ਅਹਿਮ ਖ਼ਬਰ – ਰਿਸ਼ਵਤ ਲੈਂਦੇ ਹੋਏ ਏਐਸਆਈ ਨੂੰ ਵਿਜੀਲੈਂਸ ਬਿਊਰੋ ਨੇ ਕੀਤਾ ਗ੍ਰਿਫਤਾਰ, ਪੜ੍ਹੋ ਖ਼ਬਰ
ਚੰਡੀਗੜ੍ਹ, 14 ਅਪ੍ਰੈਲ – ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਤਹਿਤ ਪੁਲਿਸ ਥਾਣਾ, ਹਰਿਆਣਾ, ਜਿਲਾ ਹੁਸ਼ਿਆਰਪੁਰ ਵਿਖੇ ਤਾਇਨਾਤ ਸਹਾਇਕ ਸਬ ਇੰਸਪੈਕਟਰ-ਲੋਕਲ ਰੈਂਕ (ਏ.ਐਸ.ਆਈ.) ਰਾਜਿੰਦਰ ਸਿੰਘ ਨੂੰ 5,000 ਰੁਪਏ ਦੀ ਰਿਸ਼ਵਤ ਲੈਣ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਹੈ।
ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਪਰੋਕਤ ਪੁਲਿਸ ਮੁਲਾਜ਼ਮ ਬੱਸੀ ਨੌਂ, ਹਰਿਆਣਾ ਦੇ ਰਹਿਣ ਵਾਲੇ ਸੰਜੇ ਉਰਫ ਆਸ਼ੂ ਦੀ ਸ਼ਿਕਾਇਤ ‘ਤੇ ਗ੍ਰਿਫਤਾਰ ਕੀਤਾ ਗਿਆ ਹੈ। ਵਿਜੀਲੈਂਸ ਬਿਊਰੋ ਨੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਉਨ੍ਹਾਂ ਕੋਲ ਪਹੁੰਚ ਕੇ ਦੋਸ਼ ਲਗਾਇਆ ਕਿ ਉਪਰੋਕਤ ਪੁਲਿਸ ਕਰਮਚਾਰੀ ਨੇ ਸ਼ਿਕਾਇਤਕਰਤਾ ਖਿਲਾਫ ਹਰਿਆਣਾ ਥਾਣੇ ਵਿੱਚ ਦਰਜ ਇੱਕ ਕੇਸ ਦਾ ਅਦਾਲਤ ਵਿੱਚ ਚਲਾਣ ਪੇਸ਼ ਕਰਨ ਬਦਲੇ 5,000 ਰੁਪਏ ਰਿਸ਼ਵਤ ਵਜੋਂ ਦੇਣ ਦੀ ਮੰਗ ਕੀਤੀ ਹੈ।
ਸ਼ਿਕਾਇਤ ਕਰਤਾ ਦੀ ਸ਼ਿਕਾਇਤ ਤੇ ਵਿਜੀਲੈਂਸ ਬਿਊਰੋ ਦੀ ਇੱਕ ਟੀਮ ਨੇ ਜਾਲ ਵਿਛਾਇਆ ਅਤੇ ਦੋਸ਼ੀ ਪੁਲਿਸ ਮੁਲਾਜ਼ਮ ਨੂੰ ਦੋ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿੱਚ 5,000 ਰੁਪਏ ਦੀ ਰਿਸ਼ਵਤ ਲੈਂਦਿਆਂ ਮੌਕੇ ‘ਤੇ ਹੀ ਗ੍ਰਿਫਤਾਰ ਕਰ ਲਿਆ।