ਚੰਨੀ ਨੂੰ ਦਿੱਤਾ ਅਲਟੀਮੇਟਮ ਖਤਮ ਹੋਣ ਮਗਰੋਂ ਸੀਐਮ ਮਾਨ ਨੇ ਕੀਤਾ ਵੱਡਾ ਧਮਾਕਾ, ਲੋਕਾਂ ਸਾਹਮਣੇ ਲਿਆਂਦਾ ਕ੍ਰਿਕਟਰ
ਚੰਡੀਗੜ੍ਹ, 31 ਮਈ (ਏਬੀਪੀ ਸਾਂਝਾ)-ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਦਿੱਤੇ ਅਲਟੀਮੇਟਮ ਦਾ ਸਮਾਂ ਖਤਮ ਹੋਣ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕ੍ਰਿਕਟਰ ਜਸਇੰਦਰ ਸਿੰਘ ਨੂੰ ਮੀਡਿਆ ਸਾਹਮਣੇ ਜਨਤਕ ਕੀਤਾ ਹੈ। ਇਸ ਦੌਰਾਨ ਉਨ੍ਹਾਂ ਨੇ ਪ੍ਰੈੱਸ ਕਾਨਫਰੰਸ ਕਰਦਿਆਂ ਆਪਣੇ ਨਾਲ ਬੈਠੇ ਖਿਡਾਰੀ ਬਾਰੇ ਦੱਸਿਆ ਕਿ ਇਸ ਦਾ ਨਾਂ ਜਸਇੰਦਰ ਸਿੰਘ ਹੈ।
ਉਨ੍ਹਾਂ ਦੱਸਿਆ ਕਿ ਕ੍ਰਿਕਟਰ ਜਸਇੰਦਰ ਤੋਂ ਨੌਕਰੀ ਬਦਲੇ 2 ਕਰੋੜ ਰੁਪਏ ਮੰਗੇ ਗਏ ਸਨ। ਜਸਇੰਦਰ IPL ਪੰਜਾਬ ਦੀ ਟੀਮ ‘ਚ ਖਿਡਾਰੀ ਹੈ। ਉਨ੍ਹਾਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ‘ਤੇ ਪੈਸੇ ਮੰਗਣ ਦੇ ਇਲਜ਼ਾਮ ਲਗਾਏ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਹੁਣ ਜਸਇੰਦਰ ਨੂੰ ਬਣਦੀ ਨੌਕਰੀ ਦੇਵਾਂਗੇ।
ਬੀਤੇ ਦਿਨੀਂ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਰਿਸ਼ਤੇਦਾਰ ‘ਤੇ ਕ੍ਰਿਕਟਰ ਕੋਲੋਂ ਰਿਸ਼ਵਤ ਮੰਗਣ ਦੇ ਦੋਸ਼ ਲਾਏ ਗਏ ਸਨ ਤੇ ਉਨ੍ਹਾਂ ਨੂੰ ਕਿਹਾ ਸੀ ਕਿ ਜਾਂ ਤਾਂ ਉਹ ਖ਼ੁਦ ਸਭ ਦੱਸ ਦੇਣ ਨਹੀਂ ਤਾਂ ਉਹ ਕ੍ਰਿਕਟਰ ਨੂੰ ਜਨਤਾ ਦੇ ਸਾਹਮਣੇ ਲੈ ਆਉਣਗੇ, ਜਿਸ ਕਰਕੇ ਅੱਜ ਸੀਐਮ ਨੇ ਉਸ ਖਿਡਾਰੀ ਨੂੰ ਜਨਤਾ ਦੇ ਸਾਹਮਣੇ ਲਿਆਂਦਾ ਹੈ।
ਦੱਸ ਦਈਏ ਕਿ ਸੰਗਰੂਰ ਜ਼ਿਲ੍ਹੇ ਵਿੱਚ ਇੱਕ ਜਨਤਕ ਮੀਟਿੰਗ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਬਾ ਮੁੱਖ ਮੰਤਰੀ ਚਰਨਜੀਤ ਚੰਨੀ ’ਤੇ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ ਲਾਏ ਸੀ। ਸੀਐਮ ਮਾਨ ਨੇ ਦਾਅਵਾ ਕੀਤਾ ਸੀ ਕਿ ਪਿਛਲੇ ਹਫ਼ਤੇ ਉਹ ਆਈਪੀਐਲ ਫਰੈਂਚਾਇਜ਼ੀ ਪੰਜਾਬ ਕਿੰਗਜ਼ ਦੀ ਮਾਲਕ ਪ੍ਰਿਟੀ ਜ਼ਿੰਟਾ ਦੇ ਸੱਦੇ ’ਤੇ ਹਿਮਾਚਲ ਦੇ ਧਰਮਸ਼ਾਲਾ ਸਟੇਡੀਅਮ ਵਿੱਚ ਕ੍ਰਿਕਟ ਮੈਚ ਦੇਖਣ ਗਏ ਸੀ। ਉੱਥੇ ਉਸ ਦੀ ਮੁਲਾਕਾਤ ਇੱਕ ਖਿਡਾਰੀ ਨਾਲ ਹੋਈ।
ਉਸ ਖਿਡਾਰੀ ਨੇ ਦੱਸਿਆ ਕਿ ਉਹ ਪੰਜਾਬ ਦੀ ਪਿਛਲੀ ਕਾਂਗਰਸ ਸਰਕਾਰ ਸਮੇਂ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਨੌਕਰੀ ਲੈਣ ਲਈ ਗਿਆ ਸੀ। ਕੈਪਟਨ ਨੇ ਉਸ ਨੂੰ ਕਿਹਾ ਕਿ ਤੁਹਾਡਾ ਕੰਮ ਹੋ ਜਾਵੇਗਾ। ਇਸ ਦੌਰਾਨ ਕਾਂਗਰਸ ਨੇ ਕੈਪਟਨ ਨੂੰ ਹਟਾ ਦਿੱਤਾ ਤੇ ਚੰਨੀ ਮੁੱਖ ਮੰਤਰੀ ਬਣ ਗਏ। ਇਸ ਤੋਂ ਬਾਅਦ ਜਦੋਂ ਖਿਡਾਰੀ ਚੰਨੀ ਨੂੰ ਮਿਲਿਆ ਤਾਂ ਚੰਨੀ ਨੇ ਉਸ ਨੂੰ ਆਪਣੇ ਭਤੀਜੇ ਨੂੰ ਮਿਲਣ ਲਈ ਕਿਹਾ।
ਸੀਐਮ ਮਾਨ ਅਨੁਸਾਰ ਜਦੋਂ ਖਿਡਾਰੀ ਚੰਨੀ ਦੇ ਭਤੀਜੇ ਨੂੰ ਮਿਲਿਆ ਤਾਂ ਉਸ ਨੇ ਕਿਹਾ ਕਿ ਦੋ ਲੱਗਣਗੇ। ਖਿਡਾਰੀ ਨੇ ਸੋਚਿਆ ਕਿ ਸ਼ਾਇਦ ਉਹ ਦੋ ਲੱਖ ਰੁਪਏ ਕਹਿ ਰਿਹਾ ਹੈ। ਇਸ ਲਈ ਜਦੋਂ ਉਹ ਦੋ ਲੱਖ ਰੁਪਏ ਲੈ ਕੇ ਪਹੁੰਚਿਆ ਤਾਂ ਚੰਨੀ ਦੇ ਭਤੀਜੇ ਨੇ ਉਸ ਨੂੰ ਸਾਹਮਣੇ ਤੋਂ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਕਹਿਣ ਲੱਗਾ ਕਿ ਉਸ ਨੇ ਜੋ 2 ਦਾ ਸੰਕੇਤ ਦਿੱਤਾ ਸੀ, ਉਸ ਦਾ ਮਤਲਬ 2 ਕਰੋੜ ਰੁਪਏ ਸੀ।