Breaking- ਝੋਨੇ ਦੀ ਕਟਾਈ ਲਈ ਹਾਰਵੈਸਟ ਕੰਬਾਈਨ ਸਵੇਰੇ 07:00 ਵਜੇ ਤੋਂ ਸ਼ਾਮ 7:00 ਵਜੇ ਤੱਕ ਹੀ ਚੱਲਣਗੀਆਂ-ਡਾ. ਰੂਹੀ ਦੁੱਗ
ਕਿਸਾਨ ਸੁੱਕੀ ਫਸਲ ਹੀ ਮੰਡੀਆਂ ਵਿੱਚ ਲਿਆਉਣ
ਫਰੀਦਕੋਟ, 6 ਅਕਤੂਬਰ – (ਪੰਜਾਬ ਡਾਇਰੀ) ਜ਼ਿਲ੍ਹਾ ਮੈਜਿਸਟਰੇਟ ਡਾ. ਰੂਹੀ ਦੁੱਗ ਨੇ ਫੌਜ਼ਦਾਰੀ ਦੰਡ ਸੰਘਤਾ, 1973 ਦੀ ਧਾਰਾ 144 ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਝੋਨੇ ਦੀ ਹਾਰਵੈਸਟ ਕੰਬਾਇਨਾਂ ਨਾਲ ਝੋਨੇ ਦੀ ਕਟਾਈ ਸਬੰਧੀ ਜਿਲ੍ਹੇ ਵਿੱਚ ਹੁਕਮ ਜਾਰੀ ਕੀਤੇ ਹਨ। ਜਾਰੀ ਹੁਕਮਾਂ ਅਨੁਸਾਰ ਫਰੀਦਕੋਟ ਜਿਲ੍ਹੇ ਵਿੱਚ ਝੋਨੇ ਦੀ ਕਟਾਈ ਲਈ ਹਾਰਵੈਸਟ ਕੰਬਾਈਨ ਸਵੇਰੇ 07:00 ਵਜੇ ਤੋਂ ਸ਼ਾਮ 7:00 ਵਜੇ ਤੱਕ ਹੀ ਚੱਲਣਗੀਆਂ । ਇਸ ਸਮੇਂ ਤੋਂ ਬਾਅਦ ( ਸ਼ਾਮ 07.00 ਵਜੇ ਤੋਂ ਬਾਅਦ ਸਵੇਰ 07.00 ਵਜੇ ਤੋਂ ਪਹਿਲਾਂ ) ਝੋਨੇ ਦੀ ਕੰਬਾਈਨਾਂ ਰਾਹੀਂ ਕਟਾਈ ਤੇ ਮੁਕੰਮਲ ਤੌਰ ਤੇ ਰੋਕ ਹੋਵੇਗੀ। ਅਨਾਜ ਮੰਡੀ ( ਸਮੇਤ ਆਰਜੀ ਮੰਡੀਆਂ) ਵਿੱਚ ਆੜਤੀਆ, ਮੰਡੀ ਬੋਰਡ ਪੰਜਾਬ ਸਰਕਾਰ ਗ੍ਰਹਿ ਵਿਭਾਗ ਅਤੇ ਖੇਤੀਬਾੜੀ ਵਿਭਾਗ ਵੱਲੋਂ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕਰਨੀ ਯਕੀਨੀ ਬਣਾਉਣਗੇ।
ਜ਼ਿਲ੍ਹਾ ਮੈਜਿਸਟ੍ਰੇਟ ਨੇ ਕਿਹਾ ਕਿ ਕਿਸਾਨਾਂ ਵੱਲੋਂ ਸਾਉਣੀ 2022 ਦੌਰਾਨ ਝੋਨੇ ਦੀ ਫਸਲ ਦੀ ਕਟਾਈ ਸ਼ੁਰੂ ਕੀਤੀ ਜਾ ਰਹੀ ਹੈ । ਝੋਨੇ ਦੀ ਕਟਾਈ ਵਾਸਤੇ ਕੰਬਾਇਨਾਂ ਦੀ ਵਰਤੋਂ ਕੀਤੀ ਜਾਂਦੀ ਹੈ । ਇਹ ਕੰਬਾਇਨਾਂ ਦੇਰ ਸਵੇਰ ਚੱਲਣ ਨਾਲ ਰਾਤ ਸਮੇਂ ਪਈ ਤਰੇਲ ਕਾਰਨ ਝੋਨੇ ਦੀ ਗਿੱਲੀ ਫਸਲ ਦੀ ਕਟਾਈ ਕਰਦੇ ਹਨ ਜਿਸ ਨਾਲ ਫਸਲ ਵਿੱਚ ਨਮੀ ਦੀ ਮਾਤਰਾ ਨਿਰਧਾਰਤ ਮਾਪਦੰਡ ਤੋਂ ਵੱਧਣ ਦੀ ਸੰਭਾਵਨਾ ਹੁੰਦੀ ਹੈ । ਗਿੱਲੀ ਫਸਲ ਮੰਡੀਆਂ ਵਿੱਚ ਲਿਆਉਣ ਕਰਕੇ ਕਿਸਾਨਾਂ ਨੂੰ ਕਈ ਵਾਰ ਫਸਲ ਵੇਚਣ ਵਿੱਚ ਗੈਰ – ਲੋੜੀਦੀ ਦੇਰੀ ਹੁੰਦੀ ਹੈ , ਜਿਸ ਨਾਲ ਉਹਨਾਂ ਵਿੱਚ ਰੋਸ ਦੀ ਭਾਵਨਾ ਪੈਦਾ ਹੁੰਦੀ ਹੈ ਅਤੇ ਕਿਸਾਨ ਜਥੇਬੰਦੀਆਂ ਧਰਨਿਆਂ ਤੇ ਉਤਾਰੂ ਹੋ ਜਾਂਦੀਆਂ ਹਨ , ਜੋ ਕਿ ਟਰੈਫਿਕ ਸਮੱਸਿਆ ਦੇ ਨਾਲ – ਨਾਲ ਅਮਨ ਕਾਨੂੰਨ ਦੀ ਸਥਿਤੀ ਲਈ ਵੀ ਮੁਸ਼ਕਿਲ ਪੈਦਾ ਕਰਦੇ ਹਨ । ਇਹ ਹੁਕਮ ਮਿਤੀ 3 ਦਸੰਬਰ 2022 ਤੱਕ ਲਾਗੂ ਕੀਤੇ ਗਏ ਹਨ।