ਯੂਰੀਆ ਖਾਦ ਦੀ ਕਾਲਾ-ਬਾਜ਼ਾਰੀ ਕਰਨ ਵਾਲਿਆਂ ‘ਤੇ ਹੋਵੇਗੀ ਸਖਤ ਕਾਰਵਾਈ
ਫਰੀਦਕੋਟ, 21 ਜੁਲਾਈ (ਪੰਜਾਬ ਡਾਇਰੀ)- ਮੁੱਖ ਖੇਤੀਬਾੜੀ ਅਫਸਰ ਡਾਕਟਰ ਕਰਨਜੀਤ ਸਿੰਘ ਗਿੱਲ ਨੇ ਸਮੂਹ ਖਾਦ ਵਿਕ੍ਰੇਤਾਵਾਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਝੋਨੇ ਅਤੇ ਬਾਸਮਤੀ ਦੀ ਫਸਲ ਵਿੱਚ ਮੌਜੂਦਾ ਸਮੇਂ ਯੂਰੀਆ ਖਾਦ ਦੀ ਲੋੜ ਹੈ। ਇਸ ਲਈ ਇਹ ਖਾਦ ਕਿਸਾਨਾਂ ਵਲੋਂ ਜਿਲ੍ਹੇ ਦੇ ਖਾਦ ਵਿਕ੍ਰੇਤਾਵਾਂ ਅਤੇ ਸੋਸਾਇਟੀਆਂ ਪਾਸੋਂ ਖਰੀਦੀ ਜਾਣੀ ਹੈ, ਜਿਸ ਦੇ ਮੱਦੇਨਜ਼ਰ ਮੁੱਖ ਖੇਤੀਬੜੀ ਅਫ਼ਸਰ ਨੇ ਸਖ਼ਤ ਸ਼ਬਦਾਂ ਵਿੱਚ ਹਦਾਇਤ ਕੀਤੀ ਹੈ ਕਿ ਖਾਦ ਦੀ ਵਿਕਰੀ ਨਿਰਧਾਰਤ ਰੇਟਾਂ ਉਪਰ ਅਤੇ ਨਿਯਮਾਂ ਅਨੁਸਾਰ (ਅਧਿਕਾਰਤ ਸਥਾਨਾਂ ਵਿਚੋਂ) ਕੀਤੀ ਜਾਵੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜੇਕਰ ਕੋਈ ਖਾਦ ਵਿਕ੍ਰੇਤਾ ਕਾਲਾ ਬਾਜ਼ਾਰੀ ਜਾਂ ਖਾਦ ਨਾਲ ਕੋਈ ਵੀ ਬੇਲੋੜੀ ਵਸਤੂ ਵਿਕਰੀ ਕਰਦਾ ਪਾਇਆ ਗਿਆ ਤਾਂ ਉਸਦੇ ਖਿਲਾਫ ਨਿਯਮਾਂ ਮੁਤਾਬਕ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਇਸ ਦੇ ਨਾਲ ਹੀ ਮੁੱਖ ਖੇਤੀ ਬਾੜੀ ਅਫਸਰ ਡਾਕਟਰ ਕਰਨਜੀਤ ਸਿੰਘ ਗਿੱਲ ਨੇ ਕਿਸਾਨਾਂ ਨੂੰ ਅੱਪੀਲ ਕਰਦਿਆਂ ਕਿਹਾ ਕਿ ਯੂਰੀਆ ਖਾਦ ਦੀ ਵਰਤੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀਆਂ ਸਿਫਾਰਸ਼ਾਂ ਅਤੇ ਫਸਲ ਦੀ ਲੋੜ ਮੁਤਾਬਕ ਕਰਨੀ ਹੈ।ਜਿਲ੍ਹੇ ਅੰਦਰ ਯੂਰੀਆ ਖਾਦ ਦੀ ਕੋਈ ਕਿੱਲਤ ਨਹੀ ਹੈ। ਇਸ ਕਰਕੇ ਬਿਨਾ ਕਿਸੇ ਕਾਰਨ ਤੋਂ ਘਬਰਾਉਣ ਦੀ ਲੋੜ ਨਹੀਂ ਹੈ।