ਨਹਿਰੀ ਪਾਣੀ ਚ ਕਟੌਤੀ ਖਿਲਾਫ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਨਹਿਰੀ ਵਿਭਾਗ ਦੇ ਅਧਿਕਾਰੀਆਂ ਨੂੰ ਮਿਲੇ
ਫਰੀਦਕੋਟ, 7 ਜੁਲਾਈ (ਪੰਜਾਬ ਡਾਇਰੀ)- ਨਹਿਰੀ ਪਾਣੀ ਚ ਕਟੌਤੀ ਖਿਲਾਫ ਸੰਘਰਸ਼ ਕਰ ਰਹੀ ਕਿਰਤੀ ਕਿਸਾਨ ਯੂਨੀਅਨ ਦੇ ਆਗੂਆਂ ਤੇ ਨਹਿਰੀ ਵਿਭਾਗ ਦੇ ਅਧਿਕਾਰੀਆਂ ਨਾਲ ਅੱਜ ਜਿਲਾ ਪ੍ਰਸ਼ਾਸ਼ਨ ਨੇ ਮਸਲਾ ਹੱਲ ਕਰਨ ਲਈ ਗੱਲਬਾਤ ਕੀਤੀ।
ਕਿਸਾਨ ਆਗੂਆਂ ਨਾਲ ਗੱਲਬਾਤ ਦੌਰਾਨ ਨਹਿਰੀ ਵਿਭਾਗ ਦੇ ਅਧਿਕਾਰੀਆਂ ਮੰਨਿਆ ਕੇ ਰਜਬਾਹਿਆਂ ਵਿੱਚ ਸਮਰੱਥਾ ਮੁਤਾਬਿਕ ਪਾਣੀ ਨਹੀ ਛੱਡਿਆ ਜਾ ਰਿਹਾ। ਸੰਘਰਸ਼ ਦਾ ਕੇਦਰ ਬਣਿਆ ਕੋਟਕਪੂਰਾ ਰਜਬਾਹਾ ਜਿਸਨੂੰ 146 ਕਿਓੂਸਿਕ ਪਾਣੀ ਅਲਾਟ ਹੈ, ਪਰ ਕਦੇ ਵੀ 130 ਕਿਓੂਸਿਕ ਤੋ ਵਧ ਪਾਣੀ ਇਸਦੀ ਖਸਤਾ ਹਾਲਤ ਕਰਕੇ ਨਹੀ ਛੱਡਿਆ ਜਾ ਰਿਹਾ। ਜਿਕਰਯੋਗ ਹੈ ਕਿ ਇਸ ਰਜਬਾਹੇ ਦੇ ਓੁੱਚੇ ਕੀਤੇ ਮੋਘੇ ਕਿਰਤੀ ਕਿਸਾਨ ਯੂਨੀਅਨ ਨੇ ਖੁਦ ਪਹਿਲਾਂ ਵਾਲੀ ਥਾਂ ਕਰ ਦਿੱਤੇ ਸੀ ਤੇ ਨਹਿਰੀ ਮਹਿਕਮੇ ਨੇ ਕਿਸਾਨ ਆਗੂ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਸਮੇਤ ਸੈਕੜੇ ਕਿਸਾਨਾਂ ਤੇ ਪਰਚਾ ਦਰਜ ਕਰਵਾ ਦਿੱਤਾ ਸੀ ਤੇ ਮੋਘੇ ਓੁੱਚੇ ਕਰਨ ਖਿਲਾਫ ਲਗਾਤਾਰ ਸੰਘਰਸ਼ ਤੇਜ ਹੋ ਗਿਆ।
ਕਿਸਾਨ ਆਗੂਆਂ ਕਿਹਾ ਕੇ ਓੁਹ ਲਗਾਤਾਰ ਕਹਿ ਰਹੇ ਨੇ ਕੇ ਨਹਿਰੀ ਪਾਣੀ ਚ ਕਟੌਤੀ ਕੀਤੀ ਜਾ ਰਹੀ ਹੈ।ਹੁਣ ਖੁਦ ਨਹਿਰੀ ਮਹਿਕਮਾ ਮੰਨ ਰਿਹਾ ਹੈ।ਓੁਹਨਾਂ ਕਿਹਾ ਕੇ ਇਹ ਮਾਮਲਾ ਸਿਰਫ ਇੱਕ ਰਜਬਾਹੇ ਦਾ ਨਹੀ ਬਲਕਿ ਸਮੁੱਚੇ ਨਹਿਰੀ ਪਾਣੀ ਦਾ ਹੈ।ਆਗੂਆਂ ਕਿਹਾ ਕੇ ਨਹਿਰੀ ਮਹਿਕਮਾ ਰਜਬਾਹਿਆਂ ਨੂੰ ਸਫਾਈ ਕਰਕੇ ਤੇ ਮਜਬੂਤ ਕਰਕੇ ਟੇਲਾਂ ਤੱਕ ਪਾਣੀ ਪਹੁੰਚਾਓੁਣ ਦੀ ਬਜਾਈ ਮੋਘੇ ਓੁਚੇ ਕਰਕੇ ਪਹਿਲਾਂ ਤੋ ਮਿਲ ਰਹੇ ਪਾਣੀ ਚ ਕਟੌਤੀ ਕਰਕੇ ਟੇਲਾਂ ਤੱਕ ਪਾਣੀ ਪਹੁੰਚਾਓੁਣ ਦੇ ਦਾਅਵੇ ਕਰ ਰਿਹਾ।ਆਗੂਆਂ ਕਿਹਾ ਜੇਕਰ ਰਜਬਾਹੇ ਚ ਸਮਰੱਥਾ ਮੁਤਾਬਿਕ ਪਾਣੀ ਛੱਡਿਆ ਜਾਵੇ,ਇਹਨਾਂ ਨੂੰ ਮਜਬੂਤ ਕਰਨ ਸਮੇਤ ਇਹਨਾ ਦੀ ਸਮਰੱਥਾ ਵਧਾਈ ਜਾਵੇ ਤਾਂ ਜੋ ਧਰਤੀ ਹੇਠੋ ਪਾਣੀ ਕੱਢਣ ਲਈ ਕਿਸਾਨ ਮਜਬੂਰ ਨਾ ਹੋਣ।ਆਗੂਆਂ ਕਿਹਾ ਕੇ ਬਣਦਾ ਪਾਣੀ ਕਿਸਾਨਾਂ ਤੋ ਖੋਹ ਕੇ ਕਿਸਾਨਾਂ ਤੇ ਹੀ ਪਰਚੇ ਦਰਜ ਕਰਨਾ ਵਧੀਕੀ ਹੈ। ਗੱਲਬਾਤ ਦੌਰਾਨ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਓੁਹ ਮੋਘਿਆਂ ਨੂੰ ਦਰੁਸਤ ਕਰਕੇ ਲਗਾਏਗਾ ਤੇ ਪਾਣੀ ਚ ਕਟੌਤੀ ਨਹੀ ਹੋਏਗੀ ਤੇ ਹਫਤੇ ਵਿੱਚ ਕਿਸਾਨਾਂ ਤੇ ਦਰਜ ਪਰਚੇ ਨੂੰ ਵੀ ਵਾਪਿਸ ਲੈਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਜਾਵੇਗੀ।ਕਿਸਾਨ ਆਗੂਆਂ ਨੇ ਕਿਹਾ ਕੇ ਵਿਭਾਗ ਵੱਲੋ ਦਰੁਸਤ ਕੀਤੇ ਮੋਘਿਆਂ ਚੋ ਪਾਣੀ ਦੀ ਨਿਕਾਸੀ ਮਾਪ ਕੇ ਹੀ ਜੋ ਪਹਿਲਾਂ ਜਿਨੀ ਹੋਵੇ ਤਾਂ ਹੀ ਮੋਘਿਆ ਦੀ ਦਰੁਸਤੀ ਠੀਕ ਮੰਨੀ ਜਾਵੇਗੀ।
ਕਿਰਤੀ ਕਿਸਾਨ ਯੂਨੀਅਨ ਦੇ ਆਗੂਆਂ ਕਿਹਾ ਪੰਜਾਬ ਦਾ ਨਹਿਰੀ ਢਾਂਚਾ ਜਰਜਰਾ ਹੋਇਆ ਪਿਆ ਹੈ।ਸਰਕਾਰਾਂ ਨੇ ਨਹਿਰੀ ਵਿਭਾਗ ਚ 10 ਹਜਾਰ ਤੋ ਵਧ ਪੋਸਟ ਖਤਮ ਕਰ ਦਿੱਤੀਆਂ ਨੇ ਪਹਿਲਾਂ ਇੱਕ ਨਹਿਰੀ ਸਬ ਡਿਵੀਜਨ ਚ 125 ਤੋ 150 ਤੱਕ ਬੇਲਦਾਰ ਹੁੰਦੇ ਸਨ।ਜੋ ਨਹਿਰੀ ਪਾਣੀ ਦੀ ਸਪਲਾਈ,ਇਸਦੀ ਰਫਤਾਰ ਤੇ ਢਾਂਚੇ ਨੂੰ ਮਜਬੂਤ ਕਰਨ ਲਈ ਕੰਮ ਕਰਦੇ ਸਨ। ਜੋ ਹੁਣ ਘੱਟ ਕੇ ਸਬ ਡਿਵੀਜਨ ਚ 10 ਰਹਿ ਗਏ ਨੇ ਤੇ ਇਸ ਵਾਰ ਸਰਕਾਰ ਨੇ ਨਹਿਰੀ ਢਾਂਚੇ ਦੀ ਸਫਾਈ ਨਰੇਗਾ ਵਰਕਰਾਂ ਤੋ ਕਰਵਾਈ ਹੈ ਜੋ ਕੇ ਖਾਨਾਪੂਰਤੀ ਹੈ।ਜਦਕਿ ਇਹ ਕੰਮ ਮੁਹਾਰਤ ਦਾ ਹੈ।ਆਗੂਆਂ ਕਿਹਾ ਕੇ ਨਹਿਰੀ ਪਾਣੀ ਹਰ ਖੇਤ ਤੱਕ ਪੂਰਾ ਤਾਂ ਹੀ ਪਹੁੰਚ ਸਕਦਾ ਜੇਕਰ ਨਹਿਰੀ ਮਹਿਕਮਾ ਖਾਲੀ ਆਸਾਮੀਆਂ ਭਰੇ ਨਹਿਰੀ ਢਾਂਚੇ ਨੂੰ ਮਜਬੂਤ ਕਰੇ ਤੇ ਇਸਦੀ ਸਮਰੱਥਾ ਵਧਾਏ ਨਾਂ ਕਿ ਇੱਕ ਕਿਸਾਨ ਤੋ ਪਾਣੀ ਖੋਹਕੇ ਦੂਜੇ ਨੂੰ ਦੇਕੇ ਡੰਗ ਟਪਾਈ ਕਰੇ।ਆਗੂਆਂ ਕਿਹਾ ਕੇ ਪੰਜਾਬ ਸਰਕਾਰ ਪੰਜਾਬ ਦੇ ਪਾਣੀਆਂ ਦਾ ਮਸਲਾ ਰਿਪੇਰੀਅਨ ਸਿਧਾਂਤ ਮੁਤਾਬਿਕ ਹੱਲ ਕਰਨ ਦੀ ਦਿਸ਼ਾ ਲਵੇ ਰਾਜਸਥਾਨ ਨੂੰ ਹੋਰ ਪਾਣੀ ਦੇਣ ਦੀ ਪਹੁੰਚ ਤਿਆਗੇ ਤੇ ਮਾਲਵੇ ਚ ਲਗਾਤਾਰ ਚੱਲ ਰਹੀ ਵਾਰਬੰਦੀ ਖਤਮ ਕਰੇ।
ਗੱਲਬਾਤ ਦੌਰਾਨ ਪ੍ਰਸ਼ਾਸ਼ਨ ਵੱਲੋ ਐਸ ਡੀ ਐਮ ਬਲਜੀਤ ਕੌਰ ਨਾਇਬ ਤਹਿਸੀਲਦਾਰ ਜਸਦੇਵ ਸਿੰਘ ਨਹਿਰੀ ਵਿਭਾਗ ਦੇ ਐਕਸੀਅਨ ਜਿਨੇਸ਼ ਗੋਇਲ ਤੇ ਕਿਰਤੀ ਕਿਸਾਨ ਯੂਨੀਅਨ ਦੇ ਰਜਿੰਦਰ ਸਿੰਘ ਦੀਪ ਸਿੰਘ ਵਾਲਾ,ਸੁਰਿੰਦਰਪਾਲ ਸਿੰਘ ਦਬੜੀਖਾਨਾ,ਸਰਦੂਲ ਸਿੰਘ ਕਾਸਿਮਭੱਟੀ ਰਜਿੰਦਰ ਕਿੰਗਰਾ ਤੇ ਗੁਰਮੀਤ ਸੰਗਰਾਹੂਰ ਜਗਦੀਪ ਸਿੰਘ ਦੀਪ ਸਿੰਘ ਵਾਲਾ ਨਾਇਬ ਸਿੰਘ ਕੋਠੇ ਮਾਹਲਾ ਸਿੰਘ ਆਗੂ ਸ਼ਾਮਿਲ ਹੋਏ।