ਬਠਿੰਡਾ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਗੋਲੀਬਾਰੀ, 2 ਗੈਂਗਸਟਰ ਗ੍ਰਿਫਤਾਰ
ਬਠਿੰਡਾ 3 ਜੁਲਾਈ (ਬਾਬੂਸ਼ਾਹੀ)- ਬਠਿੰਡਾ ਜ਼ਿਲ੍ਹੇ ਦੇ ਤਲਵੰਡੀ ਸਾਬੋ ਵਿਖੇ ਸੋਮਵਾਰ ਦੁਪਹਿਰ ਨੂੰ ਗੈਂਗਸਟਰਾਂ ਅਤੇ ਸੀਆਈਏ ਸਟਾਫ਼ ਵਨ ਦੀ ਟੀਮ ਵਿਚਕਾਰ ਹੋਏ ਮੁਕਾਬਲੇ ਦੌਰਾਨ ਇੱਕ ਗੈਂਗਸਟਰ ਜ਼ਖ਼ਮੀ ਹੋ ਗਿਆ ਜਦੋਂ ਕਿ ਉਸਦੇ ਸਾਥੀ ਨੂੰ ਪੁਲਿਸ ਨੇ ਮੌਕੇ ਤੇ ਹੀ ਇੱਕ ਕਾਬੂ ਕਰ ਲਿਆ । ਜ਼ਖਮੀ ਗੈਂਗਸਟਰ ਨੂੰ ਪੁਲਸ ਨੇ ਬਠਿੰਡਾ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਹੈ।ਪੁਲਿਸ ਅਤੇ ਗੈਂਗਸਟਰ ਵਿਚਕਾਰ ਮੁੱਠਭੇੜ ਕਿਸ ਕਾਰਨ ਹੋਈ, ਇਸ ਦਾ ਅਜੇ ਖੁਲਾਸਾ ਨਹੀਂ ਹੋਇਆ ਹੈ। ਪੁਲਿਸ ਅਧਿਕਾਰੀ ਇਸ ਸੰਬੰਧ ਵਿੱਚ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦੇਣਗੇ।
ਦੱਸਿਆ ਜਾ ਰਿਹਾ ਹੈ ਕਿ ਪੁਲਿਸ ਕਿਸੇ ਮਾਮਲੇ ‘ਚ ਇਨ੍ਹਾਂ ਦੋਵਾਂ ਬਦਮਾਸ਼ਾਂ ਦਾ ਪਿੱਛਾ ਕਰ ਰਹੀ ਸੀ। ਪੁਲਿਸ ਨੇ ਤਲਵੰਡੀ ਸਾਬੋ ਦੇ ਇੱਕ ਪਿੰਡ ਨੇੜੇ ਇਨ੍ਹਾਂ ਗੈਂਗਸਟਰਾਂ ਨੂੰ ਘੇਰ ਲਿਆ । ਇਸ ਦੌਰਾਨ ਪੁਲਿਸ ਅਤੇ ਗੈਂਗਸਟਰ ਵਿਚਕਾਰ ਮੁੱਠਭੇੜ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਬਦਮਾਸ਼ਾਂ ਨੇ ਪੁਲਿਸ ਤੇ ਗੋਲੀਆਂ ਚਲਾਈਆਂ ਹਨ।
ਪੁਲਿਸ ਵੱਲੋਂ ਕੀਤੀ ਗਈ ਜਵਾਬੀ ਗੋਲੀਬਾਰੀ ‘ਚ ਇਕ ਗੈਂਗਸਟਰ ਲੱਤ ‘ਚ ਗੋਲੀ ਲੱਗਣ ਨਾਲ ਜ਼ਖਮੀ ਹੋ ਗਿਆ। ਡੀਐਸਪੀ ਤਲਵੰਡੀ ਸਾਬੋ ਬੂਟਾ ਸਿੰਘ ਨੇ ਕਿਹਾ ਕਿ ਸੀਨੀਅਰ ਅਧਿਕਾਰੀ ਜਾਂਚ ਤੋਂ ਬਾਅਦ ਇਸ ਮਾਮਲੇ ਵਿੱਚ ਪੂਰਾ ਖੁਲਾਸਾ ਕਰਨਗੇ। ਜ਼ਖ਼ਮੀ ਗੈਂਗਸਟਰ ਨੂੰ ਬਠਿੰਡਾ ਦੀ ਸੀਆਈਏ ਟੀਮ ਵੱਲੋਂ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਇਸ ਸਮੇਂ ਬਠਿੰਡਾ ਦੇ ਸਰਕਾਰੀ ਹਸਪਤਾਲ ਵਿੱਚ ਭਾਰੀ ਮਾਤਰਾ ਵਿੱਚ ਪੁਲੀਸ ਫੋਰਸ ਤਾਇਨਾਤ ਕੀਤੀ ਗਈ ਹੈ।