ਦੁਕਾਨ ‘ਚ ਲੱਗੀ ਭਿਆਨਕ ਅੱਗ, ਲੱਖਾਂ ਦਾ ਸਮਾਨ ਸੜ ਕੇ ਸੁਆਹ
ਬਿਆਸ, 11 ਮਈ (ਬਾਬੂਸ਼ਾਹੀ)- ਬਾਬਾ ਬਕਾਲਾ ਸਾਹਿਬ ਮੋੜ ਨੇੜੇ ਸਥਿਤ ਇਕ ਦੁਕਾਨ “ਗੁਰੂ ਅਮਰਦਾਸ ਆਇਰਨ ਸਟੋਰ” ਅਤੇ ਉਸਦੇ ਅੰਦਰ ਬਣੇ ਦਫਤਰ ਵਿੱਚ ਅੱਜ ਤੜਕਸਾਰ ਅਚਾਨਕ ਅੱਗ ਲੱਗ ਜਾਣ ਕਾਰਨ ਲੱਖਾਂ ਰੁਪਏ ਦੇ ਸਮਾਨ ਦਾ ਨੁਕਸਾਨ ਹੋਣ ਦੀ ਖ਼ਬਰ ਹੈ। ਗੱਲਬਾਤ ਦੌਰਾਨ ਦੁਕਾਨ ਮਾਲਕ ਮਨਪ੍ਰੀਤ ਬਾਵਾ ਨੇ ਦੱਸਿਆ ਕਿ ਬੀਤੀ ਰਾਤ ਉਹ ਰੋਜਾਨਾ ਦੀ ਤਰਾਂ ਆਪਣੀ ਦੁਕਾਨ ਬੰਦ ਕਰਕੇ ਘਰ ਚਲਾ ਗਿਆ ਸੀ। ਜਿਸ ਤੋਂ ਬਾਅਦ ਦੁਕਾਨ ਨਜਦੀਕ ਰਹਿੰਦੇ ਗਵਾਂਢੀਆਂ ਤੋਂ ਪਤਾ ਚੱਲਿਆ ਕਿ ਉਸਦੀ ਦੁਕਾਨ ਵਿੱਚ ਅੱਗ ਲੱਗੀ ਹੈ ।ਜਿਸਦੀ ਸੂਚਨਾ ਮਿਲਣ ਤੇ ਉਹ ਤੁਰੰਤ ਮੌਕੇ ਤੇ ਪੁੱਜਾ ਅਤੇ ਸਾਥੀਆਂ ਦੀ ਮਦਦ ਨਾਲ ਅੱਗ ਤੇ ਕਾਬੂ ਪਾਇਆ। ਉਸ ਨੇ ਦੱਸਿਆ ਕਿ ਇਸ ਦੌਰਾਨ ਦੁਕਾਨ ਦਾ ਵੱਖ ਵੱਖ ਸਮਾਨ, ਏ ਸੀ, ਸੋਫਾ, ਕਾਊਂਟਰ ਅਤੇ ਉਸਦੇ ਜਰੂਰੀ ਦਸਤਾਵੇਜ਼ ਆਦਿ ਸਣੇ ਕੁਝ ਨਕਦੀ ਸੜ ਕੇ ਸੁਆਹ ਹੋ ਗਈ ਹੈ।ਮਨਪ੍ਰੀਤ ਨੇ ਦੱਸਿਆ ਕਿ ਫਿਲਹਾਲ ਉਕਤ ਅੱਗ ਸ਼ਾਰਟ ਸਰਕਟ ਕਾਰਨ ਲੱਗੀ ਹੋ ਸਕਦੀ ਹੈ। ਜਿਸ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਹੈ। ਘਟਨਾ ਸਥਾਨ ਤੇ ਮੌਕਾ ਦੇਖਣ ਪੁੱਜੇ ਸਬ ਇੰਸਪੈਕਟਰ ਸਵਿੰਦਰ ਸਿੰਘ ਨੇ ਕਿਹਾ ਕਿ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ, ਜਾਂਚ ਉਪਰੰਤ ਬਣਦੀ ਕਾਰਵਾਈ ਕੀਤੀ ਜਾਵੇਗੀ।