35 ਲੱਖ ਲਾ ਕੇ ਕੈਨੇਡਾ ਭੇਜੀ ਕੁੜੀ ਨੇ ਘਰਵਾਲੇ ਨੂੰ ਭੇਜੇ ਤਲਾਕ ਦੇ ਕਾਗਜ਼, ਮਾਮਲਾ ਦਰਜ
ਬਠਿੰਡਾ, 22 ਸਤੰਬਰ (ਡੇਲੀ ਪੋਸਟ ਪੰਜਾਬੀ)- ਵਿਆਹ ਤੋਂ ਬਾਅਦ ਮੁੰਡੇ ਵਾਲੇ ਕਈ ਲੱਖ ਲਾ ਕੇ ਕੁੜੀ ਨੂੰ ਵਿਦੇਸ਼ ਭੇਜਦੇ ਹਨ।ਉਨ੍ਹਾਂ ਨੂੰ ਆਸ ਹੁੰਦੀ ਹੈ ਕਿ ਕੁੜੀ ਵਿਦੇਸ਼ ਜਾ ਕੇ ਸੈੱਟ ਹੋ ਜਾਵੇਗੀ ਤੇ ਫਿਰ ਉਨ੍ਹਾਂ ਦੇ ਪੁੱਤ ਨੂੰ ਵੀ ਵਿਦੇਸ਼ ਸੱਦ ਲਵੇਗੀ ਪਰ ਕੁੜੀਆਂ ਵੱਲੋਂ ਪਤੀਆਂ ਨੂੰ ਛੱਡ ਜਾਣਾ ਤੇ ਵਿਦੇਸ਼ ਜਾ ਕੇ ਮੁਕਰ ਜਾਣ ਦੇ ਬਹੁਤ ਸਾਰੇ ਮਾਮਲੇ ਸਾਹਮਣੇ ਆ ਚੁੱਕੇ ਹਨ। ਅਜਿਹਾ ਹੀ ਇਕ ਮਾਮਲਾ ਬਠਿੰਡਾ ਤੋਂ ਸਾਹਮਣੇ ਆਇਆ ਹੈ ਜਿਥੇ ਮੁੰਡੇ ਵਾਲਿਆਂ ਨੇ ਵਿਆਹ ਤੋਂ ਬਾਅਦ ਕੁੜੀ ਨੂੰ 35 ਲੱਖ ਖਰਚ ਕੇ ਕੈਨੇਡਾ ਭੇਜਿਆ ਪਰ ਹੁਣ ਕੈਨੇਡਾ ਪਹੁੰਚ ਕੇ ਉਸ ਨੇ ਪਤੀ ਲਈ ਤਲਾਕ ਦੇ ਕਾਗਜ਼ ਭੇਜ ਦਿੱਤੇ ਹਨ।
ਵਿਆਹ ਕਰਵਾ ਕੇ ਮੁੱਕਰਨ ਵਾਲੀ ਕੈਨੇਡੀਅਨ ਲੜਕੀ ਅਤੇ ਉਸ ਦੇ ਪਿਤਾ ਖ਼ਿਲਾਫ਼ ਪੁਲਿਸ ਥਾਣਾ ਸਿਟੀ ਰਾਮਪੁਰਾ ਨੇ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦਿਆਂ ਰਾਮਪੁਰਾ ਵਾਸੀ ਹਿਮਾਂਸ਼ੂ ਨੇ ਦੱਸਿਆ ਕਿ ਉਸ ਦਾ ਵਿਆਹ ਰਾਮਪੁਰਾ ਹਾਲ ਆਬਾਦ ਕੈਨੇਡਾ ਦੀ ਰਹਿਣ ਵਾਲੀ ਸ਼ਬਨਮ ਪੁੱਤਰੀ ਅਸ਼ਵਨੀ ਗਰੋਵਰ ਨਾਲ ਹੋਇਆ ਸੀ, ਜਿਸ ’ਤੇ ਉਸ ਦਾ 35 ਲੱਖ ਰੁਪਏ ਖਰਚ ਆਇਆ ਸੀ। ਕੁੜੀ ਨੇ ਕੈਨੇਡਾ ਵਿਚ ਪੱਕੇ ਹੋਣ ਦੇ ਬਾਅਦ ਲੜਕੇ ਨੂੰ ਵੀ ਵਿਦੇਸ਼ ਸੱਦਣ ਦਾ ਵਾਅਦਾ ਕੀਤਾ ਸੀ ਪਰ ਕੈਨੇਡਾ ਪਹੁੰਚ ਕੇ ਉਹ ਮੁਕਰ ਗਈ ਅਤੇ ਉਸ ਨੇ ਲੜਕੇ ਨੂੰ ਤਲਾਕ ਦੇ ਕਾਗਜ਼ਾਤ ਭੇਜ ਦਿੱਤੇ।
ਲੜਕੇ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਨਾਲ ਠੱਗੀ ਹੋਈ ਹੈ, ਜਿਸ ਤੋਂ ਬਾਅਦ ਮੁਲਜ਼ਮ ਧੀ ਤੇ ਪਿਓ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।