Breaking- ਜ਼ਿਆਦਾ ਧੁੰਦ ਪੈਣ ਕਾਰਨ ਸੜਕ ਹਾਦਸੇ ਦਿਨੋ-ਦਿਨ ਵਧਦੇ ਜਾ ਰਹੇ ਹਨ
ਸੁਲਤਾਨਪੁਰ ਲੋਧੀ, 21 ਦਸੰਬਰ – (ਬਾਬੂਸ਼ਾਹੀ ਨੈਟਵਰਕ) ਠੰਢ ਵੱਧਣ ਕਾਰਨ ਮੌਸਮ ਧੁੰਦ ਵਾਲਾ ਹੈ, ਅਜਿਹੇ ਵਿਚ ਸੜਕ ਹਾਦਸਿਆਂ ਦੀ ਸੰਭਾਵਨਾ ਵਧਣ ਲੱਗ ਜਾਂਦੀ ਹੈ। ਧੁੰਦ ਕਾਰਨ ਰਾਤ ਵੇਲੇ ਇਹ ਠੀਕ ਤਰ੍ਹਾਂ ਦਿਖਾਈ ਨਹੀਂ ਦਿੰਦਾ। ਅਜਿਹੇ ‘ਚ ਉਹ ਰਸਤੇ ‘ਚ ਖੜ੍ਹੇ ਕਿਸੇ ਵਾਹਨ ਨਾਲ ਟਕਰਾ ਜਾਂਦੇ ਹਨ ਜਾਂ ਸੜਕਾਂ ਦੇ ਕਿਨਾਰਿਆਂ ‘ਤੇ ਚਿੱਟੀਆਂ ਪੱਟੀਆਂ ਨਾ ਹੋਣ ਕਾਰਨ ਵਾਹਨ ਸੜਕ ਤੋਂ ਉਤਰ ਕੇ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਹਨ। ਇਸੇ ਤਰ੍ਹਾਂ ਇਤਿਹਾਸਕ ਨਗਰੀ ਸੁਲਤਾਨਪੁਰ ਲੋਧੀ ਤੋਂ ਵਾਇਆ ਡੱਲਾ ਸੜਕ ਤੇ ਬਣੇ ਗੁਦਾਮ ਵਿੱਚ ਢੁਆ ਢੁਆਈ ਲਈ ਜਾਂਦੇ ਟਰੱਕ ਧੁੰਦ ਵਿੱਚ ਸੜਕ ਤੇ ਖੜ੍ਹੇ ਰਹਿੰਦੇ ਹਨ ਅਤੇ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ।
ਧੁੰਦ ਪੈਣ ਕਾਰਨ ਇਹ ਸਮੱਸਿਆ ਹੋਰ ਵੀ ਗੰਭੀਰ ਰੂਪ ਧਾਰਨ ਕਰ ਲੈਂਦੀ। ਪਿਛਲੇ ਕੁਝ ਦਿਨਾਂ ਤੋਂ ਵੱਡੀ ਮਾਤਰਾ ‘ਚ ਕਣਕ ਦੀਆਂ ਬੋਰੀਆਂ ਨਾਲ ਲੱਦੇ ਟਰੱਕ ਅਤੇ ਟਰੈਕਟਰ-ਟਰਾਲੀਆਂ ਦੀਆਂ ਲੰਮੀਆਂ ਕਤਾਰਾਂ ਲੱਗੀਆਂ ਹੋਣ ਕਰਕੇ ਸੜਕ ਉਪਰ ਆਵਾਜਾਈ ਸਮੱਸਿਆ ਖੜੀ ਹੋ ਗਈ ਹੈ। ਟਰੱਕ ਅਤੇ ਟਰੈਕਟਰ-ਟਰਾਲੀਆਂ ਖੜਨ ਨਾਲ ਸੜਕ ਦਾ ਬਚਦਾ ਹਿੱਸਾ ਘੱਟ ਚੌੜਾ ਹੋਣ ਕਾਰਨ ਦੋਹਾਂ ਪਾਸਿਆਂ ਤੋਂ ਆਉਣ ਵਾਲੇ ਵਹੀਕਲਾਂ ਨੂੰ ਵੱਡੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜੋ ਕਿ ਹਾਦਸਿਆਂ ਦਾ ਕਾਰਨ ਬਣ ਰਿਹਾ ਹੈ। ਪਿਛਲੇ ਸਮੇਂ ਦੌਰਾਨ ਇੱਥੇ ਇਕ ਹਾਦਸਾ ਹੋਇਆ ਸੀ ਜਿਸ ਵਿੱਚ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ ਸੀ। ਓਵਰਲੋਡ ਅਤੇ ਵੱਡੇ ਵਾਹਨ ਵੀ ਹਾਦਸਿਆਂ ਦਾ ਕਾਰਨ ਬਣਦੇ ਹਨ
ਸਮਾਜ ਸੇਵੀ ਅਮਰਜੀਤ ਸਿੰਘ, ਗੁਰਜੀਤ ਸਿੰਘ, ਤੇਜਵੀਰ ਸਿੰਘ, ਸੁਰਜੀਤ ਸਿੰਘ, ਬਲਵਿੰਦਰ ਸਿੰਘ ਨੇ ਦੱਸਿਆ ਕਿ ਅਕਸਰ ਓਵਰਲੋਡ ਵਾਹਨ ਸੜਕਾਂ ‘ਤੇ ਖੜ੍ਹੇ ਦੇਖੇ ਜਾ ਸਕਦੇ ਹਨ। ਇਨਾਂ੍ਹ ਵਿੱਚ ਓਵਰਲੋਡ ਟਰੱਕਾਂ ਦੇ ਨਾਲ-ਨਾਲ ਫੱਕ ਵਾਲੀਆਂ ਟਰਾਲੀਆਂ ਵੀ ਸ਼ਾਮਲ ਹਨ ਪਰ ਪੁਲਿਸ ਵਿਭਾਗ ਪਤਾ ਨਹੀਂ ਕਿਉਂ ਇਨਾਂ੍ਹ ਖਿਲਾਫ਼ ਸਖ਼ਤ ਕਾਰਵਾਈ ਨਹੀਂ ਕਰਦਾ , ਜਿਸ ਕਾਰਨ ਅਜਿਹੇ ਵਾਹਨ ਬਿਨਾਂ ਕਿਸੇ ਕਾਰਨ ਦੇ ਸੜਕਾਂ ‘ਤੇ ਖੜ੍ਹੇ ਹਨ ਅਤੇ ਸੜਕ ਹਾਦਸਿਆਂ ਦਾ ਕਾਰਨ ਬਣਦੇ ਹਨ।