- ਤਖਤ ਦੇ ਸਾਬਕਾ ਜਥੇਦਾਰ ਨੂੰ ਦਿੱਲੀ ਮੈਟਰੋ ਵਿੱਚ ਕਿਰਪਾਨ ਸਮੇਤ ਸਫਰ ਕਰਨ ਤੋਂ ਰੋਕਣਾ ਹਿੰਦੂਤਵੀ ਧਰੁਵੀਕਰਨ ਪ੍ਰਾਜੈਕਟ ਦਾ ਹਿੱਸਾ:- ਕੇਂਦਰੀ ਸਿੰਘ ਸਭਾ
ਚੰਡੀਗੜ੍ਹ, 9 ਸਤੰਬਰ – (ਪੰਜਾਬ ਡਾਇਰੀ) ਤਖਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਨੂੰ ਕੱਲ੍ਹ ਦਿੱਲੀ ਮੈਟਰੋਂ ਵਿੱਚ ਤਿੰਨ-ਫੁੱਟੀ ਕਿਰਪਾਨ ਨਾਲ ਸਫਰ ਕਰਨ ਤੋਂ ਰੋਕਣਾ, ਹਿੰਦੂਤਵੀ ਸਫਬੰਦੀ ਪ੍ਰਾਜੈਕਟ ਦਾ ਹਿੱਸਾ ਹੈ ਜਿਸ ਦੀ ਸਭਿਆਚਾਰਕ-ਧਾਰਮਿਕ ਭਿੰਨਤਾਂ ਦੇ ਹਾਮੀਆਂ ਵੱਲੋਂ ਭਰਪੂਰ ਨਿਖੇਦੀ ਕਰਨੀ ਚਾਹੀਦੀ ਹੈ।
ਸਿੱਖਾਂ ਦੀ ਸਤਿਕਾਰਤ ਹਸਤੀ ਸਾਬਕਾ ਜਥੇਦਾਰ ਨੂੰ ਪਹਿਲਾਂ ਕਿਸੇ ਸਮੇਂ ਵੀ ਵੱਡੀ ਕਿਰਪਾਨ ਲੈ ਕੇ ਮੈਟਰੋ ਵਿੱਚ ਸਫਰ ਕਰਨ ਤੋਂ ਰੋਕਿਆ ਨਹੀਂ ਸੀ ਪਰ ਕੱਲ੍ਹ ਜਦੋਂ ਉਹ ਤਿਲਕ ਨਗਰ ਸਟੇਸ਼ਨ ਤੋਂ ਮੈਟਰੋ ਵਿੱਚ ਚੜ੍ਹਨ ਲੱਗੇ ਤਾਂ ਸੁਰੱਖਿਆ ਕਰਮੀਆਂ ਨੇ ਉਹਨਾਂ ਨੂੰ ਰੋਕ ਦਿੱਤਾ। ਸੁਰੱਖਿਆ ਸਟਾਫ ਹਵਾਈ ਜਹਾਜ ਵਿੱਚ ਸਫਰ ਕਰਨ ਵਾਲੀਆਂ ਸ਼ਰਤਾਂ ਗਿਆਨੀ ਜੀ ਉਪਰ ਵੀ ਲਾਉਂਦੇ ਰਹੇ।
ਕੇਂਦਰੀ ਸਿੰਘ ਸਭਾ ਨਾਲ ਜੁੜ੍ਹੇ ਸਿੱਖ ਬੁੱਧੀਜੀਵੀਆਂ ਨੇ ਇਸ ਘਟਨਾ ਦੀ ਨਿੰਦਾ ਕਰਦਿਆ ਕਿਹਾ ਕਿ ਭਾਜਪਾ ਸਰਕਾਰਾਂ ਸੁਰੱਖਿਆ ਦਾ ਬਹਾਨੇ ਸਭਿਆਚਾਰ ਵੰਨ-ਸਵੰਨਤਾ ਨੂੰ ਕੁੱਚਲ ਕੇ ਇਕਸਾਰਤਾ ਵਾਲਾ ਹਿੰਦੂ ਰਾਸ਼ਟਰਵਾਦੀ ਕਲਚਰ ਖੜ੍ਹਾ ਕਰ ਰਹੀਆਂ ਹਨ। ਅਜਿਹੇ ਸਭਿਆਚਾਰਕ ਹਮਲਿਆਂ ਕਰਕੇ ਘੱਟ ਗਿਣਤੀਆਂ ਆਪਣੇ ਆਪ ਨੂੰ ਅਸੁਰੱਖਿਅਤ ਅਤੇ ਦਬੀਆਂ ਹੋਈਆ ਮਹਿਸੂਸ ਕਰ ਰਹੀਆ ਹਨ।
ਬੁੱਧੀਜੀਵੀਆਂ ਨੇ ਸਰਕਾਰਾਂ ਨੂੰ ਅਪੀਲ ਕੀਤੀ ਹੈ। ਉਹ ਘੱਟਗਿਣਤੀਆਂ ਦੀ ਸਭਿਆਚਾਰਕ ਸੰਵੇਦਨਸ਼ੀਲਤਾ ਨੂੰ ਸਵੀਕਾਰ ਕਰਦਿਆਂ, ਬੇਲੋੜ੍ਹੇ ਸੁਰੱਖਿਆ ਪਾਬੰਦੀਆਂ ਨੂੰ ਖਤਮ ਕਰਨ।
ਯਾਦ ਰਹੇ, ਭਾਰਤੀ ਸੰਵਿਧਾਨ ਸਿੱਖਾਂ ਅਤੇ ਘੱਟ ਗਿਣਤੀਆਂ ਨੂੰ ਧਾਰਮਿਕ ਆਜ਼ਾਦੀ ਦੇ ਅਧਿਕਾਰ ਦਿੱਤੇ ਹਨ। ਸਿੱਖਾਂ ਨੇ ਲੰਬੀ ਜਦੋਂ-ਜਹਿਦ ਅਤੇ ਕੁਰਬਾਨੀਆਂ ਪਿੱਛੋਂ ਕਿਰਪਾਨ ਰੱਖਣ ਦਾ ਸੰਵਿਧਾਨ ਅਧਿਕਾਰ ਪ੍ਰਾਪਤ ਕੀਤੇ ਸਨ ਅਤੇ ਤਖਤਾਂ ਦੇ ਜਥੇਦਾਰ ਤਿੰਨ-ਫੁੱਟੀ ਕਿਰਪਾਨ ਰੱਖਣ ਦੀ ਸਰਬ-ਪ੍ਰਵਾਨਤ ਪ੍ਰੰਪਰਾ ਹੈ।
ਇਹ ਸਾਂਝਾ ਬਿਆਨ ਪ੍ਰੋਫੈਸਰ ਸ਼ਾਮ ਸਿੰਘ (ਪ੍ਰਧਾਨ), ਪੱਤਰਕਾਰ ਜਸਪਾਲ ਸਿੰਘ ਸਿੱਧੂ, ਇੰਜ. ਗੁਰਪਾਲ ਸਿੰਘ ਸਿੱਧੂ, ਸੁਰਿੰਦਰ ਸਿੰਘ ਕਿਸ਼ਨਪੁਰਾ, ਗੁਰਪ੍ਰੀਤ ਸਿੰਘ ਪ੍ਰਤੀਨਿਧ ਗਲੋਬਲ ਸਿੱਖ ਕੌਂਸਲ, ਰਾਜਵਿੰਦਰ ਸਿੰਘ ਰਾਹੀ ਅਤੇ ਗੁਰਬਚਨ ਸਿੰਘ (ਸੰਪਾਦਕ ਦੇਸ਼ ਪੰਜਾਬ) ਵੱਲੋਂ ਜਾਰੀ ਕੀਤਾ ਗਿਆ।
ਜਾਰੀ ਕਰਤਾ:- ਖੁਸ਼ਹਾਲ ਸਿੰਘ (ਜਨਰਲ ਸਕੱਤਰ) ਕੇਂਦਰੀ ਸ੍ਰੀ ਗੁਰੂ ਸਿੰਘ ਸਭਾ, 93161-07093