ਪਰਿਵਾਰ ਨੂੰ ਬੰਦੀ ਬਣਾ ਕੇ ਘਰ ‘ਚੋਂ ਕੀਤੀ ਲੁੱਟ-ਖੋਹ
ਫਰੀਦਕੋਟ, 25 ਮਾਰਚ- (ਪ੍ਰਸ਼ੋਤਮ ਕੁਮਾਰ)- ਇੱਥੋਂ ਦੀ ਬਲਬੀਰ ਬਸਤੀ ਵਿੱਚ ਅੱਧੀ ਦਰਜਨ ਅਣਪਛਾਤੇ ਵਿਅਕਤੀਆਂ ਨੇ ਘਰ ਅੰਦਰ ਇੱਕ ਔਰਤ ਅਤੇ ਉਸ ਦੇ ਲੜਕੇ ਨੂੰ ਬੰਦੀ ਬਣਾ ਕੇ ਘਰ ਵਿੱਚੋਂ ਕੀਮਤੀ ਸਾਮਾਨ ਚੋਰੀ ਕਰ ਲਿਆ। ਸਿਟੀ ਪੁਲੀਸ ਫਰੀਦਕੋਟ ਨੇ ਪੀੜਤ ਔਰਤ ਕਿਰਨਦੀਪ ਦੀ ਸ਼ਿਕਾਇਤ ਦੇ ਅਧਾਰ ‘ਤੇ ਛੇ ਅਣਪਛਾਤੇ ਵਿਅਕਤੀਆਂ ਖਿਲਾਫ਼ ਆਈ.ਪੀ.ਸੀ ਦੀ ਧਾਰਾ 457, 380 ਤਹਿਤ ਮੁਕੱਦਮਾ ਮੁਕੱਦਮਾ ਦਰਜ ਕਰ ਲਿਆ ਹੈ। ਮਿਲੀ ਜਾਣਕਾਰੀ ਅਨੁਸਾਰ ਰਾਤ ਸਮੇਂ ਅੱਧੀ ਦਰਜਨ ਅਣਪਛਾਤੇ ਨੌਜਵਾਨ ਕਿਰਨਦੀਪ ਦੇ ਘਰ ਅੰਦਰ ਦਾਖਲ ਹੋ ਗਏ ਜਿੰਨ੍ਹਾਂ ਨੇ ਕਿਰਨਦੀਪ ਅਤੇ ਉਸ ਦੇ ਬੇਟੇ ਗੁਰਪ੍ਰੀਤ ਸਿੰਘ ਨੂੰ ਇੱਕ ਕਮਰੇ ਵਿੱਚ ਬੰਦ ਕਰ ਦਿੱਤਾ ਅਤੇ ਘਰ ਵਿੱਚੋਂ ਮੋਬਾਇਲ ਫ਼ੋਨ, ਸੋਨੇ-ਚਾਂਦੀ ਦੇ ਗਹਿਣੇ, ਐੱਲ.ਈ.ਡੀ. ਅਤੇ ਹੋਰ ਕੀਮਤੀ ਸਾਮਾਨ ਚੋਰੀ ਕਰਕੇ ਫਰਾਰ ਹੋ ਗਏ। ਜਿਲ੍ਹਾ ਪੁਲੀਸ ਮੁਖੀ ਵਰੁਣ ਸ਼ਰਮਾ ਨੇ ਕਿਹਾ ਕਿ ਸਿਟੀ ਪੁਲੀਸ ਨੇ ਇਸ ਘਟਨਾ ਸੰਬੰਧੀ ਪਰਚਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਅਤੇ ਜਲਦ ਹੀ ਦੋਸ਼ੀਆਂ ਦੀ ਸ਼ਨਾਖਤ ਕਰਕੇ ਉਹਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗੀ।
ਕੈਪਸ਼ਨ: 25ਐਫਡੀਕੇ02- ਘਰ ਵਿੱਚ ਪਈ ਅਲਮਾਰੀ ਜਿਸ ਵਿੱਚੋਂ ਚੋਰਾਂ ਨੇ ਸਾਮਾਨ ਚੋਰੀ ਕੀਤਾ।