ਅਦਾਲਤ ਵਲੋਂ ਗੂਗਲ ਐਡਵਰਡਸ ’ਤੇ ਪਾਲਿਸੀਬਾਜ਼ਾਰ ‘ਟਰੇਡਮਾਰਕ’ ਨਾਲ ਮੇਲ ਖਾਂਦੇ ਸ਼ਬਦਾਂ ਦੀ ਵਰਤੋਂ ‘ਤੇ ਪਾਬੰਦੀ ਲਗਾਉਣ ਤੋਂ ਇਨਕਾਰ
ਨਵੀਂ ਦਿੱਲੀ, 7 ਸਤੰਬਰ (ਰੋਜਾਨਾ ਸਪੋਕਸਮੈਨ)- ਦਿੱਲੀ ਹਾਈ ਕੋਰਟ ਨੇ ਪਾਲਿਸੀ ਬਾਜ਼ਾਰ ਦੀ ਉਸ ਪਟੀਸ਼ਨ ਨੂੰ ਰੱਦ ਕਰ ਦਿਤਾ ਹੈ, ਜਿਸ ਵਿਚ ਉਸ ਨੇ ਹੋਰ ਇਕਾਈਆਂ ਵਲੋਂ ਗੂਗਲ ਦੇ ਐਡਵਰਡ ਪ੍ਰੋਗਰਾਮ ਵਿਚ ਉਸ ਦੇ ‘ਟਰੇਡਮਾਰਕ’ ਨਾਲ ਮਿਲਦੇ-ਜੁਲਦੇ ਸ਼ਬਦਾਂ ਦੀ ਵਰਤੋਂ ‘ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਸੀ।
ਐਡਵਰਡ ਪ੍ਰੋਗਰਾਮ ‘ਤੇ ਕਵਰਫੌਕਸ ਇੰਸ਼ੋਰੈਂਸ ਬ੍ਰੋਕਿੰਗ ਪ੍ਰਾਈਵੇਟ ਲਿਮਟਡ ਅਤੇ ਏਕੋ ਜਨਰਲ ਇੰਸ਼ੋਰੈਂਸ ਲਿਮਟਡ ਦੁਆਰਾ ਇਸ ਦੇ ਟ੍ਰੇਡਮਾਰਕ ਦੀ ਕਥਿਤ ਵਰਤੋਂ ਵਿਰੁਧ ਪਾਲਿਸੀ ਬਾਜ਼ਾਰ ਦੀ ਪਟੀਸ਼ਨ ‘ਤੇ ਸੁਣਵਾਈ ਕਰਦੇ ਹੋਏ ਜਸਟਿਸ ਨਵੀਨ ਚਾਵਲਾ ਨੇ ਕਿਹਾ ਕਿ ਪਹਿਲੀ ਨਜ਼ਰੇ ਉਲੰਘਣਾ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ।
ਪਾਲਿਸੀਬਾਜ਼ਾਰ ਨੇ ਕਵਰਫੌਕਸ ਅਤੇ ਈਕੋ ਵਿਰੁਧ ਅਪਣੇ ਮੁਕੱਦਮੇ ਵਿਚ ਦਾਅਵਾ ਕੀਤਾ ਸੀ ਕਿ ਇਹ ਕੰਪਨੀਆਂ ਅਪਣੀ ਵੈਬਸਾਈਟ ਤੋਂ ਭੰਬਲਭੂਸਾ ਪੈਦਾ ਕਰਨ ਅਤੇ ਕਾਰੋਬਾਰ ਕਮਾਉਣ ਦੇ ਇਰਾਦੇ ਨਾਲ ਵੱਖ-ਵੱਖ ਕਿਸਮਾਂ ਦੇ ‘ਪਾਲਿਸੀਬਾਜ਼ਾਰ’ ਚਿੰਨ੍ਹਾਂ ਨਾਲ ਮਿਲਦੇ ਮੁੱਖ ਸ਼ਬਦਾਂ ਦੀ ਵਰਤੋਂ ਕਰ ਰਹੀਆਂ ਸਨ।
ਅਦਾਲਤ ਨੇ ਅਪਣੇ ਅੰਤਰਿਮ ਹੁਕਮ ਵਿਚ ਕਿਹਾ ਕਿ ਇਹ ਮੁਕੱਦਮਾ ਪਾਲਿਸੀਬਾਜ਼ਾਰ ਦੇ ਰਜਿਸਟਰਡ “ਟਰੇਡਮਾਰਕ” ਨੂੰ ਐਡਵਰਡ ਪ੍ਰੋਗਰਾਮ ਵਿਚ ਮੁੱਖ ਸ਼ਬਦਾਂ ਵਜੋਂ ਵਰਤਣ ਅਤੇ ਬਚਾਓ ਪੱਖ ਦੀ ਵੈੱਬਸਾਈਟ ਨੂੰ “ਇਸ਼ਤਿਹਾਰ” ਵਜੋਂ ਪ੍ਰਦਰਸ਼ਤ ਕਰਨ ਦੇ ਦੋਸ਼ਾਂ ‘ਤੇ ਅਧਾਰਤ ਸੀ, ਹਾਲਾਂਕਿ “ਪ੍ਰਯੋਜਿਤ ਲਿੰਕ” ਇਸ ਤੱਥ ਨੂੰ ਸਾਬਤ ਕਰਨ ਲਈ ਕਾਫ਼ੀ ਨਹੀਂ ਹੈ ਕਿ ਇਸ ਨਾਲ ਇੰਟਰਨੈਟ ਉਪਭੋਗਤਾਵਾਂ ਵਿਚ ਉਲਝਣ ਪੈਦਾ ਹੋਵੇਗੀ।