ਫਰੀਦਕੋਟ-ਕੋਟਕਪੂਰਾ ਸੜਕ ਉੱਪਰ ਪੈਂਦੀਆਂ ਵੱਡੀਆਂ ਨਹਿਰਾਂ ਦੇ ਦੋਨਾਂ ਪੁਲਾਂ ਨੂੰ ਮੁੜ ਉਸਾਰਨ ਦੀ ਪ੍ਰਵਾਨਗੀ ਜਾਰੀ- ਵਿਧਾਇਕ ਸੇਖੋਂ
ਫ਼ਰੀਦਕੋਟ 10 ਅਕਤੂਬਰ (ਪੰਜਾਬ ਡਾਇਰੀ)- ਸ.ਗੁਰਦਿੱਤ ਸਿੰਘ ਸੇਖੋਂ ਵਿਧਾਇਕ ਹਲਕਾ ਫਰੀਦਕੋਟ ਨੇ ਫਰੀਦਕੋਟ ਵਾਸੀਆਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਬੜੇ ਲੰਮੇ ਸਮੇਂ ਤੋਂ ਉਹਨਾਂ ਦੇ ਹਲਕੇ ਫਰੀਦਕੋਟ ਨਿਵਾਸੀਆਂ ਵੱਲੋਂ ਫਰੀਦਕੋਟ-ਕੋਟਕਪੂਰਾ ਰੋਡ ਉੱਪਰ ਸਰਹਿੰਦ ਫੀਡਰ ਅਤੇ ਰਾਜਸਥਾਨ ਫੀਡਰ ਉੱਪਰ ਤੰਗ ਪੁਲਾਂ ਨੂੰ ਚੌੜਾ ਕਰਨ ਦੀ ਮੰਗ ਕੀਤੀ ਜਾਂਦੀ ਰਹੀ ਹੈ। ਜਿਸ ਨੂੰ ਵੇਖਦੇ ਹੋਏ ਸਰਕਾਰ ਵੱਲੋਂ ਫਰੀਦਕੋਟ-ਕੋਟਕਪੂਰਾ ਸੜਕ ਨੇੜੇ ਸੱਭਿਆਚਾਰਿਕ ਕੇਂਦਰ ਉੱਪਰ ਪੈਂਦੀਆਂ ਵੱਡੀਆਂ ਨਹਿਰਾਂ ਦੇ ਦੋਨਾਂ ਪੁਲਾਂ ਨੂੰ ਮੁੜ ਉਸਾਰਨ ਦੀ ਪ੍ਰਵਾਨਗੀ ਜਾਰੀ ਕੀਤੀ ਜਾ ਚੁੱਕੀ ਹੈ। ਇਹ ਦੋਨੋਂ ਪੁਲ ਸਟੀਲ ਬਰਿੱਜ ਬਣਾਏ ਜਾਣਗੇ। ਇਸ ਕੰਮ ਲਈ ਨਹਿਰ ਵਿਭਾਗ ਵੱਲੋਂ ਐਗਰੀਮੈਂਟ ਦੇ ਆਧਾਰ ਤੇ ਟੈਂਡਰ ਲਗਾਏ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਜਲਦੀ ਹੀ ਇਹਨਾਂ ਪੁਲਾਂ ਨੂੰ ਮੁੜ ਉਸਾਰ ਦਿੱਤਾ ਜਾਵੇਗਾ। ਇਹ ਪੁਲ ਬਿਲਕੁਲ ਉਸ ਤਰ੍ਹਾਂ ਦਾ ਹੋਵੇਗਾ ਜਿਸ ਤਰ੍ਹਾਂ ਦਾ ਚਹਿਲ ਰੋਡ ਉੱਪਰ ਗਰੀਨ ਐਵੀਨਿਊ ਕੋਲ ਬਣਾਇਆ ਗਿਆ ਹੈ।
ਵਿਧਾਇਕ ਸੇਖੋਂ ਨੇ ਕਿਹਾ ਕਿ ਉਹ ਫਰੀਦਕੋਟ ਸ਼ਹਿਰ ਦੇ ਵਿਕਾਸ ਪ੍ਰਤੀ ਵਚਨਬੱਧ ਹਨ ਅਤੇ ਉਹ ਸ਼ਹਿਰ ਦੇ ਵਿਕਾਸ ਵੱਲ ਵਿਸ਼ੇਸ਼ ਧਿਆਨ ਦੇਣਗੇ ਅਤੇ ਸਮੇਂ-ਸਮੇਂ ਤੇ ਲੋਕਾਂ ਦੀਆਂ ਜੋ ਵੀ ਸਮੱਸਿਆਵਾਂ ਉਹਨਾਂ ਦੇ ਧਿਆਨ ਵਿੱਚ ਆਇਆ ਕਰਨਗੀਆਂ ਉਹਨਾਂ ਦਾ ਨਿਪਟਾਰਾ ਉਹ ਪਹਿਲ ਦੇ ਆਧਾਰ ਤੇ ਕਰਨਗੇ ਅਤੇ ਵਿਕਾਸ ਕਾਰਜਾਂ ਵਿਚ ਕਿਸੇ ਤਰ੍ਹਾਂ ਦੀ ਕੋਈ ਵੀ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ।