Breaking- ਡਾ. ਬਲਜੀਤ ਕੌਰ ਕੈਬਨਿਟ ਮੰਤਰੀ ਪੰਜਾਬ ਦੇ ਵਿਧਾਨ ਸਭਾ ਹਲਕਾ ਦੇ ਸ਼ਹਿਰ ਮਲੋਟ ਵਿਖੇ ਐਤਵਾਰ ਨੂੰ ਅਰਥੀ ਫੂਕ ਮੁਜਾਹਰਾ – ਬਰਗਾੜੀ, ਰੇਸ਼ਮ ਸਿੰਘ
ਵਿਮੁਕਤ ਜਾਤੀਆਂ ਵੱਲੋਂ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੀ ਪਿੰਡ – ਪਿੰਡ ਵਿਰੋਧਤਾ ਕਰਕੇ ਸਰਕਾਰ ਨੂੰ ਮੰਗਾਂ ਮੰਨਣ ਲਈ ਮਜਬੂਰ ਕੀਤਾ ਜਾਵੇਗਾ।
ਫਰੀਦਕੋਟ, 18 ਨਵੰਬਰ – (ਪੰਜਾਬ ਡਾਇਰੀ) ਵਿਮੁਕਤ ਜਾਤੀਆਂ ਨੂੰ ਸਰਕਾਰੀ ਨੌਕਰੀਆਂ ਵਿੱਚ 18 ਦਸੰਬਰ 2020 ਨੂੰ ਜਾਰੀ ਹੋੲ ਸੋਧ ਪੱਤਰ ਅਨੁਸਾਰ ਮਿਲ ਰਹੇ ਦੋ ਪ੍ਰਤੀਸ਼ਤ ਰਾਖਵੇਂਕਰਨ ਦੇ ਕੋਟੇ ਦੇ ਅਧਾਰ ਤੇ ਸਿੱਖਿਆ ਵਿਭਾਗ, ਸਿਹਤ ਵਿਭਾਗ, ਪੁਲਿਸ ਭਰਤੀ, ਪਟਵਾਰੀਆਂ ਦੀ ਭਰਤੀ ਤੇ ਹੋਰ ਵਿਭਾਗਾਂ ਵਿੱਚ ਵੱਖ – ਵੱਖ ਕੇਡਰ ਦੀ ਚੱਲ ਰਹੀ ਭਰਤੀ ਪ੍ਰਕਿਰਿਆ ਨੂੰ ਪੂਰਾ ਕਰਵਾਉਣ ਤੇ ਪੰਜਾਬ ਸਰਕਾਰ ਵੱਲੋਂ ਵਿਮੁਕਤ ਜਾਤੀਆਂ ਨੂੰ ਮਿਲ ਰਹੇ ਰਾਖਵੇਂਕਰਨ ਦੇ ਵਿਰੁੱਧ ਜਾਰੀ ਹੋਏ 15 ਸਤੰਬਰ 2022 ਦੇ ਪੱਤਰ ਨੂੰ ਰੱਦ ਕਰਵਾਉਣ ਲਈ ਬੇਰੁਜ਼ਗਾਰ ਵਿਮੁਕਤ ਜਾਤੀ ਸੰਘ ਵੱਲੋਂ ਸੂਬਾ ਆਗੂ ਰੇਸ਼ਮ ਸਿੰਘ, ਨਵਦੀਪ ਸਿੰਘ ਅੰਮ੍ਰਿਤਸਰ ਤੇ ਮਨਿੰਦਰਜੀਤ ਸਿੰਘ ਦੀ ਅਗਵਾਈ ਹੇਠ ਫਰੀਦਕੋਟ ਵਿਖੇ ਡਾ. ਬਲਜੀਤ ਕੌਰ ਕੈਬਨਿਟ ਮੰਤਰੀ ਪੰਜਾਬ ਦੇ ਘਰ ਸਾਹਮਣੇ ਲਗਾਏ ਗਏ ਧਰਨੇ ਵਿੱਚ ਪਹੁੰਚ ਕੇ ਧਰਨੇ ਦੀ ਹਮਾਇਤ ਕਰਦਿਆਂ ਵਿਮੁਕਤ ਕਬੀਲੇ ਮਹਾਂ ਸੰਘ ਦੇ ਸੂਬਾ ਆਗੂ ਪਰਮਜੀਤ ਸਿੰਘ ਬਰਗਾੜੀ, ਜਸਵੀਰ ਸਿੰਘ ਡੂੰਮਵਾਲੀ, ਸੰਤ ਸਿੰਘ ਸਾਦਿਕ, ਅਮਰਜੀਤ ਸਿੰਘ ਪਰਮਾਰ ਤੇ ਹਰਜਿੰਦਰ ਸਿੰਘ ਸਾਦਿਕ, ਅਖਿਲ ਭਾਰਤੀ ਆਦਮ ਮਹਾਂ ਸੰਘ ਦੇ ਕੌਮੀ ਆਗੂ ਆਰ. ਐੱਸ. ਪਰਮਾਰ ਤੇ ਵਿਮੁਕਤ ਜਾਤੀਆਂ ਦੇ ਆਗੂ ਗੁਰਦੇਵ ਸਿੰਘ ਚਰਨ, ਕਰਨੈਲ ਸਿੰਘ ਬਰਗਾੜੀ, ਸਰਬਨ ਸਿੰਘ ਪੰਜਗਰਾਈਂ , ਜਸਪਾਲ ਸਿੰਘ ਪੰਜਗਰਾਈਂ, ਬਾਜੀਗਰ ਸਮਾਜ ਤੇ ਸਾਸੀ ਸਮਾਜ ਦੇ ਆਗੂਆਂ ਨੇ ਕਿਹਾ ਕਿ ਵਿਮੁਕਤ ਜਾਤੀਆਂ ਵੱਲੋਂ ਫਰੀਦਕੋਟ ਸ਼ਹਿਰ ਵਿੱਚ ਡਾ. ਬਲਜੀਤ ਕੌਰ ਕੈਬਨਿਟ ਮੰਤਰੀ ਪੰਜਾਬ ਦੇ ਘਰ ਅੱਗੇ ਲੱਗੇ ਧਰਨੇ ਨੂੰ ਅੱਜ 27 ਦਿਨ ਹੋ ਗਏ ਹਨ। ਪਰ ਅਜੇ ਤੱਕ ਪੰਜਾਬ ਸਰਕਾਰ ਦੇ ਕਿਸੇ ਵਿਧਾਇਕ ਜਾਂ ਮੰਤਰੀ ਸਾਹਿਬਾਨ ਨੇ ਧਰਨਾ ਸਥਾਨ ਤੇ ਪਹੁੰਚ ਕੇ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਨਹੀਂ ਕੀਤੀ। ਸਗੋਂ ਪੰਜਾਬ ਸਰਕਾਰ ਦੇ ਵਿਧਾਇਕ ਤੇ ਮੰਤਰੀ ਸਾਹਿਬਾਨ ਗੁਜਰਾਤ ਚੌਣਾਂ ਵਿੱਚ ਪਾਰਟੀ ਦਾ ਪ੍ਰਚਾਰ ਕਰਨ ਲਈ ਗੁਜਰਾਤ ਦੌਰੇ ਤੇ ਹਨ। ੳੁਹਨਾਂ ਨੂੰ ਪੰਜਾਬ ਵਿੱਚ ਵੱਸਦੇ ਵਿਮੁਕਤ ਜਾਤੀਆਂ ਦੇ ਬੇਰੁਜ਼ਗਾਰ ਬੱਚਿਆਂ ਪ੍ਰਤੀ ਕੋਈ ਹਮਦਰਦੀ ਨਹੀਂ ਹੈ। ਜਿਸ ਦੇ ਰੋਸ ਵਜੋਂ ਵਿਮੁਕਤ ਜਾਤੀਆਂ ਵੱਲੋਂ ਆਪਣੀਆਂ ਮੰਗਾਂ ਦੀ ਪ੍ਰਾਪਤੀ ਲਈ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦਾ ਪਿੰਡ – ਪਿੰਡ ਵਿਰੋਧ ਕਰਕੇ ਤੇ ਪੂਤਲੇ ਫੂਕ ਕੇ ਸਰਕਾਰ ਖ਼ਿਲਾਫ਼ ਤਿੱਖਾ ਸੰਘਰਸ਼ ਸ਼ੁਰੂ ਕੀਤਾ ਜਾ ਰਿਹਾ ਹੈ। ਜਿਸ ਦੀ ਸ਼ੁਰੂਆਤ ਹਲਕਾ ਮਲੋਟ ਦੀ ਵਿਧਾਇਕਾ ਤੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਦੇ ਹਲਕੇ ਮਲੋਟ ਤੋਂ ਐਤਵਾਰ ਨੂੰ ਕੀਤੀ ਜਾਵੇਗੀ।