Breaking- ਪੁਲਿਸ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ 4 ਵਿਅਕਤੀਆਂ ਕੀਤੇ ਗ੍ਰਿਫਤਾਰ, ਜਿਨ੍ਹਾਂ ਕੋਲੋ ਪਿਸਤੌਲ ਅਤੇ ਕਾਰਤੂਸ ਵੀ ਬਰਾਮਦ ਹੋਏ
ਰੂਪਨਗਰ, 28 ਨਵੰਬਰ – (ਬਾਬੂਸ਼ਾਹੀ ਨੈੱਟਵਰਕ) ਜ਼ਿਲ੍ਹਾ ਪੁਲਿਸ ਵਲੋਂ ਗੈਂਗਸਟਰਾਂ ਵਿਰੁੱਧ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਲਾਰੈਂਸ ਬਿਸ਼ਨੋਈ ਗੈਂਗ ਨਾਲ ਸਬੰਧਿਤ 4 ਦੋਸ਼ੀਆਂ ਨੂੰ 3 ਪਿਸਟਲ, 1 ਮੈਗਜ਼ੀਨ ਤੇ 22 ਅਣਚੱਲੇ ਕਾਰਤੂਸ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ ਜਦਕਿ 1 ਦੋਸ਼ੀ ਮੌਕੇ ਉਤੇ ਭੱਜਣ ਵਿੱਚ ਕਾਮਯਾਬ ਰਿਹਾ।
ਐਸ.ਐਸ.ਪੀ ਰੂਪਨਗਰ ਵਿਵੇਕ ਐਸ. ਸੋਨੀ, ਆਈ.ਪੀ.ਐਸ. ਵਲੋਂ ਪ੍ਰੈੱਸ ਕਾਨਫਰੈਂਸ ਰਾਹੀਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਮੁੱਖ ਮੰਤਰੀ, ਪੰਜਾਬ ਸ. ਭਗਵੰਤ ਸਿੰਘ ਮਾਨ ਵਲੋਂ ਜਾਰੀ ਹਦਾਇਤਾਂ ਅਨੁਸਾਰ ਜ਼ਿਲ੍ਹੇ ਵਿੱਚ ਸਮਾਜ ਵਿਰੋਧੀ ਅਨਸਰਾਂ ਦੇ ਵਿਰੁੱਧ ਮੁਹਿੰਮ ਵਿੱਢੀ ਗਈ ਹੈ। ਜਿਸ ਤਹਿਤ ਪੁਲਿਸ ਟੀਮਾਂ ਵਲੋਂ ਗੈਂਗਸਟਰਾਂ ਅਤੇ ਨਸ਼ਾ ਤਸ਼ਕਰਾਂ ਖਿਲਾਫ ਵਿਸ਼ੇਸ਼ ਟੀਮਾਂ ਬਣਾ ਕੇ ਨਿਰੰਤਰ ਕਾਰਵਾਈ ਕੀਤੀ ਜਾ ਰਹੀ ਹੈ।
ਐਸ.ਐਸ.ਪੀ ਨੇ ਦੱਸਿਆ ਕਿ ਇਸ ਵਿਸ਼ੇਸ਼ ਮੁਹਿੰਮ ਤਹਿਤ ਕਪਤਾਨ ਪੁਲਿਸ (ਡਿਟੈਕਟਿਵ) ਸ਼੍ਰੀ ਮਨਵਿੰਦਰਵੀਰ ਸਿੰਘ ਅਤੇ ਉਪ-ਕਪਤਾਨ ਪੁਲਿਸ (ਡਿਟੈਕਟਿਵ) ਰੂਪਨਗਰ ਸ਼੍ਰੀ ਤਲਵਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ 26 ਨਵੰਬਰ ਨੂੰ ਇੰਸਪੈਕਟਰ ਸਤਨਾਮ ਸਿੰਘ ਇੰਚਾਰਜ ਸੀ.ਆਈ.ਏ. ਰੂਪਨਗਰ ਦੀ ਟੀਮ ਨੇ ਦੋਸ਼ੀਅਨ ਕੁਲਦੀਪ ਸਿੰਘ ਕੈਰੀ, ਕੁਲਵਿੰਦਰ ਸਿੰਘ ਟਿੰਕਾ, ਸਤਵੀਰ ਸਿੰਘ ਸ਼ੰਮੀ ਅਤੇ ਬੇਅੰਤ ਸਿੰਘ ਨੂੰ 03 ਪਿਸਤੌਲਾਂ ਸਮੇਤ 22 ਕਾਰਤੂਸ, ਇੱਕ ਕ੍ਰਿਪਾਨ ਅਤੇ 12 ਲੋਹੇ ਦੀਆਂ ਰਾਡਾਂ ਸਮੇਤ ਕਾਬੂ ਕੀਤਾ ਗਿਆ।
ਵਿਵੇਕ ਐਸ ਸੋਨੀ ਨੇ ਅੱਗੇ ਦੱਸਿਆ ਕਿ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਗੈਂਗ ਕਿਸੇ ਵੱਡੀ ਵਾਰਦਾਤ ਦੀ ਤਿਆਰੀ ਕਰ ਰਹੇ ਸੀ ਜਿਸ ਦੀ ਸੂਚਨਾ ਮਿਲਦੇ ਉਪਰੰਤ ਪੁਲਿਸ ਟੀਮਾਂ ਨੇ ਇਨ੍ਹਾਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ।