ਮਰੀਜ਼ਾਂ ਨੂੰ ਮੈਡੀਕਲ ਹਸਪਤਾਲ ’ਚ ਆ ਰਹੀਆਂ ਮੁਸ਼ਕਿਲਾਂ ਸਬੰਧੀ ਮੁੱਖ ਮੰਤਰੀ ਪੰਜਾਬ ਨੂੰ ਲਿਖਿਆ ਪੱਤਰ
ਸਮੁੱਚੇ ਮਾਲਵੇ ਸਮੇਤ ਗੁਆਂਢੀ ਰਾਜਾਂ ਦੇ ਮਰੀਜ਼ ਵੀ ਪੁੱਜਦੇ ਹਨ ਫਰੀਦਕੋਟ : ਚੰਦਬਾਜਾ
ਕੋਟਕਪੂਰਾ, 2 ਅਪ੍ਰੈਲ :- ਮਨੁੱਖਤਾ ਅਤੇ ਵਾਤਾਵਰਣ ਦੀ ਸੇਵਾ ਨੂੰ ਸਮਰਪਿਤ ਸੰਸਥਾ ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਫਰੀਦਕੋਟ ਵੱਲੋਂ ਪੰਜਾਬ ਵਿਧਾਨ ਸਭਾ ਚੋਣਾ ਤੋਂ ਪਹਿਲਾਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਜਿੱਥੇ ਵਾਤਾਵਰਣ ਦਾ ਮੁੱਦਾ ਆਪਣੇ ਏਜੰਡੇ ਵਿੱਚ ਸ਼ਾਮਲ ਕਰਨ ਲਈ ਮਜਬੂਰ ਕੀਤਾ ਗਿਆ ਤੇ ਉੱਥੇ ਹੁਣ ਪ੍ਰਦੂਸ਼ਿਤ ਪਾਣੀ ਅਤੇ ਵਾਤਾਵਰਣ ਸਬੰਧੀ ਨਵੀਂ ਸਰਕਾਰ ਬਣਨ ਤੋਂ ਬਾਅਦ ਵੀ ਲੋਕਾਂ ਨੂੰ ਜਾਗਰੂਕ ਕਰਨ ਦਾ ਸਿਲਸਿਲਾ ਜਾਰੀ ਰੱਖਿਆ ਹੋਇਆ ਹੈ। ਸੁਸਾਇਟੀ ਦੇ ਸੰਸਥਾਪਕ ਗੁਰਪ੍ਰੀਤ ਸਿੰਘ ਚੰਦਬਾਜਾ ਨੇ ਦੱਸਿਆ ਕਿ ਮੈਡੀਕਲ ਦੇ ਮਾੜੇ ਪ੍ਰਬੰਧਾਂ ਨੂੰ ਲੈ ਕੇ ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ, ਕਿਸਾਨ, ਮਜਦੂਰ ਅਤੇ ਮੁਲਾਜ਼ਮ ਜਥੇਬੰਦੀਆਂ ਵਲੋਂ ਸਾਂਝੇ ਤੌਰ ’ਤੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਫਰੀਦਕੋਟ ਦੇ ਮਾੜੇ ਪ੍ਰਬੰਧਾਂ ਦੇ ਸੁਧਾਰ ਲਈ ਸਮੇਂ-ਸਮੇਂ ’ਤੇ ਸਰਕਾਰਾਂ, ਸਿਵਲ ਪ੍ਰਸ਼ਾਸ਼ਨ ਅਤੇ ਯੂਨੀਵਰਸਿਟੀ/ਮੈਡੀਕਲ ਪ੍ਰਸ਼ਾਸ਼ਨ ਦੇ ਧਿਆਨ ’ਚ ਮਰੀਜਾਂ ਅਤੇ ਉਹਨਾਂ ਦੇ ਵਾਰਸਾਂ ਤੋਂ ਇਲਾਵਾ ਡਾਕਟਰ ਸਾਹਿਬਾਨਾਂ, ਨਰਸਿੰਗ ਸਟਾਫ, ਟੈਕਨੀਸ਼ੀਅਨ ਸਟਾਫ ਅਤੇ ਦਰਜਾਚਾਰ ਕਰਮਚਾਰੀ ਦੀਆਂ ਮੁਸ਼ਕਿਲਾਂ ਸਬੰਧੀ ਗੱਲਬਾਤ ਕਰਦੇ ਆਏ ਹਾਂ, ਕਈ ਵਾਰ ਜਥੇਬੰਦੀਆਂ ਨੂੰ ਧਰਨੇ ਵੀ ਲਾਉਣੇ ਪਏ, ਡਾਕਟਰ ਰਾਜ ਬਹਾਦਰ ਉਪ ਕੁਲਪਤੀ ਬਾਬਾ ਫਰੀਦ ਯੂਨੀਵਰਸਿਟੀ ਫਰੀਦਕੋਟ ਦੀ ਜਿੱਦ ਕਰਕੇ ਹਸਪਤਾਲ ’ਚ ਇੱਕਾ ਦੱੁਕਾ ਕੰਮਾਂ ਨੂੰ ਛੱਡ ਕੇ ਕੋਈ ਸੁਧਾਰ ਨਹੀਂ ਹੋਇਆ, ਕਿਉਂਕਿ ਇਹ ਹਸਪਤਾਲ ਇਕੱਲਾ ਫਰੀਦਕੋਟ ਦਾ ਹਸਪਤਾਲ ਨਹੀਂ, ਸਗੋਂ ਫਿਰੋਜ਼ਪੁਰ, ਮੁਕਤਸਰ, ਮੋਗਾ, ਫਾਜ਼ਿਲਕਾ, ਬਠਿੰਡਾ, ਮਾਨਸਾ, ਬਰਨਾਲਾ, ਸੰਗਰੂਰ ਤੋਂ ਇਲਾਵਾ ਗੰਗਾਨਗਰ, ਹਨੂੰਮਾਨਗੜ ਅਤੇ ਹਰਿਆਣਾ ਦੇ ਸਿਰਸਾ, ਫਤਿਹਾਬਾਦ ਆਦਿ ਦੇ ਮਰੀਜ਼ ਵੀ ਇਲਾਜ ਕਰਵਾਉਣ ਆਉਂਦੇ ਹਨ। ਪਿਛਲੀ ਸਰਕਾਰ ਦੌਰਾਨ ਮੈਡੀਕਲ ਸੁਧਾਰ ਕਮੇਟੀ ਵੀ ਬਣਾਈ ਗਈ, ਉਸ ਕਮੇਟੀ ਦੇ ਮੈਂਬਰ ਹੋਣ ਨਾਤੇ ਹਰ ਮੁਸ਼ਕਿਲ ਸਰਕਾਰ ਅਤੇ ਪ੍ਰਸ਼ਾਸ਼ਨ ਦੇ ਧਿਆਨ ’ਚ ਵੀ ਲਿਆਂਦੀ ਪਰ ਕਿਸੇ ਨੇ ਗੰਭੀਰਤਾ ਨਾਲ ਕੰਮ ਨਹੀਂ ਕੀਤਾ, ਮਰੀਜ਼ ਅਤੇ ਮੈਡੀਕਲ ਸਟਾਫ ਦੀਆਂ ਮੁਸ਼ਕਿਲਾਂ ’ਚ ਹੋਰ ਵਾਧਾ ਹੋਇਆ ਹੈ। ਇਸ ਸਬੰਧੀ ਮੁੱਖ ਮੰਤਰੀ ਪੰਜਾਬ, ਸਿਹਤ ਮੰਤਰੀ, ਮੈਡੀਕਲ ਸਿੱਖਿਆ ਅਤੇ ਖੋਜ ਮੰਤਰੀ ਪੰਜਾਬ, ਸਪੀਕਰ ਪੰਜਾਬ ਵਿਧਾਨ ਸਭਾ ਤੋਂ ਇਲਾਵਾ ਫਰੀਦਕੋਟ, ਫਿਰੋਜ਼ਪੁਰ, ਮੋਗਾ, ਬਰਨਾਲਾ, ਮਾਨਸਾ, ਬਠਿੰਡਾ, ਮੁਕਤਸਰ ਅਤੇ ਫਾਜ਼ਿਲਕਾ ਜਿਲਿਆਂ ਦੇ ਵਿਧਾਇਕਾਂ ਨੂੰ ਚਿੱਠੀ ਭੇਜੀ ਗਈ ਹੈ, ਇਹਨਾਂ ਸਾਰਿਆਂ ਜਿਲਿਆਂ ’ਚੋਂ ਮਰੀਜ਼ ਇਲਾਜ ਕਰਵਾਉਣ ਫਰੀਦਕੋਟ ਆਉਂਦੇ ਹਨ, ਪੱਤਰ ਰਾਹੀਂ ਸਾਰੇ ਵਿਧਾਇਕਾਂ ਨੂੰ ਬੇਨਤੀ ਕੀਤੀ ਗਈ ਕਿ ਸਰਕਾਰ ਤੋਂ ਸਾਰੇ ਇਕੱਠੇ ਹੋ ਕੇ ਮੈਡੀਕਲ ਹਸਪਤਾਲ ਨੂੰ ਅੱਪਗ੍ਰੇਡ ਕਰਨ ਲਈ ਵਿਸ਼ੇਸ਼ ਪੈਕੇਜ ਲੈ ਕੇ ਆਉਣ, ਇੱਥੇ ਸਾਰੇ ਆਧੁਨਿਕ ਢਾਂਚੇ ਦੀ ਜਰੂਰਤ ਹੈ, ਜਿਵੇਂ ਕੈਂਸਰ ਵਿਭਾਗ, ਰੇਡਿਓਲੋਜੀ ਵਿਭਾਗ, ਨਿਊਕਲੀਅਰ ਮੈਡੀਸਨ ਵਿਭਾਗ ਦੀਆਂ ਮਸ਼ੀਨਾਂ ਪੁਰਾਣੀ ਹੋ ਗਈਆਂ ਹਨ, ਜੋ ਵਾਰ-ਵਾਰ ਖਰਾਬ ਰਹਿੰਦੀਆਂ ਹਨ, ਮਰੀਜਾਂ ਤੋਂ ਇਲਾਵਾ ਡਾਕਟਰ ਅਤੇ ਟੈਕਨੀਸ਼ੀਅਨਾਂ ਨੂੰ ਪ੍ਰੇਸ਼ਾਨੀ ਸਾਹਮਣਾ ਕਰਨਾ ਪੈਂਦਾ ਹੈ, ਓਪਰੇਸ਼ਨ ਥੀਏਟਰ ਮਸ਼ੀਨਾਂ ਦੀ ਘਾਟ ਅਤੇ ਮਸ਼ੀਨਾਂ ਖਰਾਬ ਹੋਰ ਕਰਕੇ ਵੀ ਮਰੀਜਾਂ ਅਤੇ ਸਟਾਫ ਨੂੰ ਬਹੁਤ ਪ੍ਰੇਸ਼ਾਨੀ ਆਉਂਦੀ ਹੈ, ਟੈਸਟ ਲੈਬਾਰਟਰੀ, ਹਸਪਤਾਲ ਫਾਰਮੇਸੀ, ਐਮਰਜੈਂਸੀ ਵਿਭਾਗ, ਮੈਡੀਸਨ ਵਿਭਾਗ, ਜੱਚਾ-ਬੱਚਾ ਵਿਭਾਗ, ਵੱਖ-ਵੱਖ ਵਾਰਡਾਂ ਦੀ ਮੌਜੂਦਾ ਸਥਿੱਤੀ, ਸੈਂਟਰਲ ਰਜਿਸਟ੍ਰੇਸ਼ਨ ਵਿਭਾਗ, ਜਰਨਲ ਐਡਮਿਨਿਸਟਰੇਸ਼ਨ, ਟਰੋਮਾ ਸੈਂਟਰ ਆਦਿ ਲਈ ਪੱਤਰ ਭੇਜ ਕੇ ਹਸਪਤਾਲ, ਯੂਨੀਵਰਸਿਟੀ ਅਤੇ ਕਾਲਜ ਦੇ ਸੁਧਾਰ ਲਈ ਤੁਰਤ ਐਕਸ਼ਨ ਲੈਣ ਲਈ ਅਪੀਲ ਕੀਤੀ ਗਈ ਹੈ।