ਗਬਨ ਦੇ ਦੋਸ਼ੀ ਪਿ੍ਰੰ. ਐਚ.ਸੀ. ਰਾਵਤ ਨੂੰ ਨੌਕਰੀ ਤੋਂ ਕੱਢਿਆ
— ਸੋਨੀ ਦੀ ਪ੍ਰਮੋਸ਼ਨ ’ਤੇ ਬੈਨ
ਫਰੀਦਕੋਟ, 7 ਅਪ੍ਰੈਲ – ਸਥਾਨਕ ਯੂਕੋਨ (ਯੂਨੀਵਰਸਿਟੀ ਕਾਲਿਜ ਆਫ਼ ਨਰਸਿੰਗ) ਦੇ ਉਸ ਵੇਲੇ ਦੇ ਪਿ੍ਰੰਸੀਪਲ ਐਚ.ਸੀ.ਐਲ. ਰਾਵਤ ਤੇ ਹੋਰਨਾਂ ਨੇ ਮਿਲੀ ਭੁਗਤ ਅਤੇ ਸਾਜਿਸ਼ੀ ਢੰਗ ਨਾਲ ਐਸ.ਐਨ.ਏ. ਫੰਡ ਦਾ ਬੈਂਕ ਖਾਤਾ ਚਾਰ ਸਾਲ ਪਹਿਲਾਂ ਬੰਦ ਕਰਵਾ ਕੇ ਲੱਖਾਂ ਰੁਪਏ ਦੀ ਰਾਸ਼ੀ ਆਪਣੇ ਕੋਲ ਰੱਖ ਕੇ ਖੁਰਦ ਬੁਰਦ ਕਰ ਦਿੱਤੀ ਸੀ। ਆਲ ਇੰਡੀਆ ਐਸ.ਸੀ./ਬੀ.ਸੀ./ਐਸ.ਟੀ. ਏਕਤਾ ਭਲਾਈ ਨਾਂਅ ਦੀ ਗ਼ੈਰ ਸਰਕਾਰੀ ਸਮਾਜ ਸੇਵੀ ਸੰਸਥਾ ਨੇ ਆਪਣੇ ਰਾਸ਼ਟਰੀ ਪ੍ਰਧਾਨ ਦਲਿਤ ਰਤਨ ਜਗਦੀਸ਼ ਰਾਏ ਢੋਸੀਵਾਲ ਰਾਹੀਂ ਸਾਰਾ ਮਾਮਲਾ ਬਾਬਾ ਫਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਰਾਜ ਬਹਾਦਰ ਦੇ ਧਿਆਨ ਵਿੱਚ ਲਿਆਂਦਾ। ਮੰਚ ਵੱਲੋਂ ਅਗਸਤ 2020 ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਗਿਆ ਸੀ ਕਿ ਯੂਕੋਨ ਦੀ ਉਸ ਵੇਲੇ ਦੀ ਪ੍ਰੋ ਭੂਪਿੰਦਰ ਕੌਰ ਨੇ ਅਣਅਧਿਕਾਰਤ ਤੌਰ ’ਤੇ ਉਕਤ ਖਾਤੇ ਨੂੰ ਅਪ੍ਰੈਲ 2017 ਵਿਚ ਬੰਦ ਕਰਵਾਇਆ ਅਤੇ ਸਵਾ ਚਾਰ ਲੱਖ ਰੁਪਏ ਦੇ ਕਰੀਬ ਰਾਸ਼ੀ ਪਿ੍ਰੰ. ਰਾਵਤ ਨੇ ਆਪਣੀ ਜੇਬ ਵਿਚ ਪਾ ਕੇ ਖੁਰਦ ਬੁਰਦ ਕਰ ਦਿੱਤੀ। ਵਿਦਿਆਰਥੀਆਂ ਨੂੰ ਸਹੀ ਢੰਗ ਨਾਲ ਗਾਈਡ/ਐਡਵਾਈਜ ਕਰਨ ਲਈ ਜਿੰਮੇਵਾਰ ਕਾਲਿਜ ਦੀ ਡੈਮੋਂਸਟੇਟਰ ਕੁਲਦੀਪ ਸੋਨੀ ਨੇ ਫੰਡ ਦੇ ਹਿਸਾਬ ਕਿਤਾਬ ਨੂੰ ਸਹੀ ਢੰਗ ਨਾਲ ਨਾ ਸੰਭਾਲਿਆ। ਲੱਖਾਂ ਰੁਪਏ ਦੇ ਜਾਅਲੀ ਤੇ ਸਾਧਾਰਨ ਕਾਗਜਾਂ ’ਤੇ ਬਣਾਏ ਬਿੱਲਾਂ ਦੀ ਅਦਾਇਗੀ ਕਰਕੇ ਟੀ.ਡੀ.ਐੱਸ. ਅਤੇ ਜੀ.ਐਸ.ਟੀ. ਦੀ ਚੋਰੀ ਕੀਤੀ। ਭਿ੍ਰਸ਼ਟਾਚਾਰ ਅਤੇ ਬੇਈਮਾਨੀ ਨੂੰ ਕਿਸੇ ਹਾਲਤ ਵੀ ਬਰਦਾਸ਼ਤ ਨਾ ਕਰਨ ਵਾਲੇ ਵਾਈਸ ਚਾਂਸਲਰ ਡਾ. ਰਾਜ ਬਹਾਦਰ ਨੇ ਉਕਤ ਗਬਨ ਕਾਂਡ ਦੀ ਗੰਭੀਰਤਾ ਨਾਲ ਪੜਤਾਲ ਕਰਵਾਈ। ਜਿਲੇ ਦੀ ਮੌਜੂਦਾ ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਆਈ.ਏ.ਐਸ. ਜੋ ਕਿ ਉਸ ਵੇਲੇ ਯੂਨੀਵਰਸਿਟੀ ਦੇ ਰਜਿਸਟਰਾਰ ਸਨ ਵੱਲੋਂ ਮਾਮਲੇ ਦੀ ਪੜਤਾਲ ਕੀਤੀ ਗਈ ਅਤੇ ਏਕਤਾ ਭਲਾਈ ਮੰਚ ਵੱਲੋਂ ਲਗਾਏ ਸਾਰੇ ਦੋਸ਼ ਸਹੀ ਸਾਬਤ ਹੋਏ। ਸਬੰਧਤ ਦੋਸ਼ੀਆਂ ਨੂੰ ਸ਼ੋਅ ਕਾਜ ਨੋਟਿਸ ਜਾਰੀ ਕਰਕੇ ਚਾਰਜਸ਼ੀਟ ਕੀਤਾ ਗਿਆ। ਮੈਡੀਕਲ ਕਾਲਿਜ ਦੀ ਡਾ. ਗੀਤਾਂਜਲੀ ਤੋਂ ਸਾਰੇ ਮਾਮਲੇ ਦੀ ਮੁੜ ਪੜਤਾਲ ਕਰਵਾਈ ਗਈ ਅਤੇ ਸਾਰੇ ਦੋਸ਼ ਮੁੜ ਤੋਂ ਸਹੀ ਪਾਏ ਗਏ। ਮੰਚ ਪ੍ਰਧਾਨ ਜਗਦੀਸ਼ ਰਾਏ ਢੋਸੀਵਾਲ ਨੇ ਅੱਜ ਇਥੇ ਦੱਸਿਆ ਹੈ ਕਿ ਪਿ੍ਰੰ. ਰਾਵਤ ਅਤੇ ਕੁਲਦੀਪ ਸੋਨੀ ਨੂੰ ਪਿਛਲੇ ਮਹੀਨੇ 28 ਮਾਰਚ ਨੂੰ ਨਿੱਜੀ ਪੇਸ਼ੀ ਲਈ ਬੁਲਾ ਕੇ ਆਪਣੇ ਪੱਖ ਰੱਖਣ ਦਾ ਆਖਰੀ ਮੌਕਾ ਦਿਤਾ ਗਿਆ। ਪ੍ਰੰਤੂ ਦੋਸ਼ੀ ਕੋਈ ਤਸੱਲੀ ਬਖਸ਼ ਜਵਾਬ ਨਾ ਦੇ ਸਕੇ। ਯੂਨੀਵਰਸਿਟੀ ਨੇ ਆਪਣੇ ਪੱਤਰ ਨੰ: 08 B.F.U.H.S./Estt.-1/2020-882 ਮਿਤੀ 05 ਅਪ੍ਰੈਲ 2020 ਅਨੁਸਾਰ ਪਿ੍ਰੰ. ਰਾਵਤ ਦੀਆਂ ਸੇਵਾਵਾਂ ਸਮਾਪਤ ਕਰਕੇ ਨੌਕਰੀ ਤੋਂ ਕੱਢ ਦਿੱਤਾ। ਇਸੇ ਤਰਾਂ ਪੱਤਰ ਨੰ: 08-B.F.U.H.S./Estt.-I/2022-6072 ਮਿਤੀ 05 ਅਪ੍ਰੈਲ 2022 ਅਨੁਸਾਰ ਉਸ ਵੇਲੇ ਦੀ ਐਸ.ਐਨ.ਏ. ਫੰਡ ਐਡਵਾਈਜਰ ਕੁਲਦੀਪ ਸੋਨੀ ਦੀ ਭਵਿਖ ਵਿਚ ਹਰ ਤਰਾਂ ਦੀ ਪ੍ਰਮੋਸ਼ਨ ’ਤੇ ਰੋਕ ਲਾ ਦਿੱਤੀ ਹੈ, ਮੰਚ ਪ੍ਰਧਾਨ ਢੋਸੀਵਾਲ ਨੇ ਯੂਨੀਵਰਸਿਟੀ ਤੋਂ ਮੰਗ ਕੀਤੀ ਹੈ ਕਿ ਅਣਅਧਿਕਾਰਤ ਤਰੀਕੇ ਨਾਲ ਬੈਂਕ ਅਕਾਉਂਡ ਬੰਦ ਕਰਵਾਉਣ ਵਾਲੀ ਯੂਕੋਨ ਦੀ ਆਫੀਸ਼ੀਏਟਿੰਗ ਪਿ੍ਰੰ. ਭੂਪਿੰਦਰ ਕੌਰ ਵਿਰੁੱਧ ਵੀ ਜਲਦ ਕਾਰਵਾਈ ਕੀਤੀ ਜਾਵੇ।
ਫੋਟੋ ਕੈਪਸ਼ਨ : ਨੌਕਰੀ ਤੋਂ ਕੱਢੇ ਗਏ ਪਿ੍ਰੰ. ਰਾਵਤ।