Breaking- ਹੋਣਹਾਰ ਖਿਡਾਰੀ ਸਮੁੱਚੇ ਸਮਾਜ ਦਾ ਮਾਣ ਹੁੰਦੇ ਹਨ: ਓ.ਪੀ. ਚੌਧਰੀ
–ਟਰੱਸਟ ਵੱਲੋਂ ਸਿਫ਼ਤ ਸਮਰਾ ਸਨਮਾਨਿਤ–
ਫਰੀਦਕੋਟ, 1 ਅਪ੍ਰੈਲ – (ਪੰਜਾਬ ਡਾਇਰੀ) ਇਲਾਕੇ ਦੀ ਪ੍ਰਮੁੱਖ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਲਾਰਡ ਬੁੱਧਾ ਚੈਰੀਟੇਬਲ ਟਰੱਸਟ ਦੇ ਉਚ ਪੱਧਰੀ ਵਫ਼ਦ ਵੱਲੋਂ ਆਪਣੇ ਸੰਸਥਾਪਕ ਚੇਅਰਮੈਨ ਪ੍ਰਸਿੱਧ ਸਮਾਜ ਸੇਵਕ ਜਗਦੀਸ਼ ਰਾਏ ਢੋਸੀਵਾਲ ਦੀ ਅਗਵਾਈ ਵਿਚ ਵਿਸ਼ਵ ਪ੍ਰਸਿੱਧ ਸ਼ੂਟਿੰਗ ਖਿਡਾਰਣ ਸਿਫ਼ਤ ਕੌਰ ਸਮਰਾ ਨੂੰ ਉਨ੍ਹਾਂ ਦੇ ਸਾਦਿਕ ਰੋਡ ਸਥਿਤ ਗ੍ਰਹਿ ਵਿਖੇ ਮਿਲ ਕੇ ਵਧਾਈ ਦਿੱਤੀ। ਇਸ ਮੌਕੇ ਸਿਫ਼ਤ ਦੇ ਪਿਤਾ ਪਵਨਦੀਪ ਸਮਰਾ (ਬੰਪੀ ਸਮਰਾ) ਅਤੇ ਮਾਤਾ ਰਮਣੀਕ ਕੌਰ ਸਮਰਾ ਵੀ ਮੌਜੂਦ ਸਨ। ਟਰੱਸਟ ਦੇ ਵਿਸ਼ੇਸ਼ ਸੱਦੇ ’ਤੇ ਪੰਜਾਬ ਵਿੱਤ ਵਿਭਾਗ ਦੇ ਸੇਵਾ ਮੁਕਤ ਜੁਆਇੰਟ ਕੰਟਰੋਲਰ ਓ.ਪੀ. ਚੌਧਰੀ ਵਫ਼ਦ ਵਿਚ ਉਚੇਚੇ ਤੌਰ ’ਤੇ ਸ਼ਾਮਲ ਹੋਏ। ਜਦੋਂ ਕਿ ਵਫ਼ਦ ਵਿਚ ਟਰੱਸਟ ਦੇ ਸੀਨੀਅਰ ਆਗੂ ਨਿਰੰਜਣ ਸਿੰਘ ਰੱਖਰਾ ਮੁਕਤਸਰ, ਅੰਤਰਰਾਸ਼ਟਰੀ ਪੱਧਰ ਦੀ ਕ੍ਰਿਕਟਰ ਅਤੇ ਗੋਲਡ ਮੈਡਲਿਸਟ ਵੇਟ ਲਿਫ਼ਟਰ ਨੇਹਾ ਖਾਨ ਤੋਂ ਇਲਾਵਾ ਜ਼ਿਲਾ ਇਕਾਈ ਦੇ ਚੀਫ਼ ਪੈਟਰਨ ਮੈਡਮ ਹੀਰਾਵਤੀ, ਜ਼ਿਲਾ ਪ੍ਰਧਾਨ ਜਗਦੀਸ਼ ਰਾਜ ਭਾਰਤੀ, ਮੁੱਖ ਸਲਾਹਕਾਰ ਪ੍ਰਿੰ. ਕ੍ਰਿਸ਼ਨ ਲਾਲ, ਜੀ.ਪੀ. ਛਾਬੜਾ, ਸ੍ਰੀ ਕ੍ਰਿਸ਼ਨ ਆਰ.ਏ. ਅਤੇ ਨਰਿੰਦਰ ਕਾਕਾ ਆਦਿ ਮੌਜੂਦ ਸਨ। ਜ਼ਿਕਰਯੋਗ ਹੈ ਕਿ ਸ਼ਹਿਰ ਦੀ ਹੋਣਹਾਰ ਖਿਡਾਰਣ ਸਿਫ਼ਤ ਸਮਰਾ ਨੇ ਪਿਛਲੇ ਦਿਨੀ ਭੂਪਾਲ ਵਿਖੇ ਹੋਏ ਰਾਈਫਿਲ ਸ਼ੂਟਿੰਗ ਸੀਨੀਅਰ 50 ਮੀਟਰ ਦੇ ਅੰਤਰ ਰਾਸ਼ਟਰੀ ਮੁਕਾਬਲੇ ਵਿਚ ਤੀਸਰਾ ਸਥਾਨ ਪ੍ਰਾਪਤ ਕਰਕੇ ਕਾਂਸੀ ਦਾ ਤਗਮਾ ਜਿੱਤ ਕੇ ਦੇਸ਼ ਦਾ ਨਾਮ ਚਮਕਾਇਆ ਸੀ। ਬੀਤੀ 20 ਤੋਂ 27 ਮਾਰਚ ਤੱਕ ਹੋਏ ਇਸ ਮੁਕਾਬਲੇ ਵਿਚ ਕੁੱਲ 42 ਦੇਸ਼ਾਂ ਨੇ ਭਾਗ ਲਿਆ ਸੀ। ਟਰੱਸਟ ਦੇ ਵਫ਼ਦ ਵੱਲੋਂ ਸਿਫ਼ਤ ਦੀ ਸ਼ਾਨਦਾਰ ਪ੍ਰਾਪਤੀ ਲਈ ਉਸਦੇ ਮਾਤਾ ਪਿਤਾ ਨੂੰ ਵਧਾਈ ਦਿੱਤੀ ਗਈ। ਵਫ਼ਦ ਵੱਲੋਂ ਸਿਫ਼ਤ ਨੂੰ ਹਾਰ ਪਹਿਣਾ ਕੇ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਓ.ਪੀ. ਚੌਧਰੀ ਨੇ ਕਿਹਾ ਕਿ ਸਿਫ਼ਤ ਦੀ ਇਹ ਪ੍ਰਾਪਤੀ ਸਮੁੱਚੇ ਫਰੀਦਕੋਟ ਲਈ ਮਾਣ ਵਾਲੀ ਗੱਲ ਹੈ ਅਤੇ ਸਾਰੇ ਇਲਾਕੇ ਦਾ ਨਾਮ ਚਮਕਾਇਆ ਹੈ। ਉਨ੍ਹਾਂ ਅੱਗੇ ਕਿਹਾ ਕਿ ਹੋਣਹਾਰ ਅਤੇ ਪ੍ਰਤਿਭਾਸ਼ਾਲੀ ਖਿਡਾਰੀ ਅਤੇ ਵਿਅਕਤੀ ਸਮੁੱਚੇ ਸਮਾਜ ਦਾ ਮਾਣ ਹੁੰਦੇ ਹਨ। ਉਕਤ ਜਾਣਕਾਰੀ ਦਿੰਦੇ ਹੋਏ ਟਰੱਸਟ ਦੇ ਸੀਨੀਅਰ ਮੈਂਬਰ ਸ੍ਰੀ ਕ੍ਰਿਸ਼ਨ ਆਰ.ਏ. ਨੇ ਦੱਸਿਆ ਹੈ ਕਿ ਇਸ ਮੌਕੇ ਸੰਸਥਾ ਦੇ ਸਮੂਹ ਆਗੂਆਂ ਨੇ ਸਿਫ਼ਤ ਨੂੰ ਵਧਾਈ ਦਿੰਦੇ ਹੋਏ ਉਨ੍ਹਾਂ ਦੀ ਲੰਬੀ ਉਮਰ, ਚੰਗੀ ਸਿਹਤ ਅਤੇ ਪਰਿਵਾਰਕ ਖੁਸ਼ਹਾਲੀ ਦੀ ਕਾਮਨਾ ਕੀਤੀ। ਗੱਲਬਾਤ ਦੌਰਾਨ ਹੋਣਹਾਰ ਖਿਡਾਰਣ ਸਿਫ਼ਤ ਸਮਰਾ ਨੇ ਆਪਣੀ ਕਾਮਯਾਬੀ ਲਈ ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਹੋਏ ਆਪਣੇ ਮਾਤਾ ਪਿਤਾ ਅਤੇ ਕੋਚ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ। ਇਸ ਮੌਕੇ ਸਿਫ਼ਤ ਦੇ ਪਿਤਾ ਬੰਪੀ ਸਮਰਾ ਨੇ ਸਮੂਹ ਟਰੱਸਟ ਮੈਂਬਰਾਂ ਵੱਲੋਂ ਉਨ੍ਹਾਂ ਦੀ ਬੇਟੀ ਨੂੰ ਸਨਮਾਨਿਤ ਕੀਤੇ ਜਾਣ ’ਤੇ ਧੰਨਵਾਦ ਕੀਤਾ। ਆਰ.ਏ. ਨੇ ਅੱਗੇ ਦੱਸਿਆ ਹੈ ਕਿ ਟਰੱਸਟ ਵੱਲੋਂ ਸਿਫ਼ਤ ਸਮਰਾਂ ਨੂੰ ਸ਼ਾਨਦਾਰ ਮੋਮੈਂਟੋ ਭੇਂਟ ਕਰਕੇ ਉਨ੍ਹਾਂ ਦੀ ਹੌਂਸਲਾ ਅਫ਼ਜਾਈ ਕੀਤੀ ਗਈ। ਇਸ ਮੌਕੇ ਟਰੱਸਟ ਦੇ ਵਫ਼ਦ ਵਿਚ ਸ਼ਾਮਲ ਮੈਂਬਰਾਂ ਤੋਂ ਇਲਾਵਾ ਸਮਰਾ ਪਰਿਵਾਰ ਦੇ ਕਰੀਬੀ ‘ਆਪ’ ਦੇ ਯੂਥ ਵਿੰਗ ਦੇ ਸਟੇਟ ਵਾਈਸ ਪ੍ਰਧਾਨ ਗਗਨਦੀਪ ਸਿੰਘ ਧਾਲੀਵਾਲ, ਡਾ. ਅੰਗਰੇਜ ਸਿੰਘ, ਹਰਵਿੰਦਰ ਸਿੰਘ ਢਿੱਲੋਂ ਅਤੇ ਖੁਸ਼ਮਨ ਸਿੰਘ ਆਦਿ ਵੀ ਮੌਜੂਦ ਸਨ।