Breaking- 28 ਸਤੰਬਰ ਨੂੰ ਮੈਰਾਥਨ ਦੌੜ, ਕੈਂਡਲ ਮਾਰਚ ਅਤੇ ਸੱਭਿਆਚਾਰਕ ਪ੍ਰੋਗਰਾਮ ਹੋਣਗੇ-ਡਾ. ਰੂਹੀ ਦੁੱਗ
ਪੂਰੀ ਸ਼ਰਧਾ ਨਾਲ ਮਨਾਇਆ ਜਾਵੇਗਾ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ
ਸ਼ਹੀਦ ਦੇ ਜਨਮ ਦਿਨ ਤੇ ਲੋਕਾਂ ਨੂੰ ਘਰਾਂ ਦਾ ਬਾਹਰ ਦੀਵੇ ਮੋਮਬੱਤੀ ਜਗਾਉਣ ਦੀ ਅਪੀਲ
ਫਰੀਦਕੋਟ, 27 ਸਤੰਬਰ – (ਪੰਜਾਬ ਡਾਇਰੀ) 28 ਸਤੰਬਰ ਨੂੰ ਸ਼ਹੀਦ-ਏ-ਆਜ਼ਮ ਸ ਭਗਤ ਸਿੰਘ ਦਾ ਜਨਮ ਦਿਨ ਮਨਾਉਣ ਸਬੰਧੀ ਵੱਖ ਵੱਖ ਫਾਈਨਲ ਤਿਆਰੀਆਂ ਦਾ ਜਾਇਜਾ ਲੈਣ ਲਈ ਮੀਟਿੰਗ ਡਿਪਟੀ ਕਮਿਸ਼ਨਰ ਡਾ.ਰੂਹੀ ਦੁੱਗ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ/ ਕਰਮਚਾਰੀਆਂ ਨੇ ਭਾਗ ਲਿਆ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਨੇ ਦੱਸਿਆ ਕਿ ਇਹ ਮੈਰਾਥਨ ਸਵੇਰੇ 6 ਵਜੇ ਨਹਿਰੂ ਸਟੇਡੀਅਮ ਤੋਂ ਸ਼ੁਰੂ ਹੋ ਕੇ ਸੇਠੀ ਡੇਅਰੀ ਚੌਂਕ, ਕੱਮੇਆਣਾ ਚੌਂਕ,ਰਿੰਗ ਰੋਡ ਤੋਂ ਹੁੰਦੀ ਹੋਈ ਭਾਈ ਕਨ੍ਹਈਆ ਚੌਂਕ,ਬੱਸ ਸਟੈਂਡ , ਜੁਬਲੀ ਚੌਂਕ ਹੁੰਦੇ ਹੋਏ ਨਹਿਰੂ ਸਟੇਡੀਅਮ ਵਿਖੇ ਵਾਪਸ ਪੁੱਜੇਗੀ। ਜਿਸ ਵਿਚ ਭਾਰਤੀ ਫ਼ੌਜ, ਬੀ.ਐਸ.ਐਫ, ਪੰਜਾਬ ਪੁਲਿਸ,ਵੱਖ ਵੱਖ ਸੰਸਥਾਵਾਂ ਦੇ ਵਿਦਿਆਰਥੀ,ਯੂਥ ਕਲੱਬਾਂ ਦੇ ਮੈਂਬਰ, ਐਨ.ਜੀ.ਓ ਤੇ ਆਮ ਲੋਕ ਭਾਗ ਲੈਣਗੇ। ਜਿੰਨਾ ਦੀ ਗਿਣਤੀ 1200 ਤੋਂ ਵੱਧ ਹੋਵੇਗੀ। ਉਨ੍ਹਾਂ ਦੱਸਿਆ ਕਿ ਮੈਰਾਥਨ ਖਤਮ ਹੋਣ ਉਪਰੰਤ ਸਟੇਡੀਅਮ ਵਿਖੇ ਹੀ ਪੁਲਿਸ ਦੀ ਟੁੱਕੜੀ ਵੱਲੋਂ ਸ਼ਹੀਦ ਭਗਤ ਸਿੰਘ ਦੀ ਫੋਟੋ ਨੂੰ ਗਾਰਡ ਆਫ਼ ਆਨਰ ਵੀ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਮੈਰਾਥਨ ਦੌੜ ਵਿਚ ਭਾਗ ਲੈਣ ਵਾਲੇ ਭਾਗੀਦਾਰਾਂ ਨੂੰ ਟੀ ਸ਼ਰਟਾਂ ਵੰਡੀਆਂ ਜਾਣਗੀਆਂ । ਇਸ ਉਪਰੰਤ ਸ਼ਹੀਦੇ ਆਜਮ ਦੇ ਜਨਮ ਦਿਨ ਨੂੰ ਸਮਰਪਿਤ ਦੇਸ਼ ਭਗਤੀ ਤੇ ਸੱਭਿਆਚਾਰਕ ਸਮਾਗਮ ਸਵੇਰੇ 11 ਵਜੇ ਕਰਾਫਟ ਮੇਲੇ ਵਾਲੀ ਥਾਂ ਦਾਣਾ ਮੰਡੀ ਫਰੀਦਕੋਟ ਵਿਖੇ ਹੋਵੇਗਾ।
ਉਨ੍ਹਾਂ ਦੱਸਿਆ ਕਿ ਇਸ ਉਪਰੰਤ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਵਸ ਨੂੰ ਸਮਰਪਿਤ 28 ਸਤੰਬਰ ਸ਼ਾਮ ਵੇਲੇ ਨੂੰ ਫਰੀਦਕੋਟ ਵਿਖੇ ਕੈਂਡਲ ਮਾਰਚ ਕੱਢਿਆ ਜਾਵੇਗਾ। ਇਹ ਕੈਂਡਲ ਮਾਰਚ ਹੁੱਕੀ ਚੌਕ ਤੋਂ ਸ਼ੁਰੂ ਹੋ ਕੇ ਘੰਟਾ ਘਰ ਚੌਕ ਤੱਕ ਪੁੱਜੇਗਾ। ਇਹ ਕੈਂਡਲ ਮਾਰਚ ਸ਼ਾਮ 6.30 ਵਜੇ ਕੱਢਿਆ ਜਾਵੇਗਾ, ਜਿਸ ਵਿਚ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਐਨ.ਜੀ.ਓ , ਸ਼ਹਿਰ ਵਾਸੀ ਭਾਗ ਲੈਣਗੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ ‘ਤੇ ਰਾਸ਼ਟਰੀ ਝੰਡਾ ਲਹਿਰਾਉਣ ਅਤੇ ਸ਼ਾਮ/ਰਾਤ ਨੂੰ ਆਪਣੇ ਘਰਾਂ ਤੋਂ ਬਾਹਰ ਸ਼ਹੀਦ-ਏ-ਆਜ਼ਮ ਸ: ਭਗਤ ਸਿੰਘ ਦੀ ਯਾਦ ਵਿੱਚ ਦੀਵਾ ਜਾਂ ਮੋਮਬੱਤੀ ਜਗਾਉਣ । ਉਨ੍ਹਾਂ ਲੋਕਾਂ ਨੂੰ ਵੱਧ ਤੋਂ ਵੱਧ ਇਸ ਪ੍ਰੋਗਰਾਮ ਵਿੱਚ ਸ਼ਮੂਲੀਅਤ ਕਰਨ ਦੀ ਵੀ ਅਪੀਲ ਕੀਤੀ ਤਾਂ ਜੋ ਸ਼ਹੀਦ ਭਗਤ ਸਿੰਘ ਦੀ ਜੀਵਨੀ, ਕੁਰਬਾਨੀ ਬਾਰੇ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕੇ।