“ਦੇਸ਼ ਨੂੰ ਬਚਾਉਣ ਲਈ ਆਉਂਦੀਆ ਚੋਣਾਂ ਵਿੱਚ ਭਾਜਪਾ ਨੂੰ ਹਰਾਉਣਾ ਲਾਜ਼ਮੀ”- ਹਰਦੇਵ ਅਰਸ਼ੀ, ਨਿਰਮਲ ਸਿੰਘ ਧਾਲੀਵਾਲ
* ਇਨਕਲਾਬੀ ਜੋਸ਼ ਨਾਲ ਮਨਾਈ ਗਈ ਕਾਮਰੇਡ ਅਮੋਲਕ ਅਤੇ 6 ਸ਼ਹੀਦ ਸਾਥੀਆਂ ਦੀ 32ਵੀਂ ਬਰਸੀ।
ਫਰੀਦਕੋਟ, 8 ਜੂਨ (ਪੰਜਾਬ ਡਾਇਰੀ)- “ਪਿਛਲੇ 9 ਸਾਲ ਦੌਰਾਨ ਮੋਦੀ ਸਰਕਾਰ ਦੇ ਬੇਹੱਦ ਦਮਘੋਟੂ ਲੋਕ ਵਿਰੋਧੀ ਰਾਜ ਪ੍ਰਬੰਧ ਕਾਰਨ 90 ਫ਼ੀਸਦੀ ਆਮ ਮਿਹਨਤਕਸ਼ ਲੋਕਾਂ ਦਾ ਜਿਊਣਾ ਦੁੱਭਰ ਹੋ ਗਿਆ ਹੈ ਜਦਕਿ ਇੱਕ ਫ਼ੀਸਦੀ ਸਿਖਰਲੇ ਅਮੀਰਾਂ ਦੀ ਦੌਲਤ ਦੇ ਢੇਰਾਂ ਵਿੱਚ ਕਈ ਗੁਣਾ ਵਾਧਾ ਹੋਇਆ ਹੈ। ਮਹਿੰਗਾਈ, ਗਰੀਬੀ, ਬੇਰੁਜ਼ਗਾਰੀ, ਭ੍ਰਿਸ਼ਟਾਚਾਰ ਆਦਿ ਅਸਲ ਸਮੱਸਿਆਵਾਂ ਤੋਂ ਧਿਆਨ ਭਟਕਾਉਣ ਲਈ ਹਾਕਮ ਜਮਾਤ ਵੱਲੋਂ ਫਿਰਕੂ ਨਫ਼ਰਤ ਫੈਲਾਈ ਜਾ ਰਹੀ ਹੈ। ਵਿਰੋਧੀ ਧਿਰ ਨੂੰ ਜਾਂਚ ਏਜੰਸੀਆਂ ਦਾ ਡਰ ਵਿਖਾ ਕੇ ਉਨਾਂ ਦੀ ਅਵਾਜ ਬੰਦ ਕੀਤੀ ਜਾ ਰਹੀ ਹੈ। ਜੇ ਦੇਸ਼ ਨੂੰ ਫਿਰਕੂ ਤਾਨਾਸ਼ਾਹੀ ਤੋਂ ਬਚਾਉਣਾ ਹੈ ਤਾਂ ਆਉਂਦੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਨੂੰ ਕਰਾਰੀ ਹਾਰ ਦੇਣਾ ਲਾਜ਼ਮੀ ਹੈ।” ਇਹ ਸ਼ਬਦ ਨੇੜਲੇ ਪਿੰਡ ਔਲਖ ਵਿੱਚ ਕਾਮਰੇਡ ਅਮੋਲਕ ਅਤੇ ਉਸਦੇ 6 ਸਾਥੀਆਂ ਦੀ ਸ਼ਹਾਦਤ ਦੀ 32ਵੀਂ ਬਰਸੀ ਨੂੰ ਸੰਬੋਧਨ ਕਰਦੇ ਹੋਏ ਭਾਰਤੀ ਕਮਿਊਨਿਸਟ ਪਾਰਟੀ ਦੇ ਕਾਰਜਕਾਰੀ ਸੂਬਾ ਸਕੱਤਰ ਕਾਮਰੇਡ ਨਿਰਮਲ ਸਿੰਘ ਧਾਲੀਵਾਲ ਅਤੇ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਅਰਸ਼ੀ ਨੇ ਕਹੇ। ਉਨਾਂ ਕਿਹਾ ਕਿ ਕਾਮਰੇਡ ਅਮੋਲਕ ਸਮੇਤ ਪਾਰਟੀ ਦੇ 7 ਸਾਥੀਆਂ ਨੂੰ ਖਾਲਿਸਤਾਨੀ ਦਹਿਸ਼ਤਗਰਦੀ ਕਾਰਨ ਬਲੀਦਾਨ ਦੇਣਾ ਪਿਆ ਜਦਕਿ ਇਸ ਸਮੇਂ ਦੇਸ਼ ਨੂੰ ‘ਹਿੰਦੂ ਰਾਸ਼ਟਰ’ ਦੀ ਆੜ ਹੇਠ ਵੰਡਣ ਦੀਆਂ ਸਾਜਿਸ਼ਾਂ ਰਚੀਆਂ ਜਾ ਰਹੀਆਂ ਹਨ। ਕੁਲ ਹਿੰਦ ਕਿਸਾਨ ਸਭਾ ਦੇ ਸੂਬਾ ਮੀਤ ਪ੍ਰਧਾਨ ਸੂਰਤ ਸਿੰਘ ਧਰਮਕੋਟ ਨੇ ਕਿਹਾ ਕਿ ਇਸ ਤੋਂ ਮਾੜੀ ਸਰਕਾਰ ਕੀ ਹੋ ਸਕਦੀ ਹੈ ਜਿਸਦੇ ਰਾਜ ਵਿੱਚ ਦੇਸ਼ ਲਈ ਤਗਮੇ ਜਿੱਤ ਕੇ ਲਿਆਉਣ ਵਾਲੀਆਂ ਪਹਿਲਵਾਨ ਧੀਆਂ ਨੂੰ ਇਨਸਾਫ ਲੈਣ ਲਈ ਸੜਕਾਂ ਤੇ ਪੁਲਿਸ ਤਸ਼ੱਦਦ ਸਹਿਣ ਕਰਨਾ ਪਵੇ। ਪਾਰਟੀ ਦੇ ਜਿਲਾ ਫਰੀਦਕੋਟ ਦੇ ਸਕੱਤਰ ਅਸ਼ੋਕ ਕੌਸ਼ਲ ਨੇ ਬਰਸੀ ਤੇ ਜੁੜੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਾਮਰੇਡ ਅਮੋਲਕ ਦੀ ਵਿਚਾਰਧਾਰਾ ਨੂੰ ਜਿਲੇ ਦੇ ਹਰ ਪਿੰਡ ਵਿੱਚ ਫੈਲਾਉਣ ਦਾ ਸੱਦਾ ਦਿੱਤਾ। ਹਲਕਾ ਵਿਧਾਇਕ ਜੈਤੋ ਅਮੋਲਕ ਸਿੰਘ ਨੇ ਕਿਹਾ ਕਿ ਕਾਮਰੇਡ ਅਮੋਲਕ ਅਤੇ ਹੋਰ ਸੈਂਕੜੇ ਸ਼ਹੀਦਾਂ ਦੀ ਕੁਰਬਾਨੀ ਕਾਰਨ ਪੰਜਾਬ ਵਿਚ ਅਮਨ ਕਾਇਮ ਹੋਇਆ ਹੈ ਜਿਸਨੂੰ ਸੰਭਾਲ ਕੇ ਰੱਖਣਾ ਹੀ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਕਾਮਰੇਡ ਜਗਤਾਰ ਸਿੰਘ ਭਾਣਾ, ਦਰਸ਼ਨ ਸਿੰਘ ਜਿਊਣਵਾਲਾ ਅਤੇ ਸ਼ਵਿੰਦਰ ਸਿੰਘ ਸੰਧੂ ਨੇ ਸ਼ਹੀਦ ਅਮੋਲਕ ਨਾਲ ਜੁੜੀਆਂ ਯਾਦਾਂ ਸਾਂਝੀਆਂ ਕਰਦੇ ਹੋਏ ਦੱਸਿਆ ਕਿ ਕਿਵੇਂ ਕਾਮਰੇਡ ਅਮੋਲਕ ਨੇ ਕਾਲੇ ਦਿਨਾਂ ਦੌਰਾਨ ਫਰੀਦਕੋਟ ਦੇ ਤਤਕਾਲੀਨ ਪੁਲਿਸ ਕਪਤਾਨ ਗੋਬਿੰਦ ਰਾਮ ਦੇ ਹੁਕਮਾਂ ‘ਤੇ ਸਰੇਬਜਾਰ ਕੀਤਾ ਗਿਆ ਅੰਨਾ ਤਸ਼ੱਦਦ ਬੜੀ ਬਹਾਦਰੀ ਨਾਲ ਸਹਿਨ ਕੀਤਾ ਸੀ। ਸਮਾਗਮ ਨੂੰ ਸਾਬਕਾ ਅਧਿਆਪਕ ਆਗੂ ਬਲਦੇਵ ਸਿੰਘ ਸਹਿਦੇਵ, ਨਰੇਗਾ ਆਗੂ ਕਾਮਰੇਡ ਗੋਰਾ ਪਿਪਲੀ, ਕਿਸਾਨ ਆਗੂ ਹਰਪਾਲ ਸਿੰਘ ਮਚਾਕੀ, ਇਸਤ੍ਰੀ ਆਗੂ ਸ਼ਸ਼ੀ ਸ਼ਰਮਾ, ਆਸ਼ਾ ਵਰਕਰ ਯੂਨੀਅਨ ਏਟਕ ਦੀ ਸੂਬਾ ਪ੍ਰਧਾਨ ਅਮਰਜੀਤ ਕੌਰ ਰਣ ਸਿੰਘ ਵਾਲਾ ਨੇ ਵੀ ਸੰਬੋਧਨ ਕਰਦੇ ਹੋਏ ਕਾਮਰੇਡ ਅਮੋਲਕ ਅਤੇ ਉਸਦੇ ਸਾਥੀਆਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸ ਮੌਕੇ ਅਧਿਆਪਕ ਆਗੂ ਪ੍ਰੇਮ ਚਾਵਲਾ, ਪੈਨਸ਼ਨਰ ਆਗੂ ਕੁਲਵੰਤ ਸਿੰਘ ਚਾਨੀ ਅਤੇ ਸੋਮ ਨਾਥ ਅਰੋੜਾ, ਔਲਖ ਦੇ ਸਰਪੰਚ ਊਧਮ ਸਿੰਘ, ਸੁਖਬੀਰ ਸਿੰਘ ਦੁਆਰੇਆਣਾ, ਮਨਦੀਪ ਸਿੰਘ ਮਿੰਟੂ ਗਿੱਲ, ਇਕਬਾਲ ਸਿੰਘ, ਬਲਵੀਰ ਸਿੰਘ ਔਲਖ, ਸੁਖਜਿੰਦਰ ਸਿੰਘ ਤੂੰਬੜਭੰਨ, ਸੁਖਦਰਸ਼ਨ ਰਾਮ, ਭਲਵਿੰਦਰ ਸਿੰਘ, ਜਗਤਾਰ ਸਿੰਘ ਰਾਜੋਵਾਲਾ, ਪ੍ਰਦੀਪ ਬਰਾੜ, ਗੁਰਚਰਨ ਸਿੰਘ ਮਾਨ, ਰਾਮ ਸਿੰਘ ਚੈਨਾ, ਗੁਰਮੇਲ ਸਿੰਘ ਲਾਲੇਆਣਾ, ਬੀਬੀ ਮਨਜੀਤ ਕੌਰ ਨਾਥੇਵਾਲਾ, ਬੀਬੀ ਪ੍ਰੇਮ ਲਤਾ ਮਲੋਟ, ਆਸ਼ਾ ਰਾਣੀ, ਊਸ਼ਾ ਤਨੇਜਾ, ਕਿਰਨਦੀਪ ਕੌਰ ਜਿਊਣਵਾਲਾ ਅਤੇ ਵਿਦਿਆਰਥੀ ਆਗੂ ਗੁਰਪ੍ਰੀਤ ਸਿੰਘ ਵੀ ਹਾਜ਼ਰ ਸਨ। ਸ਼ਹੀਦਾਂ ਦੇ ਪਰਿਵਾਰਕ ਮੈਂਬਰ ਵੀ ਸ਼ਾਮਲ ਹੋਏ ਜਿਨਾਂ ਨੂੰ ਸੂਬਾਈ ਆਗੂਆਂ ਵੱਲੋਂ ਸਨਮਾਨਿਤ ਕੀਤਾ ਗਿਆ। ਕਾਮਰੇਡ ਗੁਰਨਾਮ ਸਿੰਘ ਮਾਨੀ ਸਿੰਘ ਵਾਲਾ ਨੇ ਸਭ ਸ਼ਾਮਿਲ ਸਾਥੀਆਂ ਅਤੇ ਸਥਾਨਕ ਪ੍ਰਬੰਧਕਾਂ ਦਾ ਧੰਨਵਾਦ ਕੀਤਾ।ਇੱਕ ਮਤਾ ਪਾਸ ਕਰਕੇ ਮਹਿਲਾ ਪਹਿਲਵਾਨ ਧੀਆਂ ਦਾ ਯੌਨ ਸ਼ੋਸ਼ਣ ਕਰਨ ਦੇ ਦੋਸ਼ੀ ਬ੍ਰਿਜ ਭੂਸ਼ਣ ਨੂੰ ਤੁਰੰਤ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਗਈ। ਦੂਜੇ ਮਤੇ ਰਾਹੀਂ ਉੜੀਸਾ ਵਿੱਚ ਵਾਪਰੇ ਭਿਆਨਕ ਰੇਲ ਹਾਦਸੇ ਵਿੱਚ ਪੌਣੇ ਤਿੰਨ ਸੌ ਮੌਤਾਂ ਅਤੇ 1100 ਜਖ਼ਮੀ ਹੋਣ ਤੇ ਅਫਸੋਸ ਦਾ ਇਜਹਾਰ ਕਰਦੇ ਹੋਏ ਸੁਰੱਖਿਆ ਮਾਣਕਾਂ ਦੀ ਅਣਦੇਖੀ ਕਰਨ ਲਈ ਮੋਦੀ ਸਰਕਾਰ ਦੀ ਨਿੰਦਾ ਕੀਤੀ ਗਈ। ਚਾਰ ਘੰਟੇ ਤੋਂ ਵੱਧ ਸਮਾਂ ਚਲੇ ਬਰਸੀ ਸਮਾਗਮ ਵਿੱਚ ਲੋਕ ਕਲਾ ਮੰਚ ਜੀਰਾ ਵੱਲੋਂ ਮੇਘ ਰਾਜ ਰਲਾ ਦੀ ਨਿਰਦੇਸ਼ਨਾ ਹੇਠ ਇਨਕਲਾਬੀ ਕੋਰੀਓਗਰਾਫੀਆਂ ਅਤੇ ਨਾਟਕਾਂ ਨੇ ਦਰਸ਼ਕਾਂ ਨੂੰ ਬੇਹੱਦ ਪ੍ਰਭਾਵਿਤ ਕੀਤਾ। ‘ਮੇਰੀ ਮੌਤ ‘ਤੇ ਨਾ ਰੋਇਓ, ਮੇਰੀ ਸੋਚ ਨੂੰ ਬਚਾਇਓ’, ‘ਹਮ ਮਿਹਨਤਕਸ਼ ਇਸ ਦੁਨੀਆ ਸੇ ਜਬ ਅਪਨਾ ਹਿੱਸਾ ਮਾਂਗੇਂਗੇ, ਇੱਕ ਬਾਗ ਨਹੀਂ, ਇੱਕ ਖੇਤ ਨਹੀਂ, ਹਮ ਸਾਰੀ ਦੁਨੀਆ ਮਾਂਗੇਗੇ’ ਅਤੇ ਨਾਟਕ ‘ਛਿਪਣ ਤੋਂ ਪਹਿਲਾਂ’ ਦੀ ਸ਼ਾਨਦਾਰ ਪੇਸ਼ਕਾਰੀ ਨੇ ਲੋਕਾਂ ਨੂੰ ਅੱਖਾਂ ਪੂੰਝਣ ਲਗਾ ਦਿੱਤਾ। ਕੁਲ ਮਿਲਾ ਕੇ ਇਹ 32ਵਾਂ ਬਰਸੀ ਸਮਾਗਮ ਉੱਚ ਕੋਟੀ ਦੇ ਬੁਲਾਰਿਆਂ, ਕਲਾਕਾਰਾਂ ਅਤੇ ਜਿਲੇ ਦੇ ਕੋਨੇ ਕੋਨੇ ਤੋਂ ਸ਼ਾਮਿਲ ਹੋਏ ਮਰਦ ਅਤੇ ਔਰਤ ਖੇਤ ਮਜ਼ਦੂਰਾਂ , ਨਰੇਗਾ ਵਰਕਰਾਂ, ਪੈਨਸ਼ਨਰ, ਪੀਆਰਟੀਸੀ ਵਰਕਰਾਂ ਦੀ ਭਰਵੀਂ ਸ਼ਮੂਲੀਅਤ ਕਾਰਨ ਯਾਦਗਾਰੀ ਹੋ ਨਿੱਬੜਿਆ।