ਬਾਬਾ ਫਰੀਦ ਪਬਲਿਕ ਸਕੂਲ ਦੇ ਫੁੱਟਬਾਲ ਖਿਡਾਰੀਆਂ ਦੀ ਸਟੇਟ ‘ ਤੇ ਚੋਣ
ਫਰੀਦਕੋਟ 9 ਅਕਤੂਬਰ (ਪੰਜਾਬ ਡਾਇਰੀ)- ਬੀਤੇ ਦਿਨੀ ਪੰਜਾਬ ਸਿੱਖਿਆ ਵਿਭਾਗ ਵੱਲੋਂ ਫੁੱਟਬਾਲ ਦੇ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਅੰਡਰ- 14 ,17 ਅਤੇ 19 ਦੇ ਖਿਡਾਰੀਆਂ ਨੇ ਹਿੱਸਾ ਲਿਆ। ਇਸ ਮੁਕਾਬਲੇ ਵਿੱਚ ਲਗਭਗ 10 ਜੋਨਾਂ ਦੇ ਖਿਡਾਰੀ ਹਿੱਸਾ ਲੈਣ ਲਈ ਆਏ। ਬਾਬਾ ਫਰੀਦ ਪਬਲਿਕ ਸਕੂਲ ਦੇ ਹੋਣਹਾਰ ਖਿਡਾਰੀਆਂ ਨੇ ਫੁਟਬਾਲ ਦੇ ਅੰਡਰ- 19 ਦੇ ਮੁਕਾਬਲੇ ਵਿੱਚ ਸੋਨ ਤਗਮਾ ਹਾਸਿਲ ਕਰਕੇ ਆਪਣੀ ਜਗ੍ਹਾ ਰਾਜ ਪੱਧਰ ਦੇ ਮੁਕਾਬਲੇ ਵਿੱਚ ਬਣਾ ਲਈ ਹੈ।
ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਕੁਲਦੀਪ ਕੌਰ ਨੇ ਇਹਨਾਂ ਖਿਡਾਰੀਆਂ ਨੂੰ ਵਧਾਈ ਦਿੰਦੇ ਹੋਏ ਆਖਿਆ ਹੈ ਕਿ ਇਹਨਾਂ ਨੇ ਸਾਬਤ ਕਰ ਦਿੱਤਾ ਹੈ ਕਿ ਬਾਬਾ ਫਰੀਦ ਦੇ ਵਿਦਿਆਰਥੀ ਕਿਸੇ ਵੀ ਵਰਗ ਵਿੱਚ ਚਾਹੇ ਉਹ ਅਕਾਦਮਿਕ ਖੇਤਰ ਹੋਵੇ ਚਾਹੇ ਉਹ ਖੇਡਾਂ ਹੋਣ ਹਰੇਕ ਖੇਤਰ ਵਿੱਚ ਹਮੇਸ਼ਾ ਮੋਹਰੀ ਹਨ। ਜਿਨਾਂ ਨੇ ਆਪਣੇ ਸਕੂਲ ਦਾ ਨਾਮ ਜਿਲੇ ਵਿੱਚ ਨਹੀਂ ਸਗੋਂ ਪੂਰੇ ਪੰਜਾਬ ਵਿੱਚ ਚਮਕਾਇਆ ਹੈ।
ਆਪਣਾ ਅਸ਼ੀਰਵਾਦ ਅਤੇ ਦੁਆਵਾਂ ਦਿੰਦੇ ਹੋਏ ਸਕੂਲ ਦੇ ਚੇਅਰਮੈਨ ਸਰਦਾਰ ਇੰਦਰਜੀਤ ਸਿੰਘ ਖਾਲਸਾ ਜੀ ਨੇ ਇਹਨਾਂ ਖਿਡਾਰੀਆਂ ਨੂੰ ਹੋਰ ਉਤਸਾਹਿਤ ਕਰਦੇ ਹੋਏ ਕਿਹਾ ਕਿ ਅੱਗੇ ਵਧਦੇ ਰਹਿਣਾ ਹੀ ਜ਼ਿੰਦਗੀ ਦੀ ਅਸਲ ਮੰਜ਼ਲ ਪਾਉਣ ਦਾ ਰਸਤਾ ਹੁੰਦਾ ਹੈ। ਸੋ ਸਾਨੂੰ ਹਮੇਸ਼ਾ ਕਾਮਯਾਬੀਆਂ ਅਤੇ ਤਰੱਕੀਆਂ ਕਰਦੇ ਹੋਏ ਅੱਗੇ ਵਧਦੇ ਰਹਿਣਾ ਚਾਹੀਦਾ ਹੈ। ਖੇਡਾਂ ਹੀ ਸਾਨੂੰ ਜ਼ਿੰਦਗੀ ਦੇ ਵਿੱਚ ਹਾਰ ਕੇ ਜਿੱਤਣ ਦੀ ਸੇਧ ਦਿੰਦੀਆਂ ਹਨ।