ਮੁਰਗੀਆਂ-ਬੱਕਰੀਆਂ ਦੇ ਪੈਸੇ ਦੇਣ ਵਾਲਾ ਮਾਨ ਹੁਣ…, ਕੀ ਇਹ ਹੈ ਫਰਜ਼ੀ ਬਦਲਾਅ-ਖਹਿਰਾ
ਚੰਡੀਗੜ੍ਹ, 24 ਅਗਸਤ (ਏਬੀਪੀ ਸਾਂਝਾ)- ਪੰਜਾਬ ਦੇ ਕਿਸਾਨਾਂ ਨੂੰ ਦੂਜੀ ਵਾਰ ਹੜ੍ਹਾਂ ਦੀ ਮਾਰ ਝੱਲਣੀ ਪਈ ਹੈ। ਇਸ ਨੂੰ ਲੈ ਕੇ ਕਿਸਾਨ ਲਗਾਤਾਰ ਮੁਆਵਜ਼ੇ ਦੀ ਮੰਗ ਕਰ ਰਹੇ ਹਨ। ਕਿਸਾਨ ਜਥੇਬੰਦੀਆਂ ਵੱਲੋਂ ਹੜ੍ਹ ਪੀੜਤ ਕਿਸਾਨਾਂ ਨੂੰ 50,000 ਰੁਪਏ ਪ੍ਰਤੀ ਏਕੜ ਮੁਆਵਜ਼ੇ ਦੀ ਮੰਗ ਕੀਤੀ ਜਾ ਰਹੀ ਹੈ ਪਰ ਉਨ੍ਹਾਂ ਦਾ ਦਾਅਵਾ ਹੈ ਕਿ ਸਰਕਾਰ 6800 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਦੇ ਰਹੀ ਹੈ। ਇਸ ਨੂੰ ਲੈ ਕੇ ਸੁਖਪਾਲ ਖਹਿਰਾ ਨੇ ਪੰਜਾਬ ਸਰਕਾਰ ਉੱਤੇ ਨਿਸ਼ਾਨਾ ਸਾਧਿਆ ਹੈ।
ਸੁਖਪਾਲ ਖਹਿਰਾ ਨੇ ਟਵੀਟ ਕਰਦਿਆਂ ਕਿਹਾ, ਮੁਰਗ਼ੀਆਂ ਬੱਕਰੀਆਂ ਦੇ ਪੈਸੇ ਦੇਣ ਵਾਲਾ ਭਗਵੰਤ ਮਾਨ ਹੁਣ ਇੱਕ ਏਕੜ ਫਸਲ ਦੇ ਨੁਕਸਾਨ ਦਾ 6800 ਰੁਪਏ ਦੇਣ ਉੱਪਰ ਆ ਡਿਗਿਆ ਹੈ ਜਿਸ ਵਿੱਚੋਂ ਮਾਲ ਅਫਸਰ ਵੀ ਪੈਸੇ ਖਾ ਰਹੇ ਹਨ। ਕੀ ਇਹ ਹੈ ਤੁਹਾਡਾ ਫਰਜੀ ਬਦਲਾਉ – ਖਹਿਰਾ
ਮੁਰਗ਼ੀਆਂ ਬੱਕਰੀਆਂ ਦੇ ਪੈਸੇ ਦੇਣ ਵਾਲਾ @BhagwantMann ਹੁਣ ਇੱਕ ਏਕੜ ਫਸਲ ਦੇ ਨੁਕਸਾਨ ਦਾ 6800 ਰੁਪਏ ਦੇਣ ਉੱਪਰ ਆ ਡਿਗਿਆ ਹੈ ਜਿਸ ਵਿੱਚੋਂ ਮਾਲ ਅਫਸਰ ਵੀ ਪੈਸੇ ਖਾ ਰਹੇ ਹਨ। ਕੀ ਇਹ ਹੈ ਤੁਹਾਡਾ ਫਰਜੀ ਬਦਲਾਉ – ਖਹਿਰਾ @INCPunjab pic.twitter.com/TxuReZVCbs
Advertisement— Sukhpal Singh Khaira (@SukhpalKhaira) August 24, 2023
ਜ਼ਿਕਰ ਕਰ ਦਈਏ ਕਿ ਹੜ੍ਹ ਪੀੜਤ ਕਿਸਾਨਾਂ ਨੂੰ ਮੁਆਵਜ਼ਾ ਦਵਾਉਣ ਲਈ ਕਾਂਗਰਸ ਲਗਾਤਾਰ ਪ੍ਰਦਰਸ਼ਨ ਕਰ ਰਹੀ ਹੈ। ਇਸ ਨੂੰ ਲੈ ਕੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਪੰਜਾਬ ਕਾਂਗਰਸ ਕਿਸਾਨ ਯੂਨੀਅਨਾਂ ਨਾਲ ਇਕਜੁੱਟ ਹੋ ਕੇ ਖੜੀ ਰਹੇਗੀ ਜਿਵੇਂ ਕਿ ਉਸ ਨੇ ਦਿੱਲੀ ਦੀਆਂ ਸਰਹੱਦਾਂ ‘ਤੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਕੀਤਾ ਸੀ।
ਪੰਜਾਬ ਕਾਂਗਰਸ ਪੁਲਿਸ ਵੱਲੋਂ ਕਤਲ ਕੀਤੇ ਗਏ ਪ੍ਰੀਤਮ ਸਿੰਘ ਨੂੰ ਇਨਸਾਫ਼ ਦਿਵਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਨੇ ਦੁਸ਼ਟਤਾ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਪੰਜਾਬ ਦੇ ਲੋਕ ਇਸ ਜ਼ਾਲਮ ਹਕੂਮਤ ਦੀ ਹਰ ਹਰਕਤ ‘ਤੇ ਨੇੜਿਉਂ ਨਜ਼ਰ ਰੱਖ ਰਹੇ ਹਨ। ਉਹ 2024 ਦੀਆਂ ਲੋਕ ਸਭਾ ਚੋਣਾਂ ‘ਚ ‘ਆਪ’ ਨੂੰ ਸਬਕ ਸਿਖਾਉਣਗੇ।