29 ਜੁਲਾਈ ਤਕ ਬੰਦ ਰਹਿਣਗੇ ਪੰਜਾਬ ਦੇ ਇਸ ਜ਼ਿਲ੍ਹੇ ਦੇ 7 ਸਕੂਲ
ਫਿਰੋਜ਼ਪੁਰ, 25 ਜੁਲਾਈ (ਪੰਜਾਬੀ ਜਾਗਰਣ)- ਪੰਜਾਬ ‘ਚ ਹੜ੍ਹਾਂ ਦਾ ਕਹਿਰ ਜਾਰੀ ਹੈ। ਤਾਜ਼ਾ ਜਾਣਕਾਰੀ ਅਨੁਸਾਰ ਫਿਰੋਜ਼ਪੁਰ ਦੇ ਕਰੀਬ 7 ਹੜ੍ਹ ਪ੍ਰਭਾਵਿਤ ਸਕੂਲਾਂ ‘ਚ 29 ਜੁਲਾਈ ਤਕ ਛੁੱਟੀਆਂ ਵਧਾ ਦਿੱਤੀਆਂ ਗਈਆਂ ਹਨ।
ਜ਼ਿਲ੍ਹਾ ਮੈਜਿਸਟਰੇਟ ਫਿਰੋਜ਼ਪੁਰ ਰਾਜੇਸ਼ ਧੀਮਾਨ ਨੇ ਫੌਜ਼ਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਅਤੇ ਜ਼ਿਲ੍ਹਾ ਸਿੱਖਿਆ ਅਫਸਰ (ਐ.ਸਿ.) ਤੇ (ਸੈ.ਸੀ.) ਫਿਰੋਜ਼ਪੁਰ ਦੀ ਬੇਨਤੀ ਨੂੰ ਮੁੱਖ ਰੱਖਦੇ ਹੋਏ 29 ਜੁਲਾਈ ਤਕ ਸਰਕਾਰੀ ਮਿਡਲ ਸਕੂਲ ਆਲੇ ਵਾਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੀਰਾ ਘਾਰਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੌ ਬਹਿਰਾਮ ਸ਼ੇਰ ਸਿੰਘ ਵਾਲਾ, ਸਰਕਾਰੀ ਪ੍ਰਾਇਮਰੀ ਸਕੂਲ ਧੀਰਾ ਘਾਰਾ, ਸਰਕਾਰੀ ਪ੍ਰਾਇਮਰੀ ਸਕੂਲ ਨਿਹਾਲਾ ਲਵੇਰਾ, ਸਰਕਾਰੀ ਪ੍ਰਾਇਮਰੀ ਸਕੂਲ ਕਾਲੇ ਕੇ ਹਿਠਾੜ ਤੇ ਸਰਕਾਰੀ ਪ੍ਰਾਇਮਰੀ ਸਕੂਲ ਬੰਡਾਲਾ ਵਿਖੇ ਛੁੱਟੀ ਦਾ ਐਲਾਨ ਕੀਤਾ ਹੈ।
ਉਨ੍ਹਾਂ ਦੱਸਿਆ ਕਿ ਲਗਾਤਾਰ ਬਾਰਿਸ਼ ਹੋਣ ਕਾਰਨ ਜ਼ਿਲ੍ਹਾ ਫਿਰੋਜ਼ਪੁਰ ਦੇ ਕੁਝ ਪਿੰਡ ਹੜ੍ਹ ਨਾਲ ਪ੍ਰਭਾਵਿਤ ਹੋ ਚੁਕੇ ਹਨ। ਇਸ ਲਈ ਉਕਤ ਸਕੂਲਾਂ ਤਕ ਪਹੁੰਚਣ ਦੇ ਰਸਤੇ ‘ਚ ਪਾਣੀ ਭਰ ਗਿਆ ਹੈ ਤੇ ਰਸਤੇ ਬੰਦ ਹੋ ਗਏ ਹਨ। ਇਸ ਲਈ ਹਾਲ ਦੀ ਘੜੀ ਇਹ ਸਕੂਲ ਬੰਦ ਕੀਤੇ ਗਏ ਹਨ।