ਪਿੰਡ ਫੇਰੋਕੇ ਵਿਖੇ ਧਾਰਮਕ ਸਮਾਗਮ ਕਰਵਾਇਆ ਗਿਆ
ਜ਼ੀਰਾ 18 ਮਾਰਚ ( ਅੰਗਰੇਜ਼ ਬਰਾੜ ) – ਜ਼ੀਰਾ ਬਲਾਕ ਦੇ ਪਿੰਡ ਫੇਰੋਕੇ ਵਿਖੇ ਗੁਰਦੁਆਰਾ ਸ਼ਹੀਦਾਂ ਸਿੰਘਾਂ ਬਾਬਾ ਧੀਰਾ ਸਿੰਘ ਦੀ ਯਾਦ ਵਿੱਚ ਪ੍ਰਬੰਧਕ ਕਮੇਟੀ ਵੱਲੋਂ ਪਿੰਡ ਫੇਰੋਕੇ ਅਤੇ ਪਿੰਡ ਲਹਿਰਾ ਰੋਹੀ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਹਰ ਸਾਲ ਵਾਂਗ ਇਸ ਸਾਲ ਵੀ ਸਾਲਾਨਾ ਧਾਰਮਕ ਸਮਾਗਮ ਕਰਵਾਇਆ ਗਿਆ । ਇਸ ਮੌਕੇ ਰਖਾਏ ਗਏ ਸ੍ਰੀ ਗਿਆਰਾਂ ਅਖੰਡ ਪਾਠ ਸਾਹਿਬਾਨਾਂ ਦੇ ਭੋਗ ਪਾਉਣ ਉਪਰੰਤ ਧਾਰਮਕ ਦੀਵਾਨ ਸਜਾਏ ਗਏ । ਜਿਨ੍ਹਾਂ ਵਿਚ ਕਵੀਸ਼ਰ ਇਕਬਾਲ ਸਿੰਘ ਬਰਾੜ, ਕਵੀਸ਼ਰ ਪਰਮਜੀਤ ਸਿੰਘ ਪੰਮਾ ਅਤੇ ਹੋਰ ਕਈ ਰਾਗੀ ਢਾਡੀ ਜਥਿਆਂ ਨੇ ਗੁਰੂ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ । ਇਸ ਮੌਕੇ ਗੁਰੂ ਦਾ ਅਤੁੱਟ ਲੰਗਰ ਵੀ ਵਰਤਾਇਆ ਗਿਆ । ਇਸ ਦੌਰਾਨ ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਵਾਉਣ ਵਾਲੇ ਵਿਅਕਤੀਆਂ ਨੂੰ ਪ੍ਰਬੰਧ ਕਮੇਟੀ ਵੱਲੋਂ ਸਿਰਪਾਓ ਭੇਟ ਕਰਕੇ ਸਨਮਾਨਤ ਕੀਤਾ ਗਿਆ । ਇਸ ਮੌਕੇ ਦੀਦਾਰ ਸਿੰਘ ਲਹਿਰਾ ਰੋਹੀ, ਮੋਹਣ ਸਿੰਘ ਨੰਬਰਦਾਰ, ਪ੍ਰਦੀਪ ਸਿੰਘ ਬਿੱਟੂ, ਡਾ ਜਸਕਰਨ ਸਿੰਘ, ਨਛੱਤਰ ਸਿੰਘ ਫੋਰਮੈਨ ਆਦਿ ਵੱਡੀ ਗਿਣਤੀ ਵਿੱਚ ਪਿੰਡ ਲਹਿਰਾ ਰੋਹੀ ਅਤੇ ਪਿੰਡ ਫੇਰੋਕੇ ਦੀਆਂ ਸੰਗਤਾਂ ਹਾਜ਼ਰ ਸਨ । ਸਟੇਜ ਸਕੱਤਰ ਦੀ ਭੂਮਿਕਾ ਰਾਗੀ ਸੁਖਵਿੰਦਰ ਸਿੰਘ ਲਾਡੀ ਨੇ ਬਾਖੂਬੀ ਨਿਭਾਈ ।
ਪਿੰਡ ਫੇਰੋਕੇ ਵਿਖੇ ਧਾਰਮਿਕ ਸਮਾਗਮ ਦੌਰਾਨ ਕਵੀਸ਼ਰੀ ਜਥਾ ਕਵੀਸ਼ਰੀ ਪੇਸ਼ ਕਰਦਾ ਹੋਇਆ ( ਫੋਟੋ : ਅੰਗਰੇਜ ਬਰਾੜ )