ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਲੋਕ ਸੁਵਿਧਾ ਸੈਂਟਰ ਦਾ ਸਪੀਕਰ ਸੰਧਵਾਂ ਨੇ ਕੀਤਾ ਉਦਘਾਟਨ
ਫਰੀਦਕੋਟ, 5 ਸਤੰਬਰ (ਪੰਜਾਬ ਡਾਇਰੀ)- ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ, ਫਰੀਦਕੋਟ ਵਿਖੇ ਸਰਦਾਰ ਕੁਲਤਾਰ ਸਿੰਘ ਸੰਧਵਾਂ, ਸਪੀਕਰ, ਪੰਜਾਬ ਵਿਧਾਨ ਸਭਾ ਵੱਲੋਂ ਡਾ. ਰਾਜੀਵ ਸੂਦ, ਉਪ ਕੁਲਪਤੀ, ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼, ਫਰੀਦਕੋਟ ਅਤੇ ਸਰਦਾਰ ਗੁਰਦਿੱਤ ਸਿੰਘ ਸੇਖੋਂ, ਐਮ.ਐਲ.ਏ., ਫਰੀਦਕੋਟ ਦੀ ਹਾਜਰੀ ਵਿੱਚ ਲੋਕ ਸੁਵਿਧਾ ਸੈਂਟਰ ਦਾ ਉਦਘਾਟਨ ਕੀਤਾ ਗਿਆ।
ਇਸ ਮੌਕੇ ਤੇ ਡਾ. ਐਸ.ਪੀ. ਸਿੰਘ, ਕੰਟਰੋਲਰ ਪ੍ਰੀਖਿਆਵਾਂ, ਬੀਐਫਯੁਐੱਚਐੱਸ, ਫਰੀਦਕੋਟ,ਡਾ. ਰਾਜੀਵ ਸ਼ਰਮਾ, ਪ੍ਰਿੰਸੀਪਲ, ਗਗਸਮਕ, ਫਰੀਦਕੋਟ, ਡਾ. ਸ਼ਿਲੇਖ ਮਿੱਤਲ, ਮੈਡੀਕਲ ਸੁਪਰਡੈਂਟ, ਗਗਸਮਹ, ਫਰੀਦਕੋਟ ਅਤੇ ਸ਼੍ਰੀ ਰਾਜ ਕੁਮਾਰ, ਕਾਰਜਕਾਰੀ ਇੰਜੀਨੀਅਰ, ਬੀਐਫਯੁਐੱਚਐੱਸ, ਫਰੀਦਕੋਟ ਮੌਜੂਦ ਸਨ।
ਲੋਕ ਸੁਵਿਧਾ ਸੈਂਟਰ ਦੀ ਸ਼ੁਰੂਆਤ ਲੋਕ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕੀਤੀ ਗਈ ਹੈ ਤਾਂ ਜੋ ਫਰੀਦਕੋਟ ਅਤੇ ਆਸ-ਪਾਸ ਦੇ ਇਲਾਕਿਆਂ ਤੋ ਆਉਣ ਵਾਲੇ ਵੱਖ-ਵੱਖ ਮਰੀਜਾਂ ਨੂੰ ਆਪਣੇ ਰੌਜਾਨਾ ਦੇ ਕੰਮ ਜਿਵੇਂ ਕਿ ਕਰੋਨਿਕ ਡਿਸੀਜ਼ ਸਰਟੀਫਿਕੇਟ, ਅੰਗਹੀਣਤਾ ਸਰਟੀਫਿਕੇਟ, ਐਮ.ਐਲ.ਆਰ. ਕੇਸ, ਮੈਡੀਕਲ ਰਿਬਰਸਮੈਂਟ ਕੇਸ ਸਬੰਧੀ ਕੋਈ ਵੀ ਮੁਸ਼ਕਿਲ ਅਤੇ ਖੱਜਲ-ਖੁਆਰੀ ਦਾ ਸਾਹਮਣਾ ਨਾ ਕਰਨਾ ਪਵੇ।
ਇਸ ਮੌਕੇ ਤੇ ਸਰਦਾਰ ਕੁਲਤਾਰ ਸਿੰਘ ਸੰਧਵਾਂ, ਸਪੀਕਰ, ਪੰਜਾਬ ਵਿਧਾਨ ਸਭਾ ਵੱਲੋਂ ਹਸਪਤਾਲ ਵੱਲੋਂ ਸ਼ੁਰੂ ਕੀਤੇ ਗਏ ਲੋਕ ਸੁਵਿਧਾ ਕਾਊਂਟਰ ਦੀ ਸ਼ਲਾਘਾ ਕਰਦੇ ਹੋਏ ਦੱਸਿਆ ਗਿਆ ਕਿ ਇਸ ਉਪਰਾਲੇ ਨਾਲ ਹਸਪਤਾਲ ਵਿੱਚ ਰੌਜਾਨਾ ਆਉਣ ਵਾਲੇ ਮਰੀਜਾਂ ਨੂੰ ਪੇਸ਼ ਆਉਣ ਵਾਲੀਆਂ ਮੁਸ਼ਕਿਲਾਂ ਤੋਂ ਛੁਟਕਾਰਾ ਮਿਲੇਗਾ।
ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼, ਫ਼ਰੀਦਕੋਟ ਦੇ ਵਾਈਸ-ਚਾਂਸਲਰ ਡਾ: ਰਾਜੀਵ ਸੂਦ ਨੇ ਲੋਕ ਸੁਵਿਧਾ ਕੇਂਦਰ ਖੋਲ੍ਹਣ ਨੂੰ ਬਹੁਤ ਸਾਰੇ ਮਰੀਜ਼ ਹਿਤੈਸ਼ੀ ਪਹਿਲਕਦਮੀਆਂ ਵਿੱਚੋਂ ਇੱਕ ਕਰਾਰ ਦਿੱਤਾ ਅਤੇ ਦੱਸਿਆ ਕਿ ਭਵਿੱਖ ਵਿੱਚ ਸਹੂਲਤਾਂ ਵਿੱਚ ਹੋਰ ਸੁਧਾਰ ਕੀਤਾ ਜਾਵੇਗਾ। ਮਾਣਯੋਗ ਸਪੀਕਰ ਨੇ ਦੱਸਿਆ ਕਿ ਪੰਜਾਬ ਸਰਕਾਰ ਹਸਪਤਾਲ ਦੀਆਂ ਓਪੀਡੀ ਸੇਵਾਵਾਂ ਨੂੰ ਅੱਪਗ੍ਰੇਡ ਅਤੇ ਸੈਟਰਲੀ ਏਅਰਕੰਡੀਸ਼ਨਡ ਕਰਨ ਜਾ ਰਹੀ ਹੈ। ਮੀਟਿੰਗ ਤੋਂ ਬਾਅਦ ਕੈਂਪਸ ਦੀ ਸੁਰੱਖਿਆ ਨੂੰ ਵਧਾਉਣ ਲਈ ਕਦਮ ਚੁੱਕਣ ਲਈ ਪੁਲਿਸ ਅਧਿਕਾਰੀ ਨੂੰ ਵੀ ਬੁਲਾਇਆ ਗਿਆ।