Breaking- ਮੁੱਖ ਮੰਤਰੀ ਨੇ ਪੰਜਾਬ ਵਿਚ ਨਿਵੇਸ਼ ਕਰਨ ਲਈ ਵੱਖ-ਵੱਖ ਨਿਵੇਸ਼ਕਾਂ ਨੂੰ ਪੰਜਾਬ ਨਿਵੇਸ਼ਕ ਸੰਮੇਲਨ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ
ਜਰਮਨੀ, 13 ਸਤੰਬਰ – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਜਰਮਨੀ ਦੌਰੇ ਦੇ ਪਹਿਲੇ ਦਿਨ ਅੱਜ ਪੰਜਾਬ ਨੂੰ ਨਿਵੇਸ਼ ਲਈ ਤਰਜੀਹੀ ਸਥਾਨ ਦੱਸਿਦਆਂ ਵੱਖ-ਵੱਖ ਨਾਮੀ ਕੰਪਨੀਆਂ ਨਾਲ ਵਿਚਾਰ-ਚਰਚਾ ਕੀਤੀ ਅਤੇ ਉਨ੍ਹਾਂ ਨੂੰ ਪੰਜਾਬ ਵਿੱਚ ਨਿਵੇਸ਼ ਕਰਨ ਦਾ ਸੱਦਾ ਦਿੱਤਾ।
ਮੁੱਖ ਮੰਤਰੀ ਨੂੰ ਸੀਈਓ ਮੈਸੇ ਮੁਚੇ ਜੀਐਮਬੀਐਚ ਡਾ. ਰੀਨਹਾਰਡ ਫੀਫਰ ਨੇ ਫੂਡ ਇੰਡਸਟਰੀ ਲਈ ਵਿਸ਼ਵ ਦੇ ਪ੍ਰਮੁੱਖ ਵਪਾਰਕ ਮੇਲੇ ਡ੍ਰਿੰਕਟੈਕ 2022 ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਸੀ। ਸਮਾਗਮ ਵਿੱਚ ਉਦਯੋਗਿਕ ਆਗੂਆਂ ਨਾਲ ਇੱਕ ਤੋਂ ਬਾਅਦ ਇੱਕ ਵਿਚਾਰ-ਚਰਚਾ ਦੌਰਾਨ ਉਨ੍ਹਾਂ ਨੇ ਆਲਮੀ ਉਦਯੋਗਪਤੀਆਂ ਨੂੰ 23-24 ਫਰਵਰੀ, 2023 ਨੂੰ ਹੋਣ ਵਾਲੇ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ ਵਿੱਚ ਸ਼ਾਮਲ ਹੋਣ ਲਈ ਨਿੱਘਾ ਸੱਦਾ ਦਿੱਤਾ।
ਸਮਾਗਮ ਦੌਰਾਨ ਭਗਵੰਤ ਮਾਨ ਨੇ ਪ੍ਰਮੁੱਖ ਕੰਪਨੀਆਂ ਜਿਵੇਂ ਜ਼ੈੱਪਲਿਨ, ਬੁਏਲਰ, ਪ੍ਰੋ ਮਾਈਨੈਂਟ, ਡੋਨਲਡਸਨ, ਆਈਗਸ, ਸਿਪ੍ਰੀਆਨੀ ਹੈਰੀਸਨ ਵਾਲਵਸ, ਪੈਂਟੇਅਰ ਅਤੇ ਹੋਰਾਂ ਨਾਲ ਪੰਜਾਬ ਦੇ ਉਦਯੋਗਾਂ ਜਿਵੇਂ ਕਿ ਤੇਲ ਬੀਜ ਪ੍ਰੋਸੈਸਿੰਗ ਮਸ਼ੀਨਰੀ, ਉਦਯੋਗਿਕ ਏਅਰ ਫਿਲਟਰੇਸ਼ਨ ਪ੍ਰਣਾਲੀਆਂ, ਸ਼ੁੱਧੀਕਰਨ ਤਕਨਾਲੋਜੀ, ਪਾਣੀ ਵਿੱਚ ਰਸਾਇਣਾਂ ਦਾ ਮਾਪ, ਰਸਾਇਣਾਂ ਲਈ ਟੌਸਿੰਗ ਉਪਕਰਨ, ਬਾਇਓਮਾਸ ਨੂੰ ਊਰਜਾ ਵਿੱਚ ਬਦਲਣ, ਉਦਯੋਗਾਂ ਦੇ ਪਾਣੀ ਨੂੰ ਸੋਧਣ ਅਤੇ ਹੋਰਾਂ ਲਈ ਵੱਖ-ਵੱਖ ਤਕਨਾਲੋਜੀ ਹੱਲਾਂ ਬਾਰੇ ਵਿਚਾਰ-ਵਟਾਂਦਰਾ ਕੀਤਾ।