Breaking-ਬਾਬਾ ਫ਼ਰੀਦ ਪਬਲਿਕ ਸਕੂਲ ਦੇ ਜੇਤੂ ਰਹਿਣ ਵਾਲੇ ਵਿਦਿਆਰਥੀਆਂ ਨੂੰ ਕੀਤਾ ਗਿਆ ਸਨਮਾਨਿਤ।
ਫਰੀਦਕੋਟ, 15 ਸਤੰਬਰ – (ਪੰਜਾਬ ਡਾਇਰੀ) ਬਾਬਾ ਫਰੀਦ ਜੀ ਦੀ ਰਹਿਮਤ ਸਦਕਾ ਅਤੇ ਚੇਅਰਮੈਨ ਸ. ਇੰਦਰਜੀਤ ਸਿੰਘ ਖਾਲਸਾ ਜੀ ਦੀ ਰਹਿਨੁਮਾਈ ਹੇਠ ਚੱਲ ਰਹੀ ਇਲਾਕੇ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਬਾਬਾ ਫ਼ਰੀਦ ਪਬਲਿਕ ਸਕੂਲ, ਫ਼ਰੀਦਕੋਟ ਦੇ ਵਿਦਿਆਰਥੀਆਂ ਨੇ ਹਮੇਸ਼ਾ ਦੀ ਤਰ੍ਹਾਂ ਇਸ ਵਾਰ ਵੀ ਵੱਖ-ਵੱਖ ਮੁਕਾਬਲਿਆਂ ਵਿੱਚ ਗੋਲਡ ਮੈਡਲ ਜਿੱਤ ਕੇ ਆਪਣਾ, ਸਕੂਲ ਅਤੇ ਮਾਪਿਆਂ ਦਾ ਮਾਣ ਵਧਾਇਆ ਹੈ । ਇਨ੍ਹਾਂ ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਪ੍ਰਿੰਸੀਪਲ ਸ੍ਰੀਮਤੀ ਕੁਲਦੀਪ ਕੌਰ ਨੇ ਦੱਸਿਆ ਕਿ ਦਸਵੀਂ ਜਮਾਤ ਵਿੱਚੋਂ ਚੰਗੇ ਨੰਬਰ ਹਾਸਿਲ ਕਰਨ ਤੇ ਸਕੂਲ ਦੀ ਵਿਦਿਆਰਥਣ ਰੁਪਨੀਤ ਕੌਰ ਅਤੇ ਦਿਲਪ੍ਰੀਤ ਸਿੰਘ ਨੂੰ ਭਾਰਤ ਵਿਕਾਸ ਪ੍ਰੀਸ਼ਦ ਦੁਆਰਾ ਗੋਲਡ ਮੈਡਲ ਅਤੇ ਟਰਾਫੀਆਂ ਨਾਲ ਸਨਮਾਨਿਤ ਕੀਤਾ ਗਿਆ। ਇਸੇ ਤਰ੍ਹਾਂ ਹੀ ਸੀ.ਬੀ.ਐੱਸ.ਈ. ਦੇ ਨਿਰਦੇਸ਼ਾਂ ਤੇ ਅਧਾਰਿਤ ਸਕੂਲ ਵੱਲੋਂ ਮਨਾਏ ਗਏ ਸਵੱਛਤਾ ਪੱਖਵਾੜੇ ਵਿੱਚ ਪੇਂਟਿੰਗ, ਭਾਸ਼ਣ ਅਤੇ ਕਵਿਤਾ ਵਿੱਚ ਚੰਗਾ ਪ੍ਰਦਰਸ਼ਨ ਕਰਨ ਵਾਲੇ ਸ਼ਰਮਨਦੀਪ ਸਿੰਘ, ਹਰਸਿਫ਼ਤ ਕੌਰ, ਪੂਰਨਿਮਾ, ਪਰਮਵੀਰ ਕੌਰ ਅਤੇ ਨਵਜੋਤ ਕੌਰ ਨੂੰ ਵੀ ਸਕੂਲ ਵੱਲੋਂ ਸਨਮਾਨਿਤ ਕੀਤਾ ਗਿਆ। ਬਰਜਿੰਦਰਾ ਕਾਲਜ ਵੱਲੋਂ ਆਯੋਜਿਤ ਗੱਤਕਾ-ਖੇਡ ਮੁਕਾਬਲਿਆਂ ਵਿੱਚ ਮਨਜੋਤ ਕੌਰ ਨੇ ਅਤੇ ਰਿਲੇਅ ਰੇਸ ਵਿੱਚ ਸਨੇਹਮੀਤ ਕੌਰ ਨੇ ਗੋਲਡ ਮੈਡਲ ਜਿੱਤ ਕੇ ਸਕੂਲ ਅਤੇ ਇਲਾਕੇ ਦਾ ਮਾਣ ਵਧਾਇਆ ਹੈ । ਸਕੂਲ ਵਿੱਚ ਸਵੇਰ ਦੀ ਪ੍ਰਾਰਥਨਾ ਸਭਾ ਵਿੱਚ ਪ੍ਰਿੰਸੀਪਲ ਸ੍ਰੀਮਤੀ ਕੁਲਦੀਪ ਕੌਰ ਨੇ ਇਹ ਵੱਖ-ਵੱਖ ਸਨਮਾਨ ਅਤੇ ਮੈਡਲ ਵਿਦਿਆਰਥੀਆਂ ਨੂੰ ਪ੍ਰਦਾਨ ਕੀਤੇ । ਇਸ ਮੌਕੇ ਉਨ੍ਹਾਂ ਆਪਣੇ ਸੰਬੋਧਨ ਵਿਚ ਕਿਹਾ ਕਿ ਸਾਨੂੰ ਆਪਣੇ ਹੋਣਹਾਰ ਵਿਦਿਆਰਥੀਆਂ ‘ਤੇ ਹਮੇਸ਼ਾ ਹੀ ਮਾਣ ਰਿਹਾ ਹੈ, ਜਿਨ੍ਹਾਂ ਨੇ ਸਿੱਖਿਆ ਦੇ ਖੇਤਰ ਵਿੱਚ ਤਾਂ 99.4 ਪ੍ਰਤੀਸ਼ਤ ਅੰਕ ਹਾਸਲ ਕਰਕੇ ਰਿਕਾਰਡ ਕਾਇਮ ਕੀਤਾ ਹੀ ਹੈ, ਨਾਲ ਹੀ ਸਹਿ-ਅਕਾਦਮਿਕ ਗਤੀਵਿਧੀਆਂ, ਖੇਡ ਮੁਕਾਬਲਿਆਂ, ਸੱਭਿਆਚਾਰਕ, ਸਾਹਿਤਕ ਅਤੇ ਕਲਾਤਮਿਕ ਮੁਕਾਬਲਿਆਂ ਵਿੱਚ ਵੀ ਮੈਡਲ ਅਤੇ ਇਨਾਮ ਜਿੱਤ ਕੇ ਸਕੂਲ ਦਾ ਨਾਮ ਸਦਾ ਰੋਸ਼ਨ ਕੀਤਾ ਹੈ । ਉਨ੍ਹਾਂ ਨੇ ਇਨ੍ਹਾਂ ਜੇਤੂ ਵਿਦਿਆਰਥੀਆਂ ਨੂੰ ਤਿਆਰੀ ਕਰਵਾਉਣ ਵਾਲੇ ਅਧਿਆਪਕਾਂ ਦਾ ਵੀ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ । ਇਸ ਮੌਕੇ ਸੰਸਥਾ ਦੇ ਚੇਅਰਮੈਨ ਸ. ਇੰਦਰਜੀਤ ਸਿੰਘ ਜੀ ਖਾਲਸਾ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਪ੍ਰਿੰਸੀਪਲ ਸ੍ਰੀਮਤੀ ਕੁਲਦੀਪ ਕੌਰ ਦੀ ਯੋਗ ਅਗਵਾਈ ਹੇਠ ਇਹ ਸਕੂਲ ਦਿਨ ਦੁੱਗਣੀ, ਰਾਤ ਚੌਗੁਣੀ ਤਰੱਕੀ ਕਰ ਰਿਹਾ ਹੈ । ਉਨ੍ਹਾਂ ਦੀ ਸੁਚੱਜੀ ਅਗਵਾਈ ਹੇਠ ਹੀ ਇੱਥੋਂ ਦੇ ਵਿਦਿਆਰਥੀ ਵੱਖ-ਵੱਖ ਖੇਤਰਾਂ ਵਿਚ ਨਿੱਤ ਨਵੀਆਂ ਪ੍ਰਾਪਤੀਆਂ ਕਰ ਰਹੇ ਹਨ । ਉਨ੍ਹਾਂ ਬਾਬਾ ਫ਼ਰੀਦ ਜੀ ਅੱਗੇ ਪ੍ਰਾਰਥਨਾ ਕੀਤੀ ਕਿ ਉਹ ਇਸੇ ਤਰ੍ਹਾਂ ਹੀ ਇਸ ਸਕੂਲ, ਪ੍ਰਿੰਸੀਪਲ, ਸਟਾਫ ਅਤੇ ਵਿਦਿਆਰਥੀਆਂ ਉੱਤੇ ਆਪਣਾ ਮਿਹਰ ਭਰਿਆ ਹੱਥ ਰੱਖਣ ।