Breaking- ਗੁਰੂ ਨਾਨਕ ਪਾਤਸ਼ਾਹ ਜੀ ਨੇ ਸਮਾਜਿਕ ਵੰਡੀਆਂ ਅਤੇ ਹਾਕਮ ਜਮਾਤ ਦੀ ਲੁੱਟ-ਘਸੁੱਟ ਖਿਲਾਫ ਬੇਕਿਰਕ ਲੜਾਈ ਲੜੀ : ਪ੍ਰੋ. ਸਿਰਸਾ
ਫਰੀਦਕੋਟ, 30 ਨਵੰਬਰ – (ਪੰਜਾਬ ਡਾਇਰੀ) :- ਗੁਰੂ ਨਾਨਕ ਪਾਤਸ਼ਾਹ ਜੀ ਨੇ ਇਸ ਬ੍ਰਹਿਮੰਡ ਦੀ ਉਤਪੱਤੀ ਅਤੇ ਮਨੁੱਖੀ ਸਮਾਜ ਦੇ ਵਿਕਾਸ ਬਾਰੇ ਮੌਲਿਕ ਸਿਧਾਂਤ ਹੀ ਪੇਸ਼ ਨਹੀਂ ਕੀਤੇ, ਸਗੋਂ ਹਰ ਕਿਸਮ ਦੇ ਪਖੰਡਵਾਦ, ਧਾਰਮਿਕ, ਸਮਾਜਿਕ ਅਤੇ ਆਰਥਿਕ ਅਧਾਰ ’ਤੇ ਮੌਜੂਦ ਵੰਡੀਆਂ ਅਤੇ ਲੁੱਟ-ਘਸੁੱਟ ਖਿਲਾਫ ਖੁੱਲ ਕੇ ਆਵਾਜ ਬੁਲੰਦ ਕੀਤੀ। ਇਹ ਸ਼ਬਦ ਪ੍ਰੋ. ਸੁਖਦੇਵ ਸਿੰਘ ਸਿਰਸਾ, ਕੌਮੀ ਜਨਰਲ ਸਕੱਤਰ, ਪ੍ਰਗਤੀਸ਼ੀਲ ਲੇਖਕ ਸੰਘ ਨੇ ਸਥਾਨਕ ਸ਼ਹੀਦ ਕਾਮਰੇਡ ਅਮੋਲਕ ਭਵਨ ’ਚ ਕਰਵਾਏ ਗਏ ਸੈਮੀਨਾਰ ‘ਬਾਬਾ ਨਾਨਕ ਦੀ ਬਾਣੀ ਦੇ ਸਮਾਜਿਕ ਸਰੋਕਾਰ’ ਨੂੰ ਸੰਬੋਧਨ ਕਰਦਿਆਂ ਕਹੇ। ਇਹ ਸੈਮੀਨਾਰ ਗੁਰੂ ਨਾਨਕ ਪਾਤਸ਼ਾਹ ਜੀ ਦੇ 553ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਕੇ ‘ਭਾਰਤੀ ਕਮਿਊਨਿਸਟ ਪਾਰਟੀ’ ਜਿਲਾ ਫਰੀਦਕੋਟ ਵੱਲੋਂ ਕਰਵਾਇਆ ਗਿਆ। ਸੈਮੀਨਾਰ ਦੀ ਪ੍ਰਧਾਨਗੀ ਮਾ. ਦਰਸ਼ਨ ਸਿੰਘ ਔਲਖ ਨੇ ਕੀਤੀ ਜਦਕਿ ਬਾਬਾ ਫਰੀਦ ਨਰਸਿੰਗ ਕਾਲਜ ਕੋਟਕਪੂਰਾ ਦੇ ਐੱਮ.ਡੀ. ਡਾ. ਮਨਜੀਤ ਸਿੰਘ ਢਿੱਲੋਂ ਮੁੱਖ ਮਹਿਮਾਨ ਸਨ। ਮਾਤਾ ਖੀਵੀ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਕੈਪਟਨ ਧਰਮ ਸਿੰਘ ਗਿੱਲ ਤੋਂ ਇਲਾਵਾ ਕਾਮਰੇਡ ਗੁਰਨਾਮ ਸਿੰਘ ਅਤੇ ਬਲਵੀਰ ਸਿੰਘ ਔਲਖ ਵੀ ਪ੍ਰਧਾਨਗੀ ਮੰਡਲ ’ਚ ਸ਼ਾਮਲ ਸਨ। ਪ੍ਰੋ. ਸਿਰਸਾ ਤੋਂ ਬਾਅਦ ਕਾਮਰੇਡ ਜਗਰੂਪ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੁਜਾਰੀ ਵਰਗ ਅਤੇ ਵੇਲੇ ਦੀਆਂ ਹਾਕਮ ਜਮਾਤਾਂ ਨੇ ਵੀ ਆਪਣੇ ਸੁਆਰਥ ਵੱਸ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਹੀ ਵਿਚਾਰ ਆਮ ਲੋਕਾਂ ’ਚ ਨਹੀਂ ਜਾਣ ਦਿੱਤੇ। ਕਰੀਬ ਤਿੰਨ ਘੰਟੇ ਸਰੋਤਿਆਂ ਨੇ ਬਾਬਾ ਜੀ ਬਾਰੇ ਚੱਲੀ ਵਿਚਾਰ ਗੋਸ਼ਠੀ ਨੂੰ ਇਕਾਗਰ ਮਨ ਨਾਲ ਸੁਣਿਆ। ਸਟੇਜ ਸਕੱਤਰ ਦੀ ਡਿਊਟੀ ਮਾਸਟਰ ਅਸ਼ੋਕ ਕੌਸ਼ਲ ਨੇ ਬਾਖੂਬੀ ਨਿਭਾਈ। ਇਸ ਮੌਕੇ ਕਿਸਾਨ ਆਗੂ ਹਰਪਾਲ ਸਿੰਘ ਮਚਾਕੀ ਅਤੇ ਸੁਖਦਰਸ਼ਨ ਸ਼ਰਮਾ, ਮੁਲਾਜ਼ਮ ਆਗੂ ਪ੍ਰੇਮ ਚਾਵਲਾ ਅਤੇ ਕੁਲਵੰਤ ਚਾਨੀ, ਪੈਨਸ਼ਨਰ ਆਗੂ ਗੁਰਚਰਨ ਸਿੰਘ ਮਾਨ, ਅਰਜਨ ਸਿੰਘ, ਸੁਖਚਰਨ ਸਿੰਘ ਅਤੇ ਮਾ. ਸੋਮਨਾਥ ਅਰੋੜਾ, ਇਸਤਰੀ ਆਗੂ ਸ਼ਸ਼ੀ ਸ਼ਰਮਾ, ਮਨਜੀਤ ਕੌਰ ਅਤੇ ਆਸ਼ਾ ਚੌਧਰੀ, ਰਜਿੰਦਰ ਸਿੰਘ ਸਰਾਂ, ਗੁਰਦੀਪ ਸਿੰਘ ਮੈਨੇਜਰ, ਗੁਰਿੰਦਰ ਸਿੰਘ ਕੋਟਕਪੂਰਾ, ਸਮਾਜ ਸੇਵਕ ਰੁਲਦੂ ਸਿੰਘ ਔਲਖ, ਐਡਵੋਕੇਟ ਕਰਮਜੀਤ ਸਿੰਘ ਧਾਲੀਵਾਲ, ਮਲਕੀਤ ਸਿੰਘ ਖਾਲਸਾ, ਐੱਸ.ਡੀ.ਓ. ਦਰਸ਼ਨ ਸਿੰਘ, ਕਾਮਰੇਡ ਗੋਰਾ ਸਿੰਘ ਪਿਪਲੀ ਅਤੇ ਵੀਰ ਸਿੰਘ ਕੰਮੇਆਣਾ ਸਮੇਤ ਵਿਦਿਆਰਥੀ ਆਗੂ ਗੁਰਪ੍ਰੀਤ ਸਿੰਘ ਵੀ ਹਾਜ਼ਰ ਸਨ।