Breaking- ਗ੍ਰਿਫਤਾਰ ਗਏ ਨੌਜਵਾਨਾਂ ਕੋਲੋ ਹੈਰੋਇਨ ਦੇ 10 ਪੈਕਟ, 02 ਪਿਸਤੌਲ, 4 ਮੈਗਜ਼ੀਨ ਅਤੇ 180 ਜਿੰਦਾ ਕਾਰਤੂਸ ਪੁਲਿਸ ਨੇ ਬਰਾਮਦ ਕੀਤੇ
ਗੁਰਦਾਸਪੁਰ, 29 ਦਸਬੰਰ – (ਬਾਬੂਸ਼ਾਹੀ ਬਿਊਰੋ) ਕਾਊਂਟਰ ਇੰਟੈਲੀਜੈਂਸ ਟੀਮ ਗੁਰਦਾਸਪੁਰ ਵਲੋਂ ਬੀਤੇ ਦਿਨ ਇਕ ਗੁਪਤ ਸੂਚਨਾ ‘ਤੇ ਗੁਰਦਾਸਪੁਰ ਦੇ ਸਰਹੱਦੀ ਪਿੰਡ ਥੰਮਣ ਤੋਂ ਦੋ ਨੌਜਵਾਨਾਂ ਨੂੰ 10 ਪੈਕਟ ਹੈਰੋਇਨ, 02 ਪਿਸਤੌਲ, 4 ਮੈਗਜ਼ੀਨ, 180 ਜਿੰਦਾ ਕਾਰਤੂਸ ਸਮੇਤ ਕਾਬੂ ਕੀਤਾ ਗਿਆ ਅਤੇ ਪੰਜਾਬ ਦੇ ਡੀ.ਜੀ.ਪੀ. ਪੁਲਿਸ ਨੇ ਵੀ ਇਸ ਨੂੰ ਵੱਡੀ ਕਾਮਯਾਬੀ ਦੱਸਿਆ ਸੀ। ਅੱਜ ਕਾਬੂ ਕੀਤੇ ਦੋਵੇਂ ਨੌਜਵਾਨਾਂ ਜਸ਼ਨਪ੍ਰੀਤ ਸਿੰਘ ਵਾਸੀ ਥੰਮਣ ਅਤੇ ਸਰਵਨ ਸਿੰਘ ਵਾਸੀ ਸ਼ਹੂਰ ਕਲਾਂ ਨੂੰ ਕਾਊਂਟਰ ਇੰਟੈਲੀਜੈਂਸ ਟੀਮ ਵੱਲੋਂ ਗੁਰਦਾਸਪੁਰ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ।
ਕਾਉੰਟਰ ਇੰਟੈਲੀਜੈਂਸ ਟੀਮ ਦੇ ਅਧਿਕਾਰੀ ਅਤੇ ਪੁਲੀਸ ਟੀਮ ਨੇ ਦੋਹਾਂ ਮੁਲਜ਼ਮਾਂ ਨੂੰ ਭਾਰੀ ਸੁਰੱਖਿਆ ਹੇਠ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ।ਦੂਜੇ ਪਾਸੇ ਕਾਊਂਟਰ ਇੰਟੈਲੀਜੈਂਸ ਟੀਮ ਦੇ ਅਧਿਕਾਰੀ ਵਿਵੇਕ ਕੁਮਾਰ ਨੇ ਦੱਸਿਆ ਕਿ ਹੈਰੋਇਨ ਦੇ 10 ਪੈਕਟ, 02 ਪਿਸਤੌਲ, 4 ਮੈਗਜ਼ੀਨ ਅਤੇ 180 ਜਿੰਦਾ ਕਾਰਤੂਸ ਬਰਾਮਦ ਦੋਹਾਂ ਗ੍ਰਿਫਤਾਰ ਨੌਜਵਾਨਾਂ ਪਾਸੋਂ ਬਰਾਮਦ ਕੀਤੇ ਗਏ ਹਨ।ਫੜੇ ਗਏ ਜਸ਼ਨਪ੍ਰੀਤ ਸਿੰਘ ਅਤੇ ਸਰਵਨ ਸਿੰਘ ਨੂੰ ਗੁਰਦਾਸਪੁਰ ਦੀ ਅਦਾਲਤ ਵਿੱਚ ਪੇਸ਼ ਕਰਕੇ 3 ਦਿਨ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ। ਜਦੋਂ ਕਿ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਹੁਣ ਤੱਕ ਦੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਹੈਰੋਇਨ ਦੀ ਖੇਪ ਅਤੇ ਫੜੇ ਗਏ ਹਥਿਆਰ ਕਿਸੇ ਸਮੱਗਲਰ ਵੱਲੋਂ ਪਾਕਿਸਤਾਨ ਤੋਂ ਭੇਜੇ ਗਏ ਸਨ ਅਤੇ ਇਨ੍ਹਾਂ ਨੌਜਵਾਨਾਂ ਦੇ ਪਾਕਿਸਤਾਨੀ ਤਸਕਰਾਂ ਨਾਲ ਕਾਫੀ ਸਮੇਂ ਤੋਂ ਸਾਂਝ ਸੀ।