ਆਪਣੇ ਜੱਦੀ ਪਿੰਡ ਦੀ ਸੱਥ ਵਿੱਚ ਪਹੁੰਚ ਕੇ ਸਪੀਕਰ ਸੰਧਵਾਂ ਨੇ ਬਜੁਰਗਾਂ ਦੀਆਂ ਸੁਣੀਆਂ ਮੁਸ਼ਕਿਲਾਂ
ਫਰੀਦਕੋਟ, 31 ਜੁਲਾਈ (ਪੰਜਾਬ ਡਾਇਰੀ)- ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਜਦ ਆਪਣੇ ਚੰਡੀਗੜ ਅਤੇ ਹੋਰ ਵੱਖ-ਵੱਖ ਥਾਵਾਂ ਦੇ ਰੁਝੇਵਿਆਂ ਤੋਂ ਬਾਅਦ ਖਾਸ ਕਰਕੇ ਸ਼ਨੀਵਾਰ ਅਤੇ ਐਤਵਾਰ ਆਪਣੇ ਗ੍ਰਹਿ ਸੰਧਵਾਂ ਵਿਖੇ ਆਉਂਦੇ ਹਨ ਤਾਂ ਉਸ ਸਮੇਂ ਵੀ ਉਹ ਆਪਣਾ ਜਿਆਦਾ ਸਮਾਂ ਘਰ ਆਰਾਮ ਕਰਕੇ ਗੁਜਾਰਨ ਦੀ ਬਜਾਇ ਆਪਣੇ ਪਿੰਡ ਸੰਧਵਾਂ ਦੇ ਵਸਨੀਕਾਂ ਨੂੰ ਮਿਲ ਕੇ ਉਨਾਂ ਦੀਆਂ ਮੁਸ਼ਕਿਲਾਂ ਜਾਨਣ ਅਤੇ ਹੋਰ ਯਾਦਾ ਸਾਂਝੀਆਂ ਕਰਨ ’ਚ ਬਿਤਾਉਂਦੇ ਹਨ।
ਇਸੇ ਲੜੀ ਤਹਿਤ ਹੀ ਸਪੀਕਰ ਸੰਧਵਾਂ ਅੱਜ ਆਪਣੇ ਪਿੰਡ ਸੰਧਵਾਂ ਵਿਖੇ ਪਿੰਡ ਦੀ ਸੱਥ ਵਿਖੇ ਆਪਣੇ ਪੁਰਾਣੇ ਦੋਸਤਾਂ-ਮਿੱਤਰਾਂ ਅਤੇ ਬਜੁਰਗਾਂ ਨੂੰ ਮਿਲੇ ਅਤੇ ਉਨਾਂ ਨਾਲ ਆਪਣੀਆਂ ਪੁਰਾਣੀਆਂ ਯਾਦਾਂ ਸਾਂਝੀਆਂ ਕੀਤੀਆਂ। ਇਸ ਦੌਰਾਨ ਹੀ ਗੱਲਾਂ-ਬਾਤਾਂ ਕਰਦਿਆਂ ਉਨਾਂ ਨੂੰ ਪਿੰਡ ਵਾਸੀਆਂ ਨੂੰ ਦਰਪੇਸ਼ ਕੁੱਝ ਸਮੱਸਿਆਵਾਂ ਬਾਰੇ ਪਤਾ ਲੱਗਾ, ਜਿੰਨਾਂ ’ਚੋਂ ਇੱਕ ਪੁਲੀ ਦੀ ਸਮੱਸਿਆ ਵੀ ਸੀ। ਉਨਾਂ ਤੁਰਤ ਸਬੰਧਤ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਮੌਕੇ ’ਤੇ ਬੁਲਾਇਆਂ ਅਤੇ ਹਾਦਸਿਆਂ ਦਾ ਕਾਰਨ ਬਣ ਰਹੀ ਇਸ ਪੁਲੀ ਨੂੰ ਆਪਣੀ ਨਿਗਰਾਨੀ ਹੇਠ ਠੀਕ ਕਰਵਾਇਆ। ਇਸ ਤੋਂ ਇਲਾਵਾ ਉਨਾਂ ਸੱਥ ’ਚ ਬੈਠੇ ਖਾਸ ਕਰਕੇ ਬਜੁਰਗਾਂ ਦੀਆਂ ਸ਼ਿਕਾਇਤਾਂ ਸੁਣੀਆਂ ਅਤੇ ਸਾਰੀਆਂ ਸਮੱਸਿਆਵਾਂ ਦਾ ਪਹਿਲ ਦੇ ਆਧਾਰ ’ਤੇ ਹੱਲ ਕਰਵਾਉਣ ਦਾ ਭਰੋਸਾ ਵੀ ਦਿਵਾਇਆ। ਇਸ ਮੌਕੇ ਉਪਰੋਕਤ ਤੋਂ ਇਲਾਵਾ ਹਰਵਿੰਦਰ ਸਿੰਘ ਮਰਵਾਹਾ ਪੀ.ਏ. ਅਤੇ ਦੀਪਕ ਮੌਂਗਾ ਸਮੇਤ ਹੋਰ ਵੀ ਪਾਰਟੀ ਆਗੂ ਤੇ ਵਰਕਰ ਹਾਜਰ ਸਨ।