Breaking News- ਅਧਿਆਪਕਾਂ ਨੇ ਸਕੂਲ ਦੇ ਵਿਦਿਆਰਥੀਆਂ ਨੂੰ ਕੁੱਟਿਆ, ਪੜ੍ਹੋ
ਪਠਾਨਕੋਟ, 9 ਫਰਵਰੀ – (ਬਾਬੂਸ਼ਾਹੀ ਬਿਊਰੋ) ਪੰਜਾਬ ਦੇ ਸਕੂਲਾਂ ਚ ਸਿੱਖਿਆ ਦਾ ਮਿਆਰ ਉਪਰ ਚੁੱਕਣ ਦੇ ਲਈ ਸੂਬਾ ਸਰਕਾਰ ਵਲੋਂ ਕਈ ਅਹਿਮ ਕਦਮ ਚੁੱਕੇ ਜਾ ਰਹੇ ਅਤੇ ਸਰਕਾਰੀ ਸਕੂਲਾਂ ਵਿਖੇ ਬੱਚਿਆਂ ਨੂੰ ਵਧੀਆ ਸਿਖਿਆ ਮਿਲ ਸਕੇ ਉਸ ਦੇ ਲਈ ਅਧਿਆਪਕਾਂ ਨੂੰ ਸਿੰਗਾਪੁਰ ਟਰੇਨਿੰਗ ਦੇ ਲਈ ਭੇਜਿਆ ਜਾ ਰਿਹਾ ਹੈ ਪਰ ਜੇਕਰ ਗੱਲ ਜ਼ਿਲ੍ਹਾ ਪਠਾਨਕੋਟ ਦੀ ਕਰੀਏ ਤਾਂ ਪਠਾਨਕੋਟ ਦੇ ਸਰਹੱਦੀ ਖੇਤਰ ਨਰੋਟ ਜੈਮਲ ਸਿੰਘ ਦੇ ਪਿੰਡ ਠੁਠੋਵਾਲ ਖੜਕਾ ਵਿਖੇ ਬੱਚਿਆਂ ਚ ਅਧਿਆਪਕਾਂ ਦਾ ਖੌਫ ਵੇਖਣ ਮਿਲ ਰਿਹਾ ਹੈ।
ਉਸ ਖੌਫ ਦਾ ਕਾਰਨ ਇਹ ਹੈ ਕਿ ਕੁਝ ਵਿਦਿਆਰਥੀਆਂ ਦੀ ਗਲਤੀ ਦੀ ਸਜ਼ਾ 6 ਤੋਂ 10 ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਭੁਗਤਣੀ ਪਈ ਹੈ, ਸਜਾ ਵੀ ਅਜਿਹੀ ਜਿਸ ਬਾਰੇ ਜਾਣਕਾਰੀ ਮਿਲਣ ਤੇ ਪੀੜਤ ਬੱਚਿਆਂ ਦੇ ਮਾਤਾ ਪਿਤਾ ਕੋਲੋਂ ਵੀ ਰਿਹਾ ਨਹੀਂ ਗਿਆ ਅਤੇ ਉਹਨਾਂ ਸਕੂਲ ਜਾ ਅਧਿਆਪਕਾਂ ਪ੍ਰਤੀ ਆਪਣਾ ਵਿਰੋਧ ਦਰਜ ਕਰਵਾਇਆ ਅਤੇ ਸਬੰਧਤ ਅਧਿਕਾਪਕਾਂ ਤੇ ਕਾਰਵਾਈ ਦੀ ਮੰਗ ਕੀਤੀ।
ਇਸ ਸਬੰਧੀ ਜਦ ਪੀੜਿਤ ਬੱਚਿਆਂ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਸਕੂਲ ਦੇ ਪਖਾਨੇ ਦਾ ਕਿਸੇ ਵਲੋਂ ਬੋਰਡ ਤੋੜ ਦਿਤਾ ਗਿਆ ਸੀ ਜਿਸ ਵਜਾ ਨਾਲ ਸਕੂਲ ਦੇ ਅਧਿਆਪਕਾਂ ਵਲੋਂ ਉਹਨਾਂ ਨੂੰ ਮੁਰਗਾ ਬਣਾ ਡੰਡੀਆਂ ਨਾਲ ਕਰੀਬ ਇਕ ਘੰਟਾ ਕੁੱਟਿਆ ਗਿਆ।
ਦੂਜੇ ਪਾਸੇ ਜਦ ਇਸ ਸਬੰਧੀ ਸਿਖਿਆ ਅਧਿਕਾਰੀਆਂ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਮਾਮਲਾ ਉਹਨਾਂ ਦੇ ਧਿਆਨ ਵਿਚ ਹੈ ਜਿਸ ਦੀ ਤਫਤੀਸ਼ ਕਾਰਵਾਈ ਜਾ ਰਹੀ ਹੈ ਅਤੇ ਤਫਤੀਸ਼ ਵਿਚ ਜੋ ਵੀ ਸਾਮਣੇ ਆਏਗਾ ਉਸ ਹਿਸਾਬ ਨਾਲ ਕਾਰਵਾਈ ਕੀਤੀ ਜਾਵੇਗੀ।