ਸਿੰਘ ਸਭਾ ਲਹਿਰ ਦੇ 150ਵੇਂ ਸਥਾਪਨਾ ਵਰ੍ਹੇ ਮੌਕੇ ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ ਰੋਪੜ ਵਿਖੇ ਵਿਚਾਰ-ਗੋਸ਼ਟੀ 23 ਸਤੰਬਰ ਨੂੰ ਹੋਵੇਗੀ
– ਸਿੱਖ ਪ੍ਰਚਾਰਕਾਂ ਲਈ ਖਾਸ ਅਹਿਮੀਅਤ ਵਾਲੀ ਹੋਵੇਗੀ ਵੀਚਾਰ ਗੋਸ਼ਟੀ, ਵੱਧ ਚੜ੍ਹ ਕੇ ਪਹੁੰਚਣ ਦੀ ਬੇਨਤੀ: ਡਾ. ਖੁਸ਼ਹਾਲ ਸਿੰਘ
ਚੰਡੀਗੜ੍ਹ 20 ਸਤੰਬਰ (ਪੰਜਾਬ ਡਾਇਰੀ)- ਗਿਆਨੀ ਕੇਵਲ ਸਿੰਘ, ਸਾਬਕਾ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਯੋਗ ਅਗਵਾਈ ਵਿਚ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਵਲੋਂ ਪੰਥਕ ਤਾਲਮੇਲ ਦੇ ਸਹਿਯੋਗ ਨਾਲ ਸਿੰਘ ਸਭਾ ਲਹਿਰ ਦੇ 150ਵੇਂ ਵਰ੍ਹੇ ਦੇ ਸਬੰਧ ਵਿਚ ਅਕਤੂਬਰ 2022 ਤੋਂ ਭਾਰਤ ਦੇ ਵੱਖ ਵੱਖ ਸੂਬਿਆਂ ਵਿਚ ਪ੍ਰਚਾਰ ਕੀਤਾ ਗਿਆ ਜਾ ਰਿਹਾ ਹੈ।
ਇਸ ਸਬੰਧੀ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਡਾ. ਖੁਸ਼ਹਾਲ ਸਿੰਘ (ਜਨਰਲ ਸਕੱਤਰ) ਕੇਂਦਰੀ ਸ੍ਰੀ ਗੁਰੂ ਸਿੰਘ ਸਭਾ, ਚੰਡੀਗੜ੍ਹ ਨੇ ਦੱਸਿਆ ਕਿ ਇਸੇ ਲੜੀ ਤਹਿਤ 23 ਸਤੰਬਰ 2023, ਦਿਨ ਸ਼ਨਿਚਰਵਾਰ ਨੂੰ ਸਵੇਰੇ 10:00 ਵਜੇ ਤੋਂ ਲੈ ਕੇ ਦੁਪਹਿਰ 1:00 ਵਜੇ ਤੱਕ ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ ਰੋਪੜ ਵਿਖੇ ਧਰਮ-ਪ੍ਰਚਾਰ ਸਬੰਧੀ ਵਿਚਾਰ-ਗੋਸ਼ਟੀ ਕਰਵਾਈ ਜਾ ਰਹੀ ਹੈ ਜੋ ਕਿ ਵਿਸ਼ੇਸ਼ ਤੌਰ ’ਤੇ ਸਿੱਖ ਪ੍ਰਚਾਰਕਾਂ ਲਈ ਖਾਸ ਅਹਿਮੀਅਤ ਰਖਦੀ ਹੈ।
ਡਾ. ਖੁਸ਼ਹਾਲ ਸਿੰਘ ਨੇ ਕੇਂਦਰੀ ਸਿੰਘ ਸਭਾ ਅਤੇ ਸਮੂਹ ਸਹਿਯੋਗੀ ਜੱਥੇਬੰਦੀਆਂ ਵਲੋਂ ਸਿੱਖ ਪੰਥ ਦੇ ਸਮੂਹ ਰਾਗੀ, ਢਾਡੀ, ਕਥਾਵਾਚਕ ਅਤੇ ਪ੍ਰਚਾਰਕਾਂ ਇਸ ਵਿਚਾਰ ਗੋਸ਼ਟੀ ਵਿਚ ਵੱਧ-ਚੜ੍ਹ ਕੇ ਸ਼ਮੂਲੀਅਤ ਕਰਨ ਦੀ ਬੇਨਤੀ ਕੀਤੀ ਹੈ ਤਾਂ ਜੋ 150 ਵਰ੍ਹੇ ਪਹਿਲਾਂ ਸ਼ੁਰੂ ਹੋਈ ਸਿੰਘ ਸਭਾ ਲਹਿਰ ਦੇ ਅਸਲ ਮੰਤਵ ਸਬੰਧੀ ਦੇਸ਼ਾਂ ਵਿਦੇਸ਼ਾਂ ਵਿਚ ਵਸਦੇ ਸਿੱਖਾਂ ਸਮੇਤ ਬੱਚੇ ਬੱਚੀਆਂ ਅਤੇ ਨੌਜਵਾਨ ਧੀਆਂ-ਪੁੱਤਰਾਂ ਨੂੰ ਆਪਣੇ ਵਿਰਸੇ ਨਾਲ ਜੋੜਿਆ ਜਾ ਸਕੇ।
ਉਨ੍ਹਾਂ ਦੱਸਿਆ ਕਿ ਉਕਤ ਸਮਾਗਮ ਦੀਆਂ ਤਿਆਰੀਆਂ ਪੂਰੇ ਜੋਰਾਂ ’ਤੇ ਕਾਲਜ਼ ਦੇ ਡਾਇਰੈਕਟਰ ਜੋਗਿੰਦਰ ਸਿੰਘ ਦੀ ਅਗਵਾਈ ਵਿਚ ਕੀਤੀਆਂ ਜਾ ਰਹੀਆਂ ਹਨ। ਇਹ ਵਿਚਾਰ ਗੋਸ਼ਟੀ ਸਮਾਗਮ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਵਲੋਂ ਸਿੱਖ ਮਿਸ਼ਨਰੀ ਕਾਲਜ, ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ਼, ਗੁਰਮਤਿ ਗਿਆਨ ਮਿਸ਼ਨਰੀ ਕਾਲਜ਼ ਅਤੇ ਅਕਾਲ ਪੁਰਖ ਕੀ ਫੌਜ਼ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ।