ਨਰਮੇ ਦੀ ਕਾਸ਼ਤ ਕਰਨ ਵਾਲੇ ਕਿਸਾਨ ਆਪਣੀ ਰਜਿਸਟ੍ਰੇਸ਼ਨ ਕਰਵਾਉਣ- ਮੁੱਖ ਖੇਤੀਬਾੜੀ ਅਫ਼ਸਰ
ਫਰੀਦਕੋਟ, 27 ਅਪ੍ਰੈਲ (ਪੰਜਾਬ ਡਾਇਰੀ)- ਸਾਓਣੀ 2023 ਅੰਦਰ ਨਰਮੇ ਦੀ ਸੁਚੱਜੀ ਕਾਸ਼ਤ ਕਰਨ ਲਈ ਪ੍ਰੇਰਿਤ ਕਰਨ ਹਿਤ ਪਿੰਡ ਬੇਹਲੇਵਾਲਾ ਵਿਖੇ ਡਾ ਕਰਨਜੀਤ ਸਿੰਘ ਗਿੱਲ ਮੁੱਖ ਖੇਤੀਬਾੜੀ ਅਫਸਰ ਫਰੀਦਕੋਟ ਦੀ ਅਗਵਾਈ ਵਿੱਚ ਨੁੱਕੜ ਮੀਟਿੰਗ ਕੀਤੀ ਅਤੇ ਨਰਮੇ ਦੀ ਬਿਜਾਈ ਵਾਲੇ ਖੇਤ ਦਾ ਨਿਰੀਖਣ ਕੀਤਾ। ਡਾ ਗਿੱਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨਰਮੇ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਨੂੰ 33% ਸਬਸਿਡੀ ਦਿੱਤੀ ਜਾ ਰਹੀ ਹੈ, ਜਿਸ ਲਈ ਕਿਸਾਨ http://agrimachinerypb.com ਪੋਰਟਲ ਉਪਰ ਅਪਲਾਈ ਕਰ ਸਕਦੇ ਹਨ। ਕਿਸਾਨ ਪੋਰਟਲ ‘ਤੇ 25 ਮਾਰਚ ਤੋਂ 15 ਮਈ ਦੇ ਬੀਜ਼ ਬਿੱਲ ਨਾਲ ਅਪਲਾਈ ਕਰਕੇ 5 ਏਕੜ ਤੱਕ ਉੱਪਦਾਨ ਲੈ ਸਕਦੇ ਹਨ। ਮੀਟਿੰਗ ਦੌਰਾਨ ਉਹਨਾਂ ਹਾਜਰ ਕਿਸਾਨਾਂ ਨੂੰ ਅਪੀਲ ਕੀਤੀ ਕਿ ਗੁਲਾਬੀ ਸੁੰਡੀ ਅਤੇ ਚਿੱਟੇ ਮੱਛਰ ਦੀ ਰੋਕਥਾਮ ਲਈ ਖੇਤਾਂ ਵਿਚੋਂ ਛਟੀਆਂ ਖਤਮ ਕੀਤਾ ਜਾਣ ਅਤੇ ਖੇਤਾਂ ਦੇ ਆਲੇ ਦੁਆਲੇ ਨਦੀਨਾਂ ਨੂੰ ਖਤਮ ਕੀਤਾ ਜਾਵੇ। ਇਸ ਮੌਕੇ ਡਾ ਭੁਪੇਸ਼ ਜੋਸ਼ੀ ਅਤੇ ਡਾ ਲਖਵੀਰ ਸਿੰਘ ਵੱਲੋਂ ਕਿਸਾਨਾਂ ਨੂੰ ਕਿਹਾ ਕਿ ਉਹ ਭਰਵੀਂ ਰੌਣੀ ਕਰਨ, 15 ਮਈ ਤੋਂ ਪਹਿਲਾਂ ਬਿਜਾਈ ਕਰਨ, ਪ੍ਰਮਾਣਿਤ ਅਦਾਰੇ ਤੋਂ ਖਰੀਦਣ ਅਤੇ ਸਿਫਾਰਿਸ਼ ਕਿਸਮਾਂ ਹੀ ਬੀਜਣ। ਇਸ ਉਪਰੰਤ ਸਾਹਿਬ ਸਿੰਘ ਅਤੇ ਰਾਜਿੰਦਰ ਸਿੰਘ ਦੇ ਨਰਮੇ ਦੀ ਬਿਜਾਈ ਵਾਲੇ ਖੇਤਾਂ ਦਾ ਦੌਰਾ ਵੀ ਕੀਤਾ।