ਵਿਮੁਕਤ ਜਾਤੀਆਂ ਦੇ ਉਮੀਦਵਾਰ ਨੂੰ ਜਿਹੜੀ ਰਾਜਨੀਤਕ ਪਾਰਟੀ ਲੋਕ ਸਭਾ ਦੀ ਟਿਕਟ ਦੇਵੇਗੀ, ਉਸ ਪਾਰਟੀ ਦਾ ਡੱਟ ਕੇ ਸਾਥ ਦਿੱਤਾ ਜਾਵੇਗਾ- ਬਰਗਾੜੀ, ਡੂੰਮਵਾਲੀ
* ਬਾਵਰੀਆ ਸਮਾਜ ਵੱਲੋਂ 71ਵਾਂ ਅਜ਼ਾਦੀ ਦਿਹਾੜਾ ਧੂਮ- ਧਾਮ ਨਾਲ ਮਨਾਇਆ ਗਿਆ
ਫਰੀਦਕੋਟ, 1 ਸਤੰਬਰ (ਪੰਜਾਬ ਡਾਇਰੀ)- ਵਿਮੁਕਤ ਜਾਤੀਆਂ ਵੱਲੋਂ ਆਪਣਾ ਅਜ਼ਾਦੀ ਦਿਹਾੜਾ ਅੰਗਰੇਜ਼ ਸਰਕਾਰ ਦੁਆਰਾ ਲਗਾਏ ਗਏ ਜ਼ਰਾਇਮ ਪੇਸ਼ਾ ਐਕਟ 1871 ( ਕਾਲੇ-ਕਾਨੂੰਨ ) ਤੋਂ 31 ਅਗਸਤ 1952 ਨੂੰ ਮੁਕਤੀ ਮਿਲਣ ਕਾਰਨ ਹਰ ਸਾਲ 31 ਅਗਸਤ ਨੂੰ ਹੀ ਮਨਾਇਆ ਜਾਂਦਾ ਹੈ। ਇਸ ਵਾਰ ਬਾਵਰੀਆ ਸਮਾਜ ਵੱਲੋਂ 71 ਵਾਂ ਅਜ਼ਾਦੀ ਦਿਹਾੜਾ ਫਰੀਦਕੋਟ ਵਿਖੇ ਬਾਵਰੀਆਂ ਸਮਾਜ ਦੀ ਧਰਮਸ਼ਾਲਾ ਵਿਖੇ ਧੂਮ – ਧਾਮ ਨਾਲ ਮਨਾਇਆ ਗਿਆ।
ਇਸ ਮੌਕੇ ਸੰਬੋਧਨ ਕਰਦਿਆਂ ਵਿਮੁਕਤ ਕਬੀਲੇ ਮਹਾਂ ਸੰਘ ਦੇ ਸੂਬਾ ਕਮੇਟੀ ਮੈਂਬਰ ਪਰਮਜੀਤ ਸਿੰਘ ਬਰਗਾੜੀ, ਜਸਵੀਰ ਸਿੰਘ ਡੂੰਮਵਾਲੀ, ਹਰਜਿੰਦਰ ਸਿੰਘ ਸਾਦਿਕ, ਸੀਨੀਅਰ ਆਗੂ ਕਰਨੈਲ ਸਿੰਘ ਬਰਗਾੜੀ ਤੇ ਗੁਰਦੇਵ ਸਿੰਘ ਚਰਨ, ਬਾਵਰੀਆ ਸਮਾਜ ਦੇ ਆਗੂ ਸਰਬਨ ਸਿੰਘ ਪੰਜਗਰਾਈਂ, ਜਸਪਾਲ ਸਿੰਘ ਪੰਜਗਰਾਈਂ, ਛਿੰਦਰ ਸਿੰਘ ਪਟਵਾਰੀ, ਗੁਰਦਿਆਲ ਸਿੰਘ ਬਰਗਾੜੀ, ਬਲਵੀਰ ਬਰਗਾੜੀ, ਗੁਰਮੇਲ ਬਰਗਾੜੀ, ਰਾਜੂ ਸਿੰਘ ਬਰਗਾੜੀ ਨੇ ਕਿਹਾ ਕਿ ਵਿਮੁਕਤ ਜਾਤੀਆਂ ਦੇ ਸਰਵਪੱਖੀ ਵਿਕਾਸ ਲਈ ਸੰਵਿਧਾਨ ਦੀ ਧਾਰਾ 343 ਅਧੀਨ ਅਧੀਨ ਸਰਕਾਰੀ ਨੌਕਰੀਆਂ ਲਈ ਅਨੁਸੂਚਿਤ ਜਾਤੀਆਂ ਨੂੰ ਸਾਢੇ 7 ਪ੍ਰਤੀਸ਼ਤ ਰਾਖਵਾਂਕਰਨ ਤੇ ਸਰਵਪੱਖੀ ਵਿਕਾਸ ਲਈ ਹੋਰ ਸਹੂਲਤਾਂ ਦੇਣੀਆਂ ਦਰਜ ਕੀਤੀਆਂ ਹਨ।
ਪਰ ਉਸ ਸਮੇਂ ਤੋਂ ਲੈ ਕੇ ਅੱਜ ਤੱਕ ਵਿਮੁਕਤ ਜਾਤੀਆਂ ਨੂੰ ਸੰਵਿਧਾਨਕ ਹੱਕ ਦੇਣ ਪ੍ਰਤੀ ਕਿਸੇ ਵੀ ਰਾਜਨੀਤਿਕ ਪਾਰਟੀ ਨੇ ਰੁਚੀ ਨਹੀਂ ਦਿਖਾਈ। ਇਸ ਮੌਕੇ ਅਗਲੇ ਸੰਘਰਸ਼ ਬਾਰੇ ਐਲਾਨ ਕਰਦਿਆ ਆਗੂਆਂ ਨੇ ਕਿਹਾ ਕਿ ਵਿਮੁਕਤ ਜਾਤੀਆਂ ਵੱਲੋਂ ਪੰਜਾਬ ਸਰਕਾਰ ਵੱਲੋਂ 15 ਸਤੰਬਰ 2022 ਨੂੰ ਰਾਖਵੇਂਕਰਨ ਸਬੰਧੀ ਜਾਰੀ ਪੱਤਰ ਨੂੰ ਰੱਦ ਕਰਵਾਉਣ ਤੇ ਆਪਣੀਆਂ ਮੰਗਾਂ ਪੂਰੀਆਂ ਕਰਵਾਉਣ ਲਈ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।
ਲੋਕ ਸਭਾ ਦੀਆਂ ਚੋਣਾਂ ਬਾਰੇ ਗੱਲਬਾਤ ਕਰਦਿਆਂ ਪਰਮਜੀਤ ਸਿੰਘ ਬਰਗਾੜੀ ਤੇ ਜਸਵੀਰ ਸਿੰਘ ਡੂੰਮਵਾਲੀ ਨੇ ਕਿਹਾ ਕਿ ਜਿਹੜੀ ਰਾਜਨੀਤਕ ਪਾਰਟੀ ਵਿਮੁਕਤ ਜਾਤੀਆਂ ਦੇ ਉਮੀਦਵਾਰਾਂ ਨੂੰ ਲੋਕ ਸਭਾ ਦੀਆਂ ਟਿਕਟਾਂ ਦੇਵੇਗੀ। ਉਸ ਪਾਰਟੀ ਦਾ ਪੂਰੇ ਪੰਜਾਬ ਵਿੱਚ ਲੋਕ ਸਭਾ ਦੀਆਂ ਚੋਣਾਂ ਵਿੱਚ ਸਾਥ ਦਿੱਤਾ ਜਾਵੇਗਾ।