Breaking- ਜਿਲ੍ਹਾ ਬਾਲ ਸੁਰੱਖਿਆ ਯੂਨਿਟ ਨੇ ਜਿਲ੍ਹੇ ਅੰਦਰ ਬਾਲ ਵਿਆਹ ਦੀ ਰੋਕਥਾਮ ਸਬੰਧੀ ਕੀਤੀ ਨਵੇਕਲੀ ਪਹਿਲ
ਫਰੀਦਕੋਟ, 24 ਨਵੰਬਰ – (ਪੰਜਾਬ ਡਾਇਰੀ) ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਜਿਲ੍ਹਾ ਬਾਲ ਸੁਰੱਖਿਆ ਯੂਨਿਟ ਫਰੀਦਕੋਟ ਵੱਲੋਂ ਜਿਲ੍ਹਾ ਬਾਲ ਸੁਰੱਖਿਆ ਅਫਸਰ ਫਰੀਦਕੋਟ ਅਮਨਦੀਪ ਸਿੰਘ ਸੋਢੀ ਦੀ ਯੋਗ ਅਗਵਾਈ ਵਿੱਚ ਜਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿੱਚ ਜਾ ਕੇ ਬਾਲ ਵਿਆਹ ਦੀ ਰੋਕਥਾਮ ਸਬੰਧੀ ਪਿੰਡਾਂ ਦੇ ਸਰਪੰਚਾਂ/ਮੈਂਬਰਾਂ ਨੂੰ ਜਾਗਰੂਕ ਕਰਨ ਤੋਂ ਇਲਾਵਾ ਪਿੰਡਾਂ ਦੇ ਗੁਰੂਦੁਆਰਾ ਸਾਹਿਬ ਦੇ ਗ੍ਰੰਥੀ ਸਿੰਘਾਂ ਨੂੰ ਜਾਗਰੂਕ ਕਰਨ ਲਈ ਮੁਹਿੰਮ ਦੀ ਜਿਲ੍ਹੇ ਦੇ ਦੋ ਪਿੰਡਾਂ ਭਾਣਾ ਅਤੇ ਚਹਿਲ ਤੋਂ ਸ਼ੁਰੂਆਤ ਕੀਤੀ ਗਈ।
ਇਸ ਮੌਕੇ ਜਿਲ੍ਹਾ ਬਾਲ ਸੁਰੱਖਿਆ ਯੂਨਿਟ ਫਰੀਦਕੋਟ ਨੇ ਗ੍ਰੰਥੀ ਸਿੰਘਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਚਾਈਲਡ ਮੈਰਿਜ ਐਕਟ, 2006 ਤਹਿਤ ਬਾਲ ਵਿਆਹ ਕਰਨਾ ਕਾਨੂੰਨੀ ਜੁਰਮ ਹੈ। ਇਸ ਐਕਟ ਤਹਿਤ ਵਿਆਹ ਲਈ ਲੜਕੇ ਦੀ ਉਮਰ 21 ਸਾਲ ਅਤੇ ਲੜਕੀ ਦੀ ਉਮਰ 18 ਸਾਲ ਹੋਣੀ ਚਾਹੀਦੀ ਹੈ । ਜੇਕਰ ਕੋਈ ਵਿਅਕਤੀ 18 ਸਾਲ ਤੋਂ ਘੱਟ ਉਮਰ ਦੀ ਲੜਕੀ ਨਾਲ ਵਿਆਹ ਕਰੇਗਾ ਤਾਂ ਉਸਨੂੰ 2 ਸਾਲ ਦੀ ਕਠੋਰ ਸਜਾ ਜਾਂ ਇੱਕ ਲੱਖ ਰੁਪਏ ਜੁਰਮਾਨਾਂ ਦੀ ਸਜਾ ਹੋ ਸਕਦੀ ਹੈ ਅਤੇ ਅਜਿਹੇ ਵਿਆਹ ਵਿੱਚ ਸ਼ਾਮਿਲ ਹੋਣ ਵਾਲੇ ਵਿਅਕਤੀਆਂ ਦੇ ਖਿਲਾਫ ਵੀ ਸਜਾ ਦਾ ਨਿਯਮ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ ਇਹ ਵੀ ਦੱਸਿਆ ਗਿਆ ਕਿ ਜੇਕਰ ਤੁਹਾਡੇ ਗੁਆਂਢ ਜਾਂ ਆਲੇ ਦੁਆਲੇ ਕੋਈ ਇਸ ਤਰ੍ਹਾਂ ਦੀ ਘਟਨਾ ਹੁੰਦੀ ਹੈ ਤਾਂ ਉਸ ਦੀ ਸੂਚਨਾ ਤੁਰੰਤ ਚਾਈਲਡ ਲਾਈਨ ਹੈਲਪ ਲਾਈਨ ਨੰਬਰ 1098 ਤੇ ਦਿਤੀ ਜਾਵੇ। ਗੱਲਬਾਤ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਪਿੰਡਾਂ ਵਿੱਚ ਜਿਆਦਾਤਰ ਵਿਆਹ ਗੁਰੂਦੁਆਰਾ ਸਾਹਿਬ ਵਿੱਚ ਹੀ ਹੁੰਦੇ ਹਨ ਅਤੇ ਗ੍ਰੰਥੀ ਸਿੰਘਾਂ ਦਾ ਅਹਿਮ ਰੋਲ ਹੁੰਦਾ ਹੈ। ਇਸ ਲਈ ਗ੍ਰੰਥੀ ਸਿੰਘਾਂ ਨੂੰ ਚਾਈਲਡ ਮੈਰਿਜ ਐਕਟ ਬਾਰੇ ਜਾਗਰੂਕ ਕਰਕੇ ਪਿੰਡਾਂ ਵਿੱਚ ਹੁੰਦੇ ਬਾਲ ਵਿਆਹਾਂ ਨੂੰ ਕਾਫੀ ਹੱਦ ਤੱਕ ਰੋਕਿਆ ਜਾ ਸਕਦਾ ਹੈ।
ਇਸ ਮੌਕੇ ਜਿਲ੍ਹਾ ਬਾਲ ਸੁਰੱਖਿਆ ਯੂਨਿਟ ਫਰੀਦਕੋਟ ਤੋਂ ਪ੍ਰੋਟੈਕਸ਼ਨ ਅਫਸਰ (ਆਈ.ਸੀ) ਸੁਖਮੰਦਰ ਸਿੰਘ, ਕਾਊਂਸਲਰ ਮਾਲਤੀ ਜੈਨ, ਸੋਸ਼ਲ ਵਰਕਰ ਰਮਨਪ੍ਰੀਤ ਕੌਰ ਬਰਾੜ ਤੋਂ ਇਲਾਵਾ ਪਿੰਡ ਭਾਣਾ ਦੇ ਸਾਬਕਾ ਸਰਪੰਚ ਮੰਗਲ ਸਿੰਘ, ਪੰਚ ਅਮਰਜੀਤ ਸਿੰਘ, ਹੈੱਡ ਗ੍ਰੰਥੀ ਸਤਨਾਮ ਸਿੰਘ ਅਤੇ ਹਰਜਿੰਦਰ ਸਿੰਘ ਸੋਢੀ, ਗੁਲਜਾਰ ਸਿੰਘ, ਬੇਅੰਤ ਸਿੰਘ, ਕਰਮਜੀਤ ਸਿੰਘ ਅਤੇ ਪਿੰਡ ਚਹਿਲ ਤੋਂ ਗ੍ਰੰਥੀ ਸਿੰਘ ਬਲਕਰਨ ਸਿੰਘ ਤੋਂ ਇਲਾਵਾ ਕਰਤਾਰ ਸਿੰਘ, ਰਾਮ ਸਿੰਘ ਅਤੇ ਪਿੰਡ ਦੇ ਹੋਰ ਲੋਕ ਵੀ ਸ਼ਾਮਲ ਸਨ।