ਵੱਡੀ ਖ਼ਬਰ – ਲੜਕੇ ਦੇ ਖਿਲਾਫ ਮੰਗੇਤਰ ਲੜਕੀ ਨੂੰ ਸਾਜਿਸ਼ ਤਹਿਤ ਮਾਰਨ ਦਾ ਕੇਸ ਮਾਪਿਆਂ ਨੇ ਪੁਲਿਸ ਕੋਲ ਦਰਜ ਕਰਵਾਇਆ
ਸੁਲਤਾਨਪੁਰ ਲੋਧੀ, 4 ਮਾਰਚ – (ਬਾਬੂਸ਼ਾਹੀ ਬਿਊਰੋ) ਸੁਲਤਾਨਪੁਰ ਰੋਡ ਲੋਹੀਆਂ ਖਾਸ ਵਿਖੇ ਵਾਪਰੇ ਇੱਕ ਦਰਦਨਾਕ ਕਾਰ ਹਾਦਸੇ ਦੌਰਾਨ ਕਾਰ ’ਚ ਮੂਹਰੇ ਬੈਠੀ ਲੜਕੀ ਦੇ ਗੰਭੀਰ ਜ਼ਖਮੀ ਹੋ ਜਾਣ ਉਪਰੰਤ ਮੌਤ ਹੋ ਜਾਣ ਦੀ ਦੁਖਦਾਈ ਖਬਰ ਪ੍ਰਾਪਤ ਹੋਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਲੋਹੀਆਂ ਦੇ ਮੁੱਖੀ ਇੰਸਪੈਕਟਰ ਸੁਰਜੀਤ ਸਿੰਘ ਪੱਡਾ ਨੇ ਦੱਸਿਆ ਕਿ ਬਲਵਿੰਦਰ ਸਿੰਘ ਪੁੱਤਰ ਗੁਰਮੁੱਖ ਸਿੰਘ ਵਾਸੀ ਪਿੰਡ ਠੱਟਾ ਪੁਰਾਣਾ ਥਾਣਾ ਤਲਵੰਡੀ ਚੌਧਰੀਆਂ (ਕਪੂਰਥਲਾ) ਨੇ ਲੋਹੀਆਂ ਪੁਲਿਸ ਕੋਲ ਆਪਣੇ ਬਿਆਨ ਦਰਜ ਕਰਵਾਏ ਹਨ ਕਿ ਉਨ੍ਹਾਂ ਦੀ ਲੜਕੀ ਸਰਬਜੀਤ ਕੌਰ ਦੀ ਕਰੀਬ 3 ਸਾਲ ਪਹਿਲਾਂ ਮੰਗਣੀ ਸਿਮਰਜੀਤ ਸਿੰਘ ਉਰਫ਼ ਗੁਰਿੰਦਰਜੀਤ ਸਿੰਘ ਪੁੱਤਰ ਅਵਤਾਰ ਸਿੰਘ ਚੰਦੀ ਵਾਸੀ ਫੱਤੂਵਾਲ (ਕਪੂਰਥਲਾ) ਨਾਲ ਹੋਈ ਸੀ, ਲੜਕੇ ਪਰਿਵਾਰ ਵੱਲੋਂ ਕੁੱਠ ਸਮੇਂ ਬਾਅਦ ਹੀ ਇਹ ਰਿਸ਼ਤਾ ਨਾ ਮਨਜ਼ੂਰ ਕਰ ਦਿੱਤਾ, ਪਰ ਉਕਤ ਲੜਕਾ ਮੇਰੀ ਲੜਕੀ ਦੇ ਸੰਪਰਕ ਵਿੱਚ ਰਿਹਾ ਅਤੇ ਉਸ ਨਾਲ ਵਿਆਹ ਕਰਵਾਉਣ ਦਾ ਲਾਰਾ ਲਗਾਉਦਾ ਰਿਹਾ।
ਇਸੇ ਦੌਰਾਨ ਹੀ ਉਕਤ ਲੜਕੇ ਸਿਮਰਜੀਤ ਸਿੰਘ ਉਰਫ਼ ਗੁਰਿੰਦਰਜੀਤ ਸਿੰਘ ਨੇ ਆਪਣੇ ਪਰਿਵਾਰ ਦੀ ਮਰਜ਼ੀ ਨਾਲ 15 ਕੁ ਦਿਨ ਪਹਿਲਾਂ ਕਪੂਰਥਲਾ ਦੀ ਕਿਸੇ ਹੋਰ ਲੜਕੀ ਨਾਲ ਵਿਆਹ ਕਰਵਾ ਲਿਆ ਹੈ, ਜਿਸ ’ਤੇ ਮੇਰੀ ਲੜਕੀ ਇਤਰਾਜ਼ ਕਰਦੀ ਸੀ। ਮੇਰੀ ਲੜਕੀ ਸੁਲਤਾਨਪੁਰ ਲੋਧੀ ਵਿਖੇ ਇੱਕ ਟਿਊਸ਼ਨ ਸੈਂਟਰ ਚਲਾਉਂਦੀ ਹੈ, ਜਿਥੋਂ ਲੜਕਾ ਉਸ ਨੂੰ ਸਵਿਫ਼ਟ ਕਾਰ ਨੰ: ਪੀ.ਬੀ.09 ਏ.ਐੱਲ. 8797 ਵਿੱਚ ਬਿਠਾ ਕੇ ਲੋਹੀਆਂ ਵੱਲ ਨੂੰ ਲੈ ਆਇਆ। ਉਨ੍ਹਾਂ ਕਿਹਾ ਕਿ ਪਿਤਾ ਨੇ ਦੋਸ਼ ਲਗਾਇਆ ਕਿ ਉਸਦੀ ਧੀ ਨੂੰ ਸ਼ਾਜ਼ਿਸ਼ ਤਹਿਤ ਮਾਰ ਦੇਣ ਦੀ ਨੀਅਤ ਨਾਲ ਕਥਿਤ ਦੋਸ਼ੀ ਨੇ ਕਾਰ ਦੀ ਖੱਬੀ ਸਾਇਡ ਇੱਕ ਕਿੱਕਰ ਵਿੱਚ ਮਾਰਕੇ ਫਰਜ਼ੀ ਐਕਸੀਡੈਂਟ ਕੀਤਾ ਹੈ।
ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਕਾਰ ਡਰਾਇਵਰ ਲੜਕਾ ਉਸ ਨੂੰ ਚੁੱਕ ਕੇ ਆਪ ਹੀ ਲੋਹੀਆਂ ਦੇ ਇੱਕ ਨਿੱਜੀ ਹਸਪਤਾਲ ਵਿਖੇ ਲੈ ਆਇਆ ਅਤੇ ਉਥੇ ਦਾਖਲ ਕਰਵਾ ਕੇ ਇਲਾਜ ਕਰਵਾਉਣ ਦੀ ਥਾਂ ਉਥੋਂ ਉਸਦਾ ਮੋਬਾਇਲ ਲੈ ਕੇ ਭੱਜ ਗਿਆ ਹੈ, ਜਿਸ ਦੀ ਸੂਚਨਾ ਉਨ੍ਹਾਂ ਨੂੰ ਲੋਹੀਆਂ ਦੇ ਹਸਪਤਾਲ ਦੇ ਡਾਕਟਰ ਵੱਲੋਂ ਦਿੱਤੀ ਗਈ ਹੈ। ਥਾਣਾ ਲੋਹੀਆਂ ਦੇ ਮੁੱਖੀ ਇੰਸਪੈਕਟਰ ਸੁਰਜੀਤ ਸਿੰਘ ਪੱਡਾ ਨੇ ਦੱਸਿਆ ਕਿ ਮ੍ਰਿਤਕਾ ਸਰਬਜੀਤ ਕੌਰ ਦੇ ਪਿਤਾ ਬਲਵਿੰਦਰ ਸਿੰਘ ਦੇ ਬਿਆਨਾਂ ਦੇ ਅਧਾਰ ’ਤੇ ਕਥਿਤ ਦੋਸ਼ੀ ਸਿਮਰਜੀਤ ਸਿੰਘ ਉਰਫ਼ ਗੁਰਿੰਦਰਜੀਤ ਸਿੰਘ ਖਿਲਾਫ਼ ਧਾਰਾ 304, 120ਬੀ. ਆਈ.ਪੀ.ਸੀ. ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ ਅਤੇ ਸਿਵਲ ਹਸਪਤਾਲ ਨਕਦੋਰ ’ਚ ਡਾਕਟਰਾਂ ਦੇ ਬੋਰਡ ਵੱਲੋਂ ਮ੍ਰਿਤਕਾ ਦਾ ਪੋਸਟ ਮਾਰਟਮ ਕਰਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ।