ਬਾਬਾ ਫ਼ਰੀਦ ਸੁਸਾਇਟੀ ਨੇ ਇਮਾਨਦਾਰੀ ਅਤੇ ਮਨੁੱਖਤਾ ਦੀ ਸੇਵਾ ਲਈ ਐਵਾਰਡਾਂ ਵਾਸਤੇ ਅਰਜੀਆਂ ਮੰਗੀਆਂ
ਫਰੀਦਕੋਟ, 19 ਅਗਸਤ (ਪੰਜਾਬ ਡਾਇਰੀ)- ਗੁਰਦੁਆਰਾ ਗੋਦੜੀ ਸਾਹਿਬ ਬਾਬਾ ਫਰੀਦ ਸੁਸਾਇਟੀ ਅਤੇ ਟਿੱਲਾ ਬਾਬਾ ਫਰੀਦ ਰੀਲੀਜੀਅਸ ਅਤੇ ਚੈਰੀਟੇਬਲ ਸੁਸਾਇਟੀ ਫਰੀਦਕੋਟ ਵੱਲੋਂ ਹਰ ਸਾਲ ਦੋ ਅਵਾਰਡ- ਬਾਬਾ ਫਰੀਦ ਐਵਾਰਡ ਫਾਰ ਔਨਸੈਟੀ ਅਤੇ ਭਗਤ ਪੂਰਨ ਸਿੰਘ ਐਵਾਰਡ ਫਾਰ ਸਰਵਿਸ ਟੂ ਹਿਉਮੈਂਟੀ ਦਿੱਤੇ ਜਾਂਦੇ ਹਨ। ਇਸ ਸਾਲ ਵੀ ਲੋਕਾਂ ਵਿੱਚ ਸੇਵਾ ਭਾਵਨਾ ਦਾ ਜਜ਼ਬਾ ਪੈਦਾ ਕਰਨ ਦੇ ਮਕਸਦ ਨਾਲ ਸੁਸਾਇਟੀ ਨੇ ਇਨ੍ਹਾਂ ਦੋਨਾ ਅਵਾਰਡਾ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ।
ਸੁਸਾਇਟੀ ਦੇ ਪ੍ਰਧਾਨ ਸ: ਇੰਦਰਜੀਤ ਸਿੰਘ ਖਾਲਸਾ ਜੀ ਨੇ ਦੱਸਿਆ ਕਿ ਚੁਣੀਆਂ ਗਈਆਂ ਸਖਸ਼ੀਅਤਾਂ ਨੂੰ ਐਵਾਰਡ, ਇੱਕ- ਇੱਕ ਲੱਖ ਰੁਪਏ ਨਗਦ ਰਾਸ਼ੀ, ਪ੍ਰਸ਼ੰਸਾ ਪੱਤਰ, ਦੁਸ਼ਾਲਾ ਅਤੇ ਸਿਰੋਪਾ ਦੇ ਕੇ 23 ਸਤਬੰਰ 2023 ਨੂੰ ਗੁਰਦੁਆਰਾ ਗੋਦੜੀ ਸਾਹਿਬ ਵਿਖੇ ਧਾਰਮਿਕ ਸਮਾਗਮ ਵਿੱਚ ਹਜਾਰਾਂ ਦੀ ਗਿਣਤੀ ’ਚ ਇਕੱਤਰ ਸੰਗਤਾਂ ਦੀ ਹਾਜਰੀ ’ਚ ਸਨਮਾਨਿਤ ਕੀਤਾ ਜਾਵੇਗਾ।
ਉਪਰੋਕਤ ਐਵਾਰਡਾਂ ਲਈ ਸਨਮਾਨਿਤ ਹੋਣ ਵਾਲੀ ਸਖਸ਼ੀਅਤ ਬਾਰੇ ਮੁਕੰਮਲ ਜਾਣਕਾਰੀ ਸਹਿਤ ਪੰਜਾਬ ਦੇ ਕੋਈ ਵੀ ਦੋ ਵਿਅਕਤੀ ਜਾਂ ਕੋਈ ਵੀ ਸੰਸਥਾ ਬਾਬਾ ਫਰੀਦ ਸੁਸਾਇਟੀ ਦੇ ਬਾਬਾ ਫਰੀਦ ਪਬਲਿਕ ਸਕੂਲ ਫਰੀਦਕੋਟ ’ਚ ਸਥਿਤ ਦਫਤਰ ’ਚ ਪੱਤਰ ਭੇਜ ਸਕਦੇ ਹਨ।
ਉਪਰੋਕਤ ਐਵਾਰਡਾਂ ਲਈ ਪੰਜਾਬ ’ਚ ਤਾਇਨਾਤ ਜਾਂ ਪੰਜਾਬ ਨਾਲ ਸੰਬੰਧਿਤ ਸ਼ਖਸ਼ੀਅਤਾਂ ਨੂੰ ਹੀ ਚੁਣਿਆ ਜਾਵੇਗਾ। ਉਹਨਾਂ ਕਿਹਾ ਕਿ ਇਸ ਸੰਬੰਧੀ 1 ਸਤਬੰਰ 2023 ਤੱਕ ਯੋਗ ਉਮੀਦਵਾਰਾਂ ਦੇ ਨਾਮ ਭੇਜੇ ਜਾ ਸਕਦੇ ਹਨ। ਇਨਾਂ ਨਾਵਾਂ ਦੀ ਸੁਸਾਇਟੀ ਆਪਣੇ ਪੱਧਰ ਤੇ ਪੂਰੀ ਪੜਤਾਲ ਕਰਨ ਉਪਰੰਤ ਐਲਾਨ ਕਰੇਗੀ।
ਹਰ ਉਹ ਵਿਅਕਤੀ ਜੋ ਭਗਤ ਪੂਰਨ ਸਿੰਘ ਵਾਂਗ ਮਨੁੱਖਤਾ ਦੀ ਸੇਵਾ ਕਰ ਰਿਹਾ ਹੋਵੇ ਜਾਂ ਉਹ ਵਿਅਕਤੀ ਜੋ ਪੰਜਾਬ ’ਚ ਕਿਸੇ ਅਹੁਦੇ ਤੇ ਲੱਗਿਆਂ ਹੋਵੇ ਤੇ ਇਮਾਨਦਾਰੀ ਨਾਲ ਆਪਣੀ ਸੇਵਾ ਨਿਭਾ ਰਿਹਾ ਹੋਵੇ, ਦੇ ਬਾਰੇ ਸਧਾਰਨ ਪੱਤਰ ਤੇ ਨੋਮੀਨੇਸ਼ਨ ਭੇਜ ਸਕਦੇ ਹਨ।
ਇਹ ਐਵਾਰਡ ਇਸ ਤੋਂ ਪਹਿਲਾਂ ਕੰਵਰ ਵਿਜੇ ਪ੍ਰਤਾਪ ਸਿੰਘ, I.P.S., ਬੀਬੀ ਡਾ. ਇੰਦਰਜੀਤ ਕੌਰ ਆਫ ਪਿੰਗਲਵਾੜਾ, ਸੰਤ ਬਲਬੀਰ ਸਿੰਘ ਸੀਚੇਵਾਲ, ਮਹੰਤ ਤੀਰਥ ਸਿੰਘ, ਗੋਨਿਆਣਾ ਮੰਡੀ, ਸ਼੍ਰੀਮਤੀ ਕਿਰਨ ਬੇਦੀ, I.P.S., ਐੱਲ. ਕੇ. ਯਾਦਵ, I.P.S. , ਕ੍ਰਿਸ਼ਨ ਕੁਮਾਰ I.A.S., ਨਿਰਮਲ ਸਿੰਘ ਪਟਵਾਰੀ, ਡਾ: ਹਰਸ਼ਿੰਦਰ ਕੌਰ, ਸ. ਪਦਮਜੀਤ ਸਿੰਘ, ਚੀਫ ਇੰਜੀ. ਬਿਜਲੀ ਬਰੋਡ, ਐਡਵੋਕੇਟ ਐੱਚ. ਐੱਸ. ਫੂਲਕਾ, ਜਗਦੇਵ ਸਿੰਘ ਜੱਸੋਵਾਲ, ਸਹਾਰਾ ਕਲੱਬ ਬਠਿੰਡਾ, ਇੰਜੀ: ਜਸਵੰਤ ਸਿੰਘ, ਭਾਈ ਗੁਰਸ਼ਰਨ ਸਿੰਘ ਉਰਫ ਮੰਨਾ ਸਿੰਘ, ਡਾ: ਹਰਬਾਗ ਸਿੰਘ, ਸ. ਮਨਦੀਪ ਸਿੰਘ ਸਿੰਧੂ, P.P.S., ਸ਼੍ਰੀ ਮੁੰਹਮਦ ਤਾਇਬ, I.A.S., ਸ਼੍ਰੀ ਰਾਜਬੀਰ ਸਿੰਘ (ਰਿਕਸ਼ੇਵਾਲਾ), ਸ਼੍ਰੀ ਕੁਮਾਰ ਸੌਰਵ ਰਾਜ, I.A.S., ਆਦਿ ਨੂੰ ਦਿੱਤੇ ਜਾ ਚੁੱਕੇ ਹਨ।
ਸੰਨ 2000 ਤੋਂ ਅੱਜ ਤੱਕ ਬਾਬਾ ਫਰੀਦ ਐਵਾਰਡ ਫਾਰ ਔਨਸੈਟੀ ਨਾਲ ਕੁੱਲ 33 ਵਿਅਕਤੀਆਂ ਅਤੇ ਭਗਤ ਪੂਰਨ ਸਿੰਘ ਐਵਾਰਡ ਫਾਰ ਸਰਵਿਸ ਟੂ ਹਿਉਮੈਂਟੀ ਨਾਲ ਕੁੱਲ 29 ਵਿਅਕਤੀਆਂ ਨੂੰ ਸਨਮਾਨਿਤ ਕੀਤਾ ਜਾ ਚੁੱਕਾ ਹੈ।