ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਵਲੋਂ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਬਣਾਉਣ ਸੰਬੰਧੀ ਚੇਤਨਾ ਲਹਿਰ ਅਤੇ ਸੰਗਤਾਂ ਲਈ ਮਦਦ ਕੇਂਦਰ ਸਥਾਪਿਤ ਕੀਤੇ ਜਾਣਗੇ- ਦਲੇਰ ਸਿੰਘ ਡੋਡ
ਫਰੀਦਕੋਟ, 12 ਅਕਤੂਬਰ (ਪੰਜਾਬ ਡਾਇਰੀ)- ਸਰਕਾਰ ਵੱਲੋਂ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਬਣਨ ਸੰਬੰਧੀ ਐਲਾਨ ਨੂੰ ਧਿਆਨ ਚ ਰੱਖਦਿਆਂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਦਲੇਰ ਸਿੰਘ ਡੋਡ ਨੇ ਪ੍ਰੈਸ ਨੋਟ ਰਾਹੀ ਕਿਹਾ ਕਿ ਸਿੱਖਾਂ ਦੀ ਖੰਡਿਤ ਹੋ ਚੁੱਕੀ ਸਿਆਸੀ ਸ਼ਕਤੀ ਅਤੇ ਡੇਰੇਦਾਰਾਂ ਵੱਲੋਂ ਸਿੱਖ ਪਹਿਚਾਣ ਦੇ ਲਗਾਤਾਰ ਕੀਤੇ ਜਾ ਰਹੇ ਹਮਲਿਆਂ ਨੂੰ ਧਿਆਨ ਵਿੱਚ ਰੱਖਦੇ ਅੱਜ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਵਜੋਂ ਜਾਣੀ ਜਾਂਦੀ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਵਿੱਚ ਅਹਿਮ ਸੁਧਾਰਾਂ ਦੀ ਲੋੜ ਸੰਬੰਧੀ ਹੈ
ਉਹਨਾਂ ਕਿਹਾ ਕਿ ਪਿਛਲੇ ਸਮੇਂ ਇਹ ਗੱਲ ਸਾਹਮਣੇ ਆਈ ਕਿ ਪ੍ਰਬੰਧ ਵਿੱਚ ਸੁਧਾਰ ਲਈ ਇਹ ਅਤਿ ਜਰੂਰੀ ਹੈ ਕਿ ਆਉਣ ਵਾਲੀਆਂ ਚੋਣਾਂ ਵਿੱਚ ਸਿੱਖ ਵੱਧ ਤੋਂ ਵੱਧ ਸ਼ਮੂਲੀਅਤ ਕਰਦੇ ਹੋਏ ਆਪਣੇ ਜਮਹੂਰੀ ਹੱਕ ਦਾ ਇਤੇਮਾਲ ਕਰਨ। ਪਿਛਲੀਆਂ ਚੋਣਾਂ ਵਿੱਚ ਪੜਚੋਲ ਤੋਂ ਇਹ ਤੱਥ ਸਾਹਮਣੇ ਆਇਆ ਕਿ ਕਿਉਂਕਿ ਵੋਟ ਬਨਾਉਣ ਦੀ ਪ੍ਰਕਿਰਿਆ ਗੁੰਝਲਦਾਰ ਹੈ ਅਤੇ ਚੇਤਨਾ ਦੀ ਕਮੀ ਕਰਕੇ ਸਹੀ ਵੋਟਕਰਤਾ ਬਹੁਤੀ ਵਾਰ ਵੋਟ ਨਾ ਬਣਨ ਕਰਕੇ ਆਵਦੇ ਜਮਹੂਰੀ ਹੱਕ ਤੋਂ ਵਾਂਝਾ ਰਹਿ ਜਾਂਦਾ ਜੋ ਪ੍ਰਬੰਧ ਦੇ ਸੁਧਾਰ ਵਿੱਚ ਅਹਿਮ ਅੜਿਕਾ ਹੋ ਨਿਬੜਦਾ ਰਿਹਾ।
ਦਲੇਰ ਸਿੰਘ ਡੋਡ ਪ੍ਰਧਾਨ ਫੈਡਰੇਸ਼ਨ ਨੇ ਇਸ ਬਾਬਤ ਜਾਣਕਾਰੀ ਦਿੰਦੇ ਦੱਸਿਆ ਕਿ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਤੇ ਮਿਸਲ ਸਤਲੁਜ ਵੱਲੋਂ ਫੈਸਲਾ ਲਿਆ ਗਿਆ ਹੈ ਕਿ ਇਸ ਸੰਬੰਧੀ ਫੈਡਰੇਸ਼ਨ ਤੇ ਮਿਸਲ ਸਤਲੁਜ ਦੇ ਕਾਰਕੁੰਨਾ ਵੱਲੋਂ ਚੇਤਨਾ ਲਹਿਰ ਤਹਿਤ ਪਿੰਡਾਂ ਅਤੇ ਕਸਬਿਆਂ ਵਿੱਚ ਪਹੁੰਚ ਕੀਤੀ ਜਾਵੇਗੀ ਅਤੇ ਵੋਟਾਂ ਬਣਾਉਣ ਲਈ ਮਦਦ ਕੇਂਦਰ ਸਥਾਪਿਤ ਕੀਤੇ ਜਾਣਗੇ ਤਾਂ ਜੋ ਸੰਗਤਾਂ ਨੂੰ ਵੋਟਾਂ ਸੰਬੰਧੀ ਫਾਰਮ ਅਤੇ ਹੋਰ ਜਾਣਕਾਰੀ ਮੁਹਈਆ ਕਰਵਾਈ ਜਾ ਸਕੇ।