ਪੰਜਾਬ ਵਿਧਾਨ ਸਭਾ ਸਪੀਕਰ ਨੂੰ ਵਾਤਾਵਰਨ ਦੇ ਮੁੱਦੇ ’ਤੇ ਵਿਸ਼ੇਸ ਇਜਲਾਸ ਸੱਦਣ ਦੀ ਕੀਤੀ ਮੰਗ
ਵਾਤਾਵਰਣ ਦੀ ਤਬਾਹੀ ਰੋਕਣ ਲਈ ਕਮੇਟੀ ਬਣਾਏ ਜਾਣ ਦਾ ਦਿੱਤਾ ਸੁਝਾਅ
ਕੋਟਕਪੂਰਾ, 9 ਅਪੈ੍ਰਲ :- ਪੰਜਾਬ ਦੇ ਵਾਤਾਵਰਣ ਪ੍ਰੇਮੀ, ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਨਾਲ ਜੁੜੀਆਂ ਵੱਖ-ਵੱਖ ਸ਼ਖਸ਼ੀਅਤਾਂ ਵਲੋਂ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਨੂੰ ਚੰੜੀਗੜ ਵਿਖੇ ਇੱਕ ਸਮਾਗਮ ਦੌਰਾਨ ਮਿਲ ਕੇ ਵਾਤਾਵਰਣ ਦੇ ਮੁੱਦੇ ’ਤੇ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸੱਦਣ ਦੀ ਮੰਗ ਕੀਤੀ ਗਈ। ਮੰਗ ਪੱਤਰ ਮੁਤਾਬਿਕ ਸਾਡਾ ਪਿਆਰਾ ਸੂਬਾ ਪੰਜਾਬ ਵਾਤਾਵਰਣ ਦੇ ਗੰਭੀਰ ਸੰਕਟ ਨਾਲ ਜੂਝ ਰਿਹਾ ਹੈ। ਸਾਡੇ ਧਰਤੀ ਹੇਠਲੇ ਪਾਣੀ, ਸਤਾ ਦੇ ਪਾਣੀ ਅਤੇ ਦਰਿਆ, ਹਵਾ ਦੀ ਗੁਣਵੱਤਾ, ਜੰਗਲਾਂ ਅਤੇ ਮਿੱਟੀ ਨਾਲ ਸਬੰਧਤ ਮੁੱਦਿਆਂ ਸਮੇਤ ਵਾਤਾਵਰਣ ਦੇ ਸਾਰੇ ਪਹਿਲੂਆਂ ਵੱਲ ਪਿਛਲੇ ਕੁਝ ਦਹਾਕਿਆਂ ’ਚ ਬਹੁਤ ਘੱਟ ਧਿਆਨ ਦਿੱਤਾ ਗਿਆ ਹੈ। ਹੁਣ ਤੱਕ ਰਾਜ ਕਰਦੀਆਂ ਰਹੀਆਂ ਸਰਕਾਰਾਂ ਤੋਂ ਹਤਾਸ਼ ਹੋਏ ਵੋਟਰਾਂ ਵਲੋਂ ਇਸ ਵਾਰ ਆਮ ਆਦਮੀ ਪਾਰਟੀ ਨੂੰ ਇਤਿਹਾਸਿਕ ਫਤਵਾ ਮਿਲਿਆ ਹੈ। ਇਹ ਵੱਡਾ ਫਤਵਾ ਉਮੀਦ ਦਾ ਪ੍ਰਗਟਾਵਾ ਵੀ ਹੈ ਅਤੇ ਮੌਜੂਦਾ ਵਿਧਾਇਕਾਂ ਦੇ ਮੋਢਿਆਂ ’ਤੇ ਵੱਡੀ ਜਿੰਮੇਵਾਰੀ ਵੀ। ਇਹ ਸਪੱਸ਼ਟ ਸੰਦੇਸ਼ ਹੈ ਕਿ ਲੋਕ ਸਾਡੀਆਂ ਲੋਕਤੰਤਰਿਕ ਸੰਸਥਾਵਾਂ, ਜਿਨਾਂ ’ਚ ਸਰਕਾਰ, ਵਿਰੋਧੀ ਧਿਰ ਅਤੇ ਰਾਜ ਵਿਧਾਨ ਸਭਾ ਸ਼ਾਮਲ ਹਨ, ਤੋਂ ਇਹ ਉਮੀਦ ਕਰਦੇ ਹਨ ਕਿ ਉਹ ਨਿੱਜੀ ਹਿੱਤਾਂ ਲਈ ਨਹੀਂ, ਜਨਤਕ ਹਿੱਤ ’ਚ ਕੰਮ ਕਰਨ। ਮੰਗ ਪੱਤਰ ’ਚ ਧਰਤੀ ਹੇਠਲੇ ਪਾਣੀ ਦਾ ਘਟਣਾ, ਦਰਿਆਵਾਂ ’ਚ ਪੈਂਦਾ ਗੰਦਾ ਪਾਣੀ, ਪ੍ਰਦੂਸ਼ਿਤ ਹਵਾ ਅਤੇ ਪਾਣੀ ਨਾਲ ਪੈਦਾ ਹੋ ਰਹੀਆਂ ਭਿਆਨਕ ਬਿਮਾਰੀਆਂ, ਘੱਟ ਰਹੀ ਰੁੱਖਾਂ ਦੀ ਸੰਖਿਆ, ਮਿੱਟੀ ਦੀ ਸਿਹਤ ਸੁਧਾਰ ਕਰਕੇ ਸ਼ੁੱਧ ਅਨਾਜ ਪੈਦਾ ਕਰਨ, ਸ਼ਹਿਰਾਂ ’ਚ ਕੂੜੇ ਦੀ ਸਮੱਸਿਆ ਹੱਲ ਕਰਨ ਅਤੇ ਬਿਮਾਰ ਹੋ ਚੁੱਕੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਸਿਹਤਯਾਬੀ ਲਈ ਯਤਨ ਕਰਨ ਦੇ ਸੁਝਾਅ ਦਿੱਤੇ ਗਏ। ਪੱਤਰ ’ਚ ਇਹ ਵੀ ਕਿਹਾ ਗਿਆ ਕਿ ਅਸੀਂ ਤੁਹਾਨੂੰ ਰਾਜ ਦੇ ਉਪਰੋਕਤ ਸਾਰੇ ਵਾਤਾਵਰਨ ਪਹਿਲੂਆਂ ਦੀ ਘੋਖ ਕਰਨ ਲਈ ਵਿਧਾਨ ਸਭਾ ਦੀ ਇੱਕ ਢੁੱਕਵੀਂ ਕਮੇਟੀ ਬਣਾਉਣ ਦੀ ਵੀ ਬੇਨਤੀ ਕਰਦੇ ਹਾਂ। ਉਕਤ ਪੱਤਰ ਸੋਂਪਣ ਮੌਕੇ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖਤ ਦਮਦਮਾ ਸਾਹਿਬ, ਗੁਰਪ੍ਰੀਤ ਸਿੰਘ ਚੰਦਬਾਜਾ, ਪ੍ਰਧਾਨ ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ, ਕਨਵੀਨਰ ਨਰੋਆ ਪੰਜਾਬ ਮੰਚ ਮੈਂਬਰ ਪੰਜਾਬ ਵਾਤਾਵਰਨ ਚੇਤਨਾ ਲਹਿਰ, ਉਮੇਂਦਰ ਦੱਤ ਨਿਰਦੇਸ਼ਕ ਖੇਤੀ ਵਿਰਾਸਤ ਮਿਸ਼ਨ, ਗੁਰਚਰਨ ਸਿੰਘ ਨੂਰਪੁਰ ਸਾਹਿਤਕਾਰ ਅਤੇ ਮੈਂਬਰ ਪੰਜਾਬ ਵਾਤਾਵਰਨ ਚੇਤਨਾ ਲਹਿਰ, ਜਸਕੀਰਤ ਸਿੰਘ ਮੈਂਬਰ ਪਬਲਿਕ ਐਕਸ਼ਨ ਕਮੇਟੀ ਸਤਲੁਜ ਅਤੇ ਮੱਤੇਵਾੜਾ, ਡਾ. ਦੇਵਿੰਦਰ ਸੈਫ਼ੀ ਮੈਂਬਰ ਨਰੋਆ ਪੰਜਾਬ ਮੰਚ ਆਦਿ ਵੀ ਹਾਜਰ ਸਨ।