ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਵਿਦਿਆਰਥੀ ਆਗੂ ਨੂੰ ਦਾਖ਼ਲਾ ਦੇਣ ਤੋਂ ਮਨ੍ਹਾ ਕਰਨ ਵਾਲ਼ੇ ਕਾਲਜ ਦੇ ਪ੍ਰਿੰਸੀਪਲ ਦਾ ਪੁਤਲਾ ਫੂਕ ਕੀਤਾ ਪ੍ਰਦਰਸ਼ਨ
ਫਰੀਦਕੋਟ, 25 ਅਗਸਤ (ਪੰਜਾਬ ਡਾਇਰੀ)- ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਵਿਦਿਆਰਥੀ ਆਗੂ ਨੂੰ ਦਾਖ਼ਲਾ ਦੇਣ ਤੋਂ ਮਨ੍ਹਾ ਕਰਨ ਵਾਲ਼ੇ ਰਾਜਿੰਦਰਾ ਕਾਲਜ ਬਠਿੰਡਾ ਦੇ ਪ੍ਰਿੰਸੀਪਲ ਪੁਤਲਾ ਫੂਕ ਕੇ ਪ੍ਰਦਰਸ਼ਨ ਕੀਤਾ ਗਿਆ ।
ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਸਕੱਤਰ ਹਰਵੀਰ ਨੇ ਕਿਹਾ ਕਿ ਦੇਸ਼ ਭਰ ਵਿੱਚ ਲੋਕ ਵਿਰੋਧੀ ਸਰਕਾਰਾਂ ਲੋਕਾਂ ਦੇ ਆਗੂਆਂ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ । ਸਰਕਾਰ ਖਿਲਾਫ਼ ਬੋਲਣ ਵਾਲੇ ਵਿਦਿਆਰਥੀ ਆਗੂ, ਪ੍ਰੋਫ਼ੈਸਰ, ਬੁੱਧੀਜੀਵੀ, ਵਕੀਲ, ਕਵੀ ਅਤੇ ਲੇਖ਼ਕ ਜੇਲਾਂ ਚ ਬੰਦ ਹਨ, ਆਰ ਐਸ ਐਸ ਦੀ ਵਿਚਾਰਧਾਰਾ ਵਾਲ਼ੀ ਕੇਂਦਰ ਦੀ ਮੋਦੀ ਸਰਕਾਰ ਦੀ ਤਰ੍ਹਾਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਵੀ ਸੰਘਰਸ਼ਸ਼ੀਲ ਲੋਕਾਂ ਨੂੰ ਦਬਾਇਆ ਜਾ ਰਿਹਾ ਹੈ, ਲੌਗੋਵਾਲ ਵਿੱਚ ਕਿਸਾਨਾਂ ਤੇ ਹੋਏ ਲਾਠੀਚਾਰਜ ਵੀ ਇਸ ਦੀ ਹੀ ਉਦਾਹਰਨ ਹੈ ।
ਉਨ੍ਹਾਂ ਕਿਹਾ ਕਿ ਓਸੇ ਰਾਹ ਤੇ ਦਲਿਤ ਵਿਰੋਧੀ ਮਾਨਸਿਕਤਾ ਦਾ ਸਬੂਤ ਦਿੰਦਿਆਂ ਰਾਜਿੰਦਰਾ ਕਾਲਜ ਦੇ ਪ੍ਰਿੰਸੀਪਲ ਵੱਲੋਂ ਪੰਜਾਬ ਸਟੂਡੈਂਟਸ ਯੂਨੀਅਨ ਦੇ ਆਗੂ ਨੂੰ ਵਿਦਿਆਰਥੀ ਜੱਥੇਬੰਦੀ ਦਾ ਮੈਂਬਰ ਹੋਣ ਕਾਰਨ ਦਾਖ਼ਲਾ ਦੇਣ ਤੋਂ ਮਨ੍ਹਾ ਕੀਤਾ ਗਿਆ ਅਤੇ ਕਿਹਾ ਗਿਆ ਕਿ ਉਹ ਏਥੇ ਜੱਥੇਬੰਦੀ ਨਹੀਂ ਬਣਨ ਦੇਣਗੇ ।
ਕਮੇਟੀ ਪ੍ਰਧਾਨ ਸੁਖਬੀਰ ਸਿੰਘ ਨੇ ਕਿਹਾ ਕਿ ਜੱਥੇਬੰਦੀ ਬਣਾਉਣਾ ਅਤੇ ਸੰਘਰਸ਼ ਕਰਨਾ ਵਿਦਿਆਰਥੀਆਂ ਦਾ ਜਮਹੂਰੀ ਅਧਿਕਾਰ ਹੈ ਜਿਸ ਨੂੰ ਕੁਚਲਿਆ ਜਾ ਰਿਹਾ, ਪ੍ਰਿੰਸੀਪਲ ਵੀ ਸੰਘਰਸ਼ਸ਼ੀਲ ਲੋਕਾਂ ਪ੍ਰਤੀ ਨਫ਼ਰਤ ਰੱਖਦੇ ਹਨ ਉਹ ਇੱਕ ਯੋਗ ਵਿਦਿਆਰਥੀ ਤੋਂ ਪੜ੍ਹਨ ਦਾ ਹੱਕ ਖੋਹ ਰਹੇ ਹਨ ਜੋ ਪੰਜਾਬ ਸਟੂਡੈਂਟਸ ਯੂਨੀਅਨ ਬਰਦਾਸ਼ਤ ਨਹੀਂ ਕਰੇਗੀ। ਕਾਲਜ ਪ੍ਰਿੰਸੀਪਲ ਉਪਰ ਐਸ ਸੀ /ਐਸ ਟੀ ਐਕਟ ਤਹਿਤ ਪਰਚਾ ਦਰਜ ਕਰਵਾਉਣ ਅਤੇ ਵਿਦਿਆਰਥੀ ਆਗੂ ਨੂੰ ਦਾਖ਼ਲਾ ਦਵਾਉਣ ਲਈ ਆਉਣ ਵਾਲ਼ੇ ਦਿਨਾਂ ਵਿੱਚ ਜੱਥੇਬੰਦੀ ਤਿੱਖਾ ਸੰਘਰਸ਼ ਕਰੇਗੀ ।
ਇਸ ਮੌਕੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਮੈਂਬਰ ਸੁਖਪਿੰਦਰ ਸਿੰਘ ਮੌੜ, ਸੁਖਪ੍ਰੀਤ ਸਿੰਘ ਮੌੜ,ਲਵਪ੍ਰੀਤ ਸਿੰਘ, ਅਰਸ਼ਦੀਪ ਸਿੰਘ, ਖੁਸ਼ਪ੍ਰੀਤ ਸਿੰਘ, ਵਨੀਤਾ, ਨੇਹਾ, ਗੁਰਮਨ ਸਿੰਘ, ਮਨਪ੍ਰੀਤ ਸਿੰਘ, ਗੁਰਵਿੰਦਰ ਸਿੰਘ ਹਾਜ਼ਰ ਸਨ।