Breaking- ਧਰਨਾਕਾਰੀਆਂ ਨੇ ਕੈਬਨਿਟ ਮੰਤਰੀ ਬਲਜੀਤ ਕੌਰ ਦੇ ਹਲਕੇ ਮਲੋਟ ਵਿਖੇ ਵਿਸ਼ਾਲ ਰੋਸ ਪ੍ਰਦਰਸ਼ਨ ਕਰਨ ਦਾ ਫੈਸਲਾ ਕੀਤਾ
ਫਰੀਦਕੋਟ, 19 ਨਵੰਬਰ – (ਪੰਜਾਬ ਡਾਇਰੀ) ਬੇਰੁਜ਼ਗਾਰ ਵਿਮੁਕਤ ਜਾਤੀਆਂ ਸੰਘ ਪੰਜਾਬ ਦਾ ਧਰਨਾ ਅੱਜ 28 ਵੇਂ ਦਿਨ ਲਗਾਤਾਰ ਜਾਰੀ ਰਿਹਾ। ਧਰਨੇ ਵਿਚ ਮੌਜੂਦ ਆਗੂਆ ਨੇ ਦੱਸਿਆ ਕਿ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਵੱਲੋ ਕਈ ਵਾਰ ਵੱਖ – ਵੱਖ ਵਿਭਾਗਾਂ ਨਾਲ ਸਬੰਧਤ ਉਮੀਦਵਾਰਾਂ ਦੀ ਨਿਯੁਕਤੀ ਅਤੇ ਮੁੱਖ ਮੰਤਰੀ ਨਾਲ ਮੀਟਿੰਗ ਦਾ ਵਾਧਾ ਕਰਕੇ ਮੁਕਰੇ ਹਨ। ਇਸ ਤੋਂ ਨਰਾਸ਼ ਹੋ ਕੇ ਉਮੀਦਵਾਰਾਂ ਅਤੇ ਵੱਖ ਵੱਖ ਸੰਗਠਨਾਂ ਵਲੋਂ 9 ਨਵੰਬਰ ਨੂੰ ਫਰੀਦਕੋਟ ਵਿੱਚ ਵੱਡੇ ਇਕੱਠ ਨਾਲ ਰੋਸ ਨਾਲ ਕੀਤਾ ਅਤੇ ਮੁੱਖ ਮੰਤਰੀ ਭਗਵੰਤ ਮਾਨ, ਡਾ. ਬਲਜੀਤ ਕੌਰ ਅਤੇ ਗੁਰਦਿੱਤ ਸਿੰਘ ਸੇਖੋਂ ਦੇ ਪੁਤਲੇ ਸਾੜੇ ਗਏ। ਉਸ ਦਿਨ ਪ੍ਰਸ਼ਾਸਨ ਵਲੋ ਮੁੱਖ ਮੰਤਰੀ ਨਾਲ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ ਗਿਆ ਪਰ ਅੱਜ ਕਈ ਦਿਨ ਬੀਤ ਜਾਣ ਤੇ ਵੀ ਸਾਡੇ ਨਾਲ ਕੋਈ ਗੱਲਬਾਤ ਨਹੀਂ ਕੀਤੀ ਗਈ।
ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਅਤੇ ਸਰਕਾਰ ਵੱਲੋਂ ਦਿਖਾਏ ਜਾ ਰਹੇ ਅਵੇਸਲੇਪਨ ਦੀ ਬਦੌਲਤ ਧਰਨਾਕਾਰੀਆਂ ਨੇ ਕੈਬਨਿਟ ਮੰਤਰੀ ਬਲਜੀਤ ਕੌਰ ਦੇ ਹਲਕੇ ਮਲੋਟ ਵਿਖੇ ਵਿਸ਼ਾਲ ਰੋਸ ਪ੍ਰਦਰਸ਼ਨ ਕਰਨ ਦਾ ਫੈਸਲਾ ਲਿਆ ਹੈ।
ਆਗੂ ਮਨਿੰਦਰਜੀਤ ਸਿੰਘ ਵੱਲੋ ਦਸਿਆ ਗਿਆ ਕਿ 20 ਨਵੰਬਰ ਨੂੰ ਮਲੋਟ ਵਿਖੇ ਹੋਣ ਜਾ ਰਹੀ ਲੜਾਈ ਆਰ ਪਾਰ ਦੀ ਲੜਾਈ ਹੋਵੇਗੀ। ਉਹਨਾ ਦੱਸਿਆ ਕਿ ਵਿਮੁਕਤ ਜਾਤੀਆ ਦੇ ਲੋਕ ਮਲੋਟ ਸ਼ਹਿਰ ਵਿੱਚ ਵੱਡੀ ਗਿਣਤੀ ਵਿੱਚ ਪੁਹੰਚ ਰਹੇ ਹਨ।
ਬੇਰੁਜਗਾਰ ਵਿਮੁਕਤ ਜਾਤੀਆਂ ਸੰਘ ਦੇ ਪ੍ਰਧਾਨ ਰੇਸ਼ਮ ਸਿੰਘ ਵਲੋ ਸਰਕਾਰ ਨੂੰ ਚੇਤਾਵਨੀ ਦਿਤੀ ਅਤੇ ਦੱਸਿਆ ਕਿ ਆਰ ਪਾਰ ਦੀ ਲੜਾਈ ਲਈ ਪਿੰਡਾਂ ਵਿੱਚ ਜਾ ਕੇ ਵਿਮੁਕਤ ਜਾਤੀਆ ਦੇ ਲੋਕਾਂ ਨੂੰ ਲਾਮਬੰਦ ਕੀਤਾ ਜਾ ਚੁੱਕਾ ਹੈ।
ਰੇਸ਼ਮ ਸਿੰਘ ਨੇ ਦੱਸਿਆ ਕਿ ਜਦੋਂ ਤੱਕ ਵਿਮੁਕਤ ਜਾਤੀਆਂ ਨੌਜਵਾਨਾਂ ਤੋਂ ਨੌਕਰੀਆਂ ਖੋਹਣ ਵਾਲਾ ਪੱਤਰ ਵਾਪਿਸ ਨਹੀਂ ਲਿਆ ਜਾਂਦਾ ਉਦੋਂ ਤੱਕ ਇਸ ਸੰਘਰਸ਼ ਨੂੰ ਜਾਰੀ ਰੱਖਿਆ ਜਾਵੇਗਾ ਅਤੇ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਦਾ ਹਰ ਜਗ੍ਹਾ ਵਿਰੋਧ ਕੀਤਾ ਜਾਵੇਗਾ।